ਸਰਕਾਰੀ ਹਸਪਤਾਲ ''ਚ ਕੀਮਤੀ ਜਾਨਾਂ ਨਾਲ ਹੋ ਰਿਹਾ ਖਿਲਵਾੜ

Monday, Aug 14, 2017 - 05:07 AM (IST)

ਸਰਕਾਰੀ ਹਸਪਤਾਲ ''ਚ ਕੀਮਤੀ ਜਾਨਾਂ ਨਾਲ ਹੋ ਰਿਹਾ ਖਿਲਵਾੜ

ਅੰਮ੍ਰਿਤਸਰ,   (ਦਲਜੀਤ ਸ਼ਰਮਾ)-  ਸਿਵਲ ਹਸਪਤਾਲ 'ਚ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਨਾਲ ਸ਼ਰੇਆਮ ਖਿਲਵਾੜ ਹੋ ਰਿਹਾ ਹੈ। ਹਸਪਤਾਲ ਵਿਚ ਰੇਡੀਓਲਾਜਿਸਟ ਦੇ ਅਹੁਦੇ 'ਤੇ ਤਾਇਨਾਤ ਸਾਬਕਾ ਸਿਵਲ ਸਰਜਨ ਮਰੀਜ਼ਾਂ ਨੂੰ ਗਲਤ ਅਲਟਰਾਸਾਊਂਡ ਰਿਪੋਰਟਾਂ ਦੇ ਕੇ ਮੌਤ ਦੇ ਮੂੰਹ ਵਿਚ ਧੱਕ ਰਹੇ ਹਨ। ਸੀਨੀਅਰ ਅਧਿਕਾਰੀ ਵੱਲੋਂ ਜਾਰੀ ਰਿਪੋਰਟ ਤੋਂ ਬਾਅਦ ਵਿਭਾਗ ਤੇ ਸੰਬੰਧਿਤ ਅਧਿਕਾਰੀ ਦੀ ਕਾਰਜਸ਼ੈਲੀ 'ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਆਰ. ਟੀ. ਆਈ. ਐਕਟੀਵਿਸਟ ਜੈ ਗੋਪਾਲ ਲਾਲੀ ਤੇ ਸਮਾਜ ਸੇਵਕ ਸੁਧੀਰ ਸੂਰੀ ਨੇ ਇਸ ਸਬੰਧੀ ਸਿਹਤ ਮੰਤਰੀ ਨੂੰ ਸ਼ਿਕਾਇਤ ਕਰਦਿਆਂ ਅਧਿਕਾਰੀ ਦੇ ਦਸਤਾਵੇਜ਼ਾਂ ਦੀ ਜਾਂਚ ਦੀ ਮੰਗ ਕੀਤੀ ਹੈ।
ਲਾਲੀ ਤੇ ਸੂਰੀ ਨੇ ਦੱਸਿਆ ਕਿ ਮਰੀਜ਼ ਰਮਨ ਨੂੰ ਕਾਫ਼ੀ ਦਿਨਾਂ ਤੋਂ ਪੇਟ ਦੇ ਇਕ ਪਾਸੇ ਦਰਦ ਹੋ ਰਿਹਾ ਸੀ, ਮਰੀਜ਼ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ 'ਤੇ ਉਹ ਉਸ ਨੂੰ ਲੈ ਕੇ 8 ਅਗਸਤ ਨੂੰ ਸਿਵਲ ਹਸਪਤਾਲ ਆਏ। ਡਾਕਟਰ ਵੱਲੋਂ ਮਰੀਜ਼ ਦਾ ਚੈੱਕਅਪ ਕਰਨ ਦੇ ਉਪਰੰਤ ਅਲਟਰਾਸਾਊਂਡ ਕਰਵਾਉਣ ਲਈ ਕਿਹਾ ਗਿਆ। ਸਿਵਲ ਹਸਪਤਾਲ 'ਚ ਰੇਡੀਓਲਾਜਿਸਟ ਦੇ ਅਹੁਦੇ 'ਤੇ ਤਾਇਨਾਤ ਸਾਬਕਾ ਸਿਵਲ ਸਰਜਨ ਡਾ. ਮਹਿੰਦਰ ਸਿੰਘ ਜੱਸਲ ਵੱਲੋਂ ਮਰੀਜ਼ ਦਾ ਅਲਟਰਾਸਾਊਂਡ ਕੀਤਾ ਗਿਆ, ਜਿਸ ਵਿਚ ਕਿਤੇ ਵੀ ਨਾ ਤਾਂ ਪੱਥਰੀ ਤੇ ਨਾ ਕਿਸੇ ਗੰਭੀਰ ਬੀਮਾਰੀ ਸਬੰਧੀ ਵਿਖਾਇਆ ਗਿਆ। ਮੈਡੀਸਨ ਦੇ ਡਾਕਟਰ ਨੇ ਡਾ. ਜੱਸਲ ਵੱਲੋਂ ਭੇਜੀ ਰਿਪੋਰਟ ਜਾਂਚਣ ਉਪਰੰਤ ਮਰੀਜ਼ ਨੂੰ ਪੇਟ ਦਰਦ ਦੀ ਦਵਾਈ ਦੇ ਕੇ ਘਰ ਭੇਜ ਦਿੱਤਾ। ਮਰੀਜ਼ ਦਾ ਦਰਦ ਘੱਟ ਨਹੀਂ ਹੋਇਆ ਤੇ 2 ਦਿਨ ਉਸ ਦੀ ਹਾਲਤ ਖ਼ਰਾਬ ਰਹੀ ਤੇ ਉਹ ਦਰਦ ਨਾਲ ਤੜਪਦਾ ਰਿਹਾ।
ਲਾਲੀ ਤੇ ਸੂਰੀ ਨੇ ਦੱਸਿਆ ਕਿ ਮਰੀਜ਼ ਦਾ ਜਦੋਂ ਦੁਬਾਰਾ ਅਲਟਰਾਸਾਊਂਡ 2 ਨਿੱਜੀ ਸੈਂਟਰਾਂ ਤੋਂ ਕਰਵਾਇਆ ਗਿਆ ਤਾਂ ਉਸ ਦੀ ਮੂਤਰ ਨਲੀ ਅਤੇ ਗੁਰਦੇ 'ਚ ਪੱਥਰੀ ਹੋਣ ਦੀ ਪੁਸ਼ਟੀ ਹੋਈ। ਉਨ੍ਹਾਂ ਦੱਸਿਆ ਕਿ ਡਾਕਟਰ ਵੱਲੋਂ ਗਲਤ ਰਿਪੋਰਟ ਦੇਣ ਕਾਰਨ ਮਰੀਜ਼ ਕਈ ਦਿਨ ਦਰਦ ਨਾਲ ਤੜਪਦਾ ਰਿਹਾ, ਜਦੋਂ ਉਨ੍ਹਾਂ ਨੇ ਇਸ ਸਬੰਧੀ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਮਾਮਲੇ ਤੋਂ ਪੱਲਾ ਝਾੜ ਦਿੱਤਾ। ਵਿਭਾਗ ਵੱਲੋਂ ਉਕਤ ਡਾਕਟਰ ਨੂੰ ਸਿਵਲ ਸਰਜਨ ਅਹੁਦੇ ਤੋਂ ਸੇਵਾਮੁਕਤੀ ਦੇ ਬਾਅਦ 200 ਰੁਪਏ ਪ੍ਰਤੀ ਅਲਟਰਾਸਾਊਂਡ ਦੇ ਹਿਸਾਬ ਨਾਲ ਕਾਂਟ੍ਰੈਕਟ 'ਤੇ ਰੱਖਿਆ ਗਿਆ ਹੈ।
ਵਿਭਾਗ ਦੀ ਕਾਰਜਸ਼ੈਲੀ 'ਤੇ ਪ੍ਰਸ਼ਨ ਖੜ੍ਹਾ ਹੁੰਦਾ ਹੈ ਕਿ ਆਖਿਰ ਕਿਨ੍ਹਾਂ ਦਸਤਾਵੇਜ਼ਾਂ ਨਾਲ ਡਾ. ਜੱਸਲ ਨੇ ਸਰਕਾਰੀ ਨੌਕਰੀ ਪ੍ਰਾਪਤ ਕੀਤੀ ਅਤੇ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੂੰ ਨਿਯੁਕਤ ਕਰਦੇ ਸਮੇਂ ਵਿਭਾਗ ਨੇ ਕਿਹੜੇ ਮਾਪਦੰਡ ਅਪਣਾਏ। ਲਾਲੀ ਤੇ ਸੂਰੀ ਨੇ ਕਿਹਾ ਕਿ ਗਲਤ ਰਿਪੋਰਟ ਦੇਣ ਵਾਲੇ ਉਕਤ ਡਾਕਟਰ 'ਤੇ ਮਾਮਲਾ ਦਰਜ ਕਰਦੇ ਹੋਏ ਤੁਰੰਤ ਸਰਕਾਰੀ ਸੇਵਾਵਾਂ ਤੋਂ ਮੁਅੱਤਲ ਕੀਤਾ ਜਾਵੇ। ਉਨ੍ਹਾਂ ਨੇ ਇਸ ਸਬੰਧੀ ਸਿਹਤ ਮੰਤਰੀ ਅਤੇ ਵਿਭਾਗੀ ਸਕੱਤਰ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਹੈ।
ਕੀ ਕਹਿੰਦੇ ਹਨ ਡਾ. ਜੱਸਲ : ਸਾਬਕਾ ਸਿਵਲ ਸਰਜਨ ਅਤੇ ਰੇਡੀਓਲਾਜਿਸਟ ਡਾ. ਮਹਿੰਦਰ ਸਿੰਘ ਜੱਸਲ ਨਾਲ ਇਸ ਸਬੰਧੀ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪਹਿਲਾਂ ਕਿਹਾ ਕਿ ਮਰੀਜ਼ ਨੂੰ ਦੁਬਾਰਾ ਭੇਜ ਦਿਓ, ਅਲਟਰਾਸਾਊਂਡ ਰਿਪੀਟ ਕਰ ਦੇਵਾਂਗੇ। ਬਾਅਦ ਵਿਚ ਕਹਿਣ ਲੱਗੇ ਕਿ ਜਿਸ ਦਿਨ ਦੀ ਰਿਪੋਰਟ ਸੀ ਉਹ ਉਸ ਦਿਨ ਦੇ ਹੀ ਜ਼ਿੰਮੇਵਾਰ ਹਨ। ਉਸ ਤੋਂ ਬਾਅਦ ਕਿਹਾ ਕਿ ਪ੍ਰਾਈਵੇਟ ਅਤੇ ਸਰਕਾਰੀ ਦੋਵੇਂ ਰਿਪੋਰਟਾਂ ਭੇਜ ਦਿਓ, ਉਹ ਰਿਵਿਊ ਕਰ ਲੈਣਗੇ। ਮਾਮਲੇ ਸਬੰਧੀ ਉਨ੍ਹਾਂ ਨੇ ਸੰਤੁਸ਼ਟੀਜਨਕ ਜਵਾਬ ਨਹੀਂ ਦਿੱਤਾ।
ਕੀ ਕਹਿੰਦੇ ਹਨ ਹਸਪਤਾਲ ਦੇ ਇੰਚਾਰਜ : ਹਸਪਤਾਲ ਦੇ ਇੰਚਾਰਜ ਡਾ. ਚਰਨਜੀਤ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ, ਉਹ ਦੋਵਾਂ ਸੈਂਟਰਾਂ ਦੀਆਂ ਰਿਪੋਟਰਾਂ ਮੰਗਵਾ ਕੇ ਰਿਵਿਊ ਕਰਨਗੇ, ਉਸ ਉਪਰੰਤ ਹੀ ਮਾਮਲੇ ਸਬੰਧੀ ਸੱਚਾਈ ਪੇਸ਼ ਕਰ ਸਕਣਗੇ।


Related News