ਖੇਡ ਰਤਨ ਪੰਜਾਬ ਦੇ : ਏਸ਼ੀਆ ਦੀ ਜਰਨੈਲੀ ਕਰਨ ਵਾਲਾ ਜਾਂਬਾਜ਼ ਫੁਟਬਾਲਰ ‘ਜਰਨੈਲ ਸਿੰਘ’
Sunday, May 24, 2020 - 03:35 PM (IST)
ਆਰਟੀਕਲ-7
ਨਵਦੀਪ ਸਿੰਘ ਗਿੱਲ
ਫੁਟਬਾਲ ਦੀ ਦੁਨੀਆਂ ਵਿੱਚ ਜਰਨੈਲ ਸਿੰਘ ਦਾ ਜਲਵਾ ਸਿਖਰਾਂ 'ਤੇ ਰਿਹਾ। ਜਰਨੈਲ ਦਾ ਜਨਮ ਹੀ ਫੁਟਬਾਲ ਖੇਡਣ ਲਈ ਹੋਇਆ ਸੀ। ਜੱਗ ਵਿੱਚ ਜੋ ਜੱਸ ਜਰਨੈਲ ਨੇ ਖੱਟਿਆ, ਉਹ ਕਿਸੇ ਹੋਰ ਫੁਟਬਾਲਰ ਦੇ ਹਿੱਸੇ ਨਹੀਂ ਆਇਆ। ਜਰਨੈਲ ਦੀ ਜ਼ੋਰਦਾਰ ਕਿੱਕ ਵੱਡੇ ਫਾਰਵਰਡਾਂ ਨੂੰ ਭਾਰਤੀ ਗੋਲਾਂ ਦੇ ਨੇੜੇ ਨਹੀਂ ਲੱਗਣ ਦਿੰਦੀ ਸੀ। ਆਲਮੀ ਫੁਟਬਾਲ ਦੇ ਸਭ ਤੋਂ ਵੱਡੇ ਫੁੱਲਬੈਕਾਂ ਵਿੱਚ ਉਸ ਦਾ ਨਾਮ ਆਉਂਦਾ ਹੈ। ਏਸ਼ੀਅਨ ਫੁਟਬਾਲ ਦਾ ਉਹ ਸਭ ਤੋਂ ਤਕੜਾ ਫੁੱਲਬੈਕ ਹੋਇਆ। ਆਪਣੇ ਦੌਰ ਵਿੱਚ ਉਸ ਨੇ ਵਿਸ਼ਵ ਦੇ ਮੰਨੇ ਪ੍ਰਮੰਨੇ ਸਟਰਾਈਕਰਾਂ ਨੂੰ ਡੱਕੀ ਰੱਖਿਆ। ਫੀਫਾ ਦੀ ਵਿਸ਼ਵ ਇਲੈਵਨ ਵਿੱਚ ਚੁਣਿਆ ਜਾਣ ਵਾਲਾ ਉਹ ਇਕਲੌਤਾ ਏਸ਼ੀਅਨ ਡਿਫੈਂਡਰ ਸੀ। ਜਰਨੈਲ ਸਿੰਘ ਨੇ ਏਸ਼ੀਅਨ ਆਲ ਸਟਾਰ ਦੀ ਦੋ ਵਾਰ ਕਪਤਾਨੀ ਕੀਤੀ। ਤਿੰਨ ਸਾਲ ਭਾਰਤ ਦੀ ਕਪਤਾਨੀ ਕੀਤੀ। ਭਾਰਤ ਨੂੰ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਮਗਾ ਜਿਤਾਇਆ। ਏਸ਼ਿਆਈ ਖੇਡਾਂ ਵਿੱਚ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਰਿਹਾ। ਫੀਫਾ ਦੇ ਪ੍ਰਧਾਨ ਨੇ ਇਕ ਵਾਰ ਕਿਹਾ ਸੀ ਕਿ ਜਰਨੈਲ ਜਿਹਾ ਖਿਡਾਰੀ ਕਿਸੇ ਵੀ ਦੇਸ਼ ਚਲਾ ਜਾਵੇ, ਚਾਹੇ ਉਹ ਬਰਾਜ਼ੀਲ, ਅਰਜਨਟਾਈਨਾ, ਜਰਮਨੀ, ਫਰਾਂਸ ਜਾਂ ਫੇਰ ਇਟਲੀ ਹੋਵੋ, ਹਰ ਟੀਮ ਲਈ ਉਹ ਪਹਿਲੀ ਪਸੰਦ ਹੋਵੇਗਾ।
ਇਸੇ ਲਈ ਜਰਨੈਲ ਸਿੰਘ ਬਾਰੇ ਕਹਿੰਦੇ ਹਨ ਕਿ ਜੇਕਰ ਉਹ ਫੁਟਬਾਲ ਦੀ ਖੇਡ ਵਿੱਚ ਹੇਠਲੀ ਰੈਂਕਿੰਗ ਵਾਲੇ ਮੁਲਕ ਭਾਰਤ ਦੀ ਬਜਾਏ ਫੁਟਬਾਲ ਪਾਵਰ ਹਾਊਸ ਵਾਲੇ ਲਾਤੀਨੀ ਅਮਰੀਕੀ ਜਾਂ ਯੂਰੋਪੀਅਨ ਮੁਲਕਾਂ ਵਿੱਚ ਪੈਦਾ ਹੋਇਆ ਹੁੰਦਾ ਤਾਂ ਉਸ ਦੇ ਝੋਲੀ ਕਈ ਫੀਫਾ ਵਿਸ਼ਵ ਕੱਪ ਵੀ ਹੁੰਦੇ। ਦੂਜੇ ਪਾਸ ਭਾਰਤੀ ਫੁਟਬਾਲ ਪ੍ਰੇਮੀ ਇਸ ਗੱਲੋਂ ਸੁਭਾਗੇ ਮਹਿਸੂਸ ਕਰਦੇ ਹਨ ਕਿ ਜਰਨੈਲ ਸਦਕਾ ਹੀ ਭਾਰਤ ਨੇ ਸੱਠਵਿਆਂ ਵਿੱਚ ਫੁਟਬਾਲ ਦਾ ਸੁਨਹਿਰੀ ਸਮਾਂ ਦੇਖਿਆ। ਜਰਨੈਲ ਨੂੰ ਜਾਣਨ ਵਾਲੇ ਉਸ ਦੀ ਤੁਲਨਾ ਵਿਸ਼ਵ ਫੁਟਬਾਲ ਦੇ ਵੱਡੇ ਖਿਡਾਰੀਆਂ ਨਾਲ ਕਰਦੇ ਹਨ। ਬਰਾਜ਼ੀਲ ਫੁਟਬਾਲ ਦਾ ਸਭ ਤੋਂ ਤਕੜਾ ਡਿਫੈਂਡਰ ਰੋਬਾਰਟੋ ਕਾਰਲਸ ਜਦੋਂ ਮੈਦਾਨ ਵਿੱਚ ਖੇਡਦਾ ਸੀ ਤਾਂ ਜਰਨੈਲ ਨੂੰ ਖੇਡਦਿਆਂ ਦੇਖਣ ਵਾਲੇ ਫੁਟਬਾਲ ਪ੍ਰੇਮੀ ਕਾਰਲਸ ਵਿੱਚ ਜਰਨੈਲ ਨੂੰ ਦੇਖਦੇ ਸਨ। ਯੂਰੋਪੀਅਨ ਫੁਟਬਾਲ ਨੂੰ ਫੀਡਿੰਗ ਕਰਨ ਵਾਲੇ ਅਫਰੀਕੀ ਮੁਲਕਾਂ ਵਿੱਚ ਜਦੋਂ ਜਰਨੈਲ ਸਿੰਘ ਖੇਡਣ ਗਿਆ ਤਾਂ ਉਸ ਨੂੰ 'ਸ਼ੀਬਾ' ਕਹਿ ਕੇ ਪੁਕਾਰਿਆ, ਜਿਸ ਦਾ ਅਰਥ ਸ਼ੇਰ ਹੁੰਦਾ। ਪਨਾਮ ਵਾਸੀ ਉਸ ਨੂੰ ਫੁਟਬਾਲ ਦਾ ਬਾਬਾ ਬੋਹੜ ਆਖਦੇ।
ਜਰਨੈਲ ਸਿੰਘ ਨੇ ਫੁਟਬਾਲ ਖੇਡ ਵਿੱਚ ਸਰਦਾਰਾਂ ਦੀ ਵੀ ਲਾਜ ਪੱਖੀ। ਪੈਰਾਂ ਤੇ ਸਿਰ ਦੇ ਤਾਲਮੇਲ ਵਾਲੀ ਇਸ ਖੇਡ ਵਿੱਚ ਜੂੜ੍ਹੇ ਨਾਲ ਖੇਡਦਿਆਂ ਉਸ ਨੇ ਬਹੁਤ ਨਾਮਣਾ ਖੱਟਿਆ। ਉਸ ਤੋਂ ਵਧੀਆ ਕੋਈ ਹੈਡਰ ਨਹੀਂ ਲਗਾ ਸਕਦਾ ਸੀ। ਏਸ਼ਿਆਈ ਖੇਡਾਂ ਵਿੱਚ ਸਿਰ ਵਿੱਚ ਸੱਟ ਵੱਜਣ ਕਾਰਨ ਛੇ ਟਾਂਕੇ ਲੱਗਣ ਦੇ ਬਾਵਜੂਦ ਉਸ ਨੇ ਹੈਡਰ ਨਾਲ ਗੋਲ ਕੀਤਾ। ਭਾਰਤੀ ਫੁਟਬਾਲ ਦਾ ਇਹ ਸਭ ਤੋਂ ਵੱਡਾ ਫੁਟਬਾਲਰ ਬੰਗਾਲੀਆਂ ਦਾ ਸਭ ਤੋਂ ਚਹੇਤਾ ਖਿਡਾਰੀ ਰਿਹਾ। ਭਾਰਤ ਵਿੱਚ ਫੁਟਬਾਲ ਤੇ ਬੰਗਾਲ ਇਕ ਦੂਜੇ ਦੇ ਪੂਰਕ ਹਨ। ਬੰਗਾਲੀ ਫੁਟਬਾਲ ਨੂੰ ਅੰਤਾਂ ਦਾ ਮੋਹ ਕਰਦੇ ਹਨ ਅਤੇ ਫੁਟਬਾਲਰਾਂ ਦੇ ਸਭ ਤੋਂ ਵੱਡੇ ਕਦਰਦਾਨ। ਦੇਸ਼ ਦੇ ਚੋਟੀ ਦੇ ਫੁਟਬਾਲ ਕਲੱਬ ਮੋਹਨ ਬਗਾਨ ਵੱਲੋਂ ਜਰਨੈਲ ਸਿੰਘ 10 ਸਾਲ ਖੇਡਿਆ। ਕਲੱਬ ਨੇ ਵੀ ਉਸ ਨੂੰ ਦੇਸ਼ ਦਾ ਸਭ ਤੋਂ ਮਹਿੰਗਾ ਖਿਡਾਰੀ ਬਣਾਇਆ। ਭਾਰਤ ਸਰਕਾਰ ਨੇ ਜੇ ਉਸ ਨੂੰ ਅਰਜੁਨਾ ਐਵਾਰਡ ਨਾਲ ਸਨਮਾਨਿਆ ਤਾਂ ਮੋਹਨ ਬਗਾਨ ਨੇ ਵੀ ਮੋਹਨ ਬਗਾਨ ਰਤਨ ਨਾਲ ਨਿਵਾਜਿਆ। ਉਸ ਦੀ ਮੌਤ 'ਤੇ ਪੰਜਾਬੀਆਂ ਨਾਲੋਂ ਵੱਧ ਬੰਗਾਲੀ ਰੋਏ। ਜਰਨੈਲ ਦੀ ਮੌਤ 'ਤੇ ਬੰਗਾਲੀਆਂ ਦਾ ਵੈਰਾਪ ਦੱਸ ਰਿਹਾ ਸੀ ਕਿ ਬੰਗਾਲ ਲਈ ਜਰਨੈਲ ਦਾ ਕਿੱਡਾ ਵੱਡਾ ਰੁਤਬਾ ਸੀ।
ਜਰਨੈਲ ਸਿੰਘ ਵੀ ਕਹਿੰਦਾ ਹੁੰਦਾ ਸੀ, ''ਮੈਨੂੰ ਚੱਜ ਆਹਾਰ ਬੰਗਾਲੀਆਂ ਨੇ ਸਿਖਾਇਆ।'' ਅੱਗਿਓ ਬੰਗਾਲੀ ਕਹਿੰਦੇ, ''ਸਾਨੂੰ ਫੁਟਬਾਲ ਜਰਨੈਲ ਸਿੰਘ ਨੇ ਸਿਖਾਈ।'' ਜਰਨੈਲ ਸਿੰਘ ਜਦੋਂ ਬੰਗਾਲ ਛੱਡ ਕੇ ਪੰਜਾਬ ਆਇਆ ਤਾਂ ਆਪਣੀ ਜਨਮ ਭੂਮੀ ਲਈ ਵੀ ਜਲਵਾ ਦਿਖਾਇਆ। ਪੰਜਾਬ ਨੇ ਕੌਮੀ ਫੁਟਬਾਲ ਦਾ ਸਭ ਤੋਂ ਵੱਡਾ ਟੂਰਨਾਮੈਂਟ ਸੰਤੋਸ਼ ਟਰਾਫੀ ਜਰਨੈਲ ਸਿੰਘ ਦੇ ਆਉਣ ਤੋਂ ਬਾਅਦ ਹੀ ਜਿੱਤਿਆ। ਪੰਜਾਬ ਨੂੰ ਦੂਜੀ ਵਾਰ ਸੰਤੋਸ਼ ਟਰਾਫੀ ਜਰਨੈਲ ਨੇ ਆਪਣੀ ਕੋਚਿੰਗ ਵਿੱਚ ਜਿਤਾਈ। ਫੁਟਬਾਲ ਦੇ ਮੱਕਾ ਕਹੇ ਜਾਂਦੇ ਮਾਹਿਲਪੁਰ ਇਲਾਕੇ ਨੂੰ ਪਹਿਲੀ ਵਾਰ ਕੌਮਾਂਤਰੀ ਹਲਕਿਆਂ ਵਿੱਚ ਜਰਨੈਲ ਨੇ ਹੀ ਪਛਾਣ ਦਿਵਾਈ ਸੀ। ਜਰਨੈਲ ਨੇ ਹੀ ਮਾਹਿਲਪੁਰ ਨੂੰ ਫੁਟਬਾਲ ਦੀ ਜਰਖੇਜ਼ ਭੂਮੀ ਬਣਾਇਆ। ਇਸ ਨੂੰ ਅੱਗੇ ਜਾ ਕੇ ਇੰਦਰ ਸਿੰਘ, ਗੁਰਦੇਵ ਸਿੰਘ ਗਿੱਲ ਜਿਹੇ ਫੁਟਬਾਲਰਾਂ ਨੇ ਸਿੰਜਿਆ। ਜਰਨੈਲ ਸਿੰਘ ਨੇ ਪੰਜਾਬ ਦੇ ਖੇਡ ਵਿਭਾਗ ਵਿੱਚ ਖੇਡ ਅਫਸਰ ਤੋਂ ਲੈ ਕੇ ਕਾਰਜਕਾਰੀ ਡਾਇਰੈਕਟਰ ਤੱਕ ਸਫਰ ਤੈਅ ਕੀਤਾ।
ਜਰਨੈਲ ਸਿੰਘ ਦਾ ਜੀਵਨ ਦੇਖੀਏ ਤਾਂ ਉਸ ਦੇ ਵੱਖ-ਵੱਖ ਪਹਿਲੂਆਂ ਦੀ ਭਾਰਤ ਦੇ ਕਈ ਮਹਾਨ ਖਿਡਾਰੀਆਂ ਨਾਲ ਤੁਲਨਾ ਕੀਤੀ ਜਾਂਦੀ ਹੈ। ਬਚਪਨ ਉਸ ਦਾ ਮਿਲਖਾ ਸਿੰਘ ਵਾਂਗ ਗੁਜ਼ਰਿਆ। ਸੰਤਾਲੀ ਦੀ ਵੰਡ ਤੋਂ ਬਾਅਦ ਉਹ ਪਾਕਿਸਤਾਨ ਤੋਂ ਮਸਾਂ ਬਚਦਾ ਬਚਾਉਂਦਾ ਭਾਰਤ ਪੁੱਜਿਆ। ਖੁਰਾਕ ਉਸ ਦੀ ਅਥਲੀਟ ਪਰਵੀਨ ਕੁਮਾਰ ਜਿੰਨੀ ਸੀ। ਪਰਵੀਨ ਵਾਂਗ ਹੀ ਉਸ ਦਾ ਕਿਰਦਾਰ ਇੰਨਾ ਵੱਡਾ ਤੇ ਸੱਚਾ-ਸੁੱਚਾ ਸੀ ਕਿ ਉਹ ਕਦੇ ਵੀ ਬੰਗਾਲੀ ਹੁਸੀਨਾਵਾਂ ਦੇ ਚੱਕਰ ਵਿੱਚ ਨਹੀਂ ਆਇਆ। ਵਿਆਹ ਉਸ ਦਾ ਦਾਰਾ ਸਿੰਘ ਵਾਂਗ ਨਿਆਣੀ ਉਮਰੇ ਹੋ ਗਿਆ। ਸਿਰੜੀ ਉਹ ਹਾਕੀ ਵਾਲੇ ਬਲਬੀਰ ਸਿੰਘ ਸੀਨੀਅਰ ਵਰਗਾ ਸੀ। ਬਲਬੀਰ ਸਿੰਘ ਨੇ ਟੁੱਟੀ ਉਂਗਲ ਨਾਲ ਖੇਡਦਿਆਂ ਭਾਰਤ ਨੂੰ ਹਾਕੀ ਵਿੱਚ ਓਲੰਪਿਕ ਚੈਂਪੀਅਨ ਬਣਾਇਆ ਅਤੇ ਜਰਨੈਲ ਸਿੰਘ ਨੇ ਸਿਰ ਵਿੱਚ ਟਾਂਕੇ ਲੱਗਣ ਦੇ ਬਾਵਜੂਦ ਗੋਲ ਕਰਕੇ ਫੁਟਬਾਲ ਵਿੱਚ ਭਾਰਤ ਨੂੰ ਏਸ਼ੀਅਨ ਚੈਂਪੀਅਨ ਬਣਾਇਆ। ਕਬੱਡੀ ਵਿੱਚ ਉਹ ਚੰਗੇ ਜਾਫੀ ਵਰਗਾ ਸੀ ਜਿਸ ਨੇ ਪਿੰਡ ਦੀ ਕਬੱਡੀ ਟੀਮ ਵੱਲੋਂ ਖੇਡਦਿਆਂ ਉਸ ਵੇਲੇ ਚੋਟੀ ਦੇ ਰੇਡਰ ਸੰਤੋਖ ਤੋਖੀ ਨੂੰ ਡੱਕਿਆ। ਜਿਸ ਖੇਡ ਵਿਭਾਗ ਦੀ ਡਾਇਰੈਕਟਰੀ ਬਲਬੀਰ ਸਿੰਘ ਸੀਨੀਅਰ, ਕਰਤਾਰ ਸਿੰਘ, ਪਰਗਟ ਸਿੰਘ ਨੇ ਕੀਤੀ ਉਸੇ ਵਿਭਾਗ ਦਾ ਉਹ ਵੀ ਡਾਇਰੈਕਟਰ ਰਿਹਾ।
ਫੁਟਬਾਲ ਤੋਂ ਬਾਅਦ ਖੇਤੀ ਉਸ ਦਾ ਦੂਜਾ ਵੱਡਾ ਸ਼ੌਕ ਸੀ। ਮੋਹਨ ਬਗਾਨ ਦੇ ਮਹਿੰਗੇ ਇਕਰਾਰਾਂ ਨਾਲ ਉਸ ਨੇ ਜ਼ਮੀਨ ਖਰੀਦੀ। ਫੇਰ ਵੱਡੀ ਉਮਰੇ ਸਫਲ ਕਿਸਾਨ ਵੀ ਬਣਿਆ। ਮਾਡਰਨ ਖੇਤੀ ਵਿੱਚ ਉਹਦਾ ਨਾਂ ਅਗਾਂਹਵਧੂ ਕਿਸਾਨਾਂ ਵਿੱਚ ਆਉਂਦਾ ਹੈ। ਇਕੋ ਘਾਟ ਰਹਿ ਗਈ ਉਸ ਵਿੱਚ। ਮਹਾਨ ਮੈਰਾਥਨ ਦੌੜਾਕ ਫੌਜਾ ਸਿੰਘ ਵਾਂਗ ਆਪਣੇ ਜਵਾਨ ਪੁੱਤਰ ਦੇ ਸਦਮੇਂ ਵਿੱਚੋਂ ਨਹੀਂ ਉਭਰ ਸਕਿਆ। ਫੌਜਾ ਸਿੰਘ ਨੇ ਜਵਾਨ ਪੁੱਤ ਦੀ ਮੌਤ ਤੋਂ ਬਾਅਦ ਆਪਣਾ ਆਪ ਦੌੜਨ ਵਾਲੇ ਪਾਸੇ ਲਾ ਦਿੱਤਾ ਪਰ ਜਰਨੈਲ ਸਿੰਘ ਇਥੇ ਮਾਤ ਖਾ ਗਿਆ। ਜਵਾਨ ਪੁੱਤ ਦੀ ਮੌਤ ਦਾ ਉਸ ਨੂੰ ਅਜਿਹਾ ਸਦਮਾ ਲੱਗਿਆ ਕਿ ਫੁਟਬਾਲ ਦੀ ਦੁਨੀਆਂ ਦਾ ਜਰਨੈਲ ਪਰਿਵਾਰ ਦੇ ਦੁੱਖਾਂ ਅੱਗੇ ਢਹਿ-ਢੇਰੀ ਹੋ ਗਿਆ। ਉਸ ਨੇ ਸ਼ਰਾਬ ਨੂੰ ਹੀ ਆਪਣਾ ਸਹਾਰਾ ਬਣਾ ਲਿਆ ਅਤੇ ਅੰਤ ਵੀਹਵੀਂ ਸਦੀ ਦਾ ਮਹਾਨ ਖਿਡਾਰੀ ਇੱਕਵੀਂ ਸਦੇ ਦੇ ਪਹਿਲੇ ਹੀ ਵਰ੍ਹੇ 2000 ਵਿੱਚ 64 ਸਾਲ ਦੀ ਉਮਰੇ ਆਪਣੇ ਲੱਖਾਂ ਪ੍ਰਸੰਸਕਾਂ, ਚਹੇਤਿਆਂ ਨੂੰ ਰੋਂਦੇ ਵਿਲਕਦੇ ਛੱਡ ਕੇ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ।
ਪੜ੍ਹੋ ਇਹ ਵੀ - ਖੇਡ ਰਤਨ ਪੰਜਾਬ ਦੇ-6 : ਭਾਰਤੀ ਗੌਲਫ ਦੀ ਰੂਹ-ਏ-ਰਵਾਂ ‘ਜੀਵ ਮਿਲਖਾ ਸਿੰਘ’
ਪੜ੍ਹੋ ਇਹ ਵੀ - ਖੇਡ ਰਤਨ ਪੰਜਾਬ ਦੇ-5 : ਖੇਡ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ‘ਯੁਵਰਾਜ ਸਿੰਘ’
ਜਰਨੈਲ ਸਿੰਘ ਦਾ ਜਨਮ 1933 ਵਿੱਚ ਲਾਇਲਪੁਰ (ਪਾਕਿਸਤਾਨ) ਇਲਾਕੇ ਦੇ ਚੱਕ 272 ਵਿੱਚ ਹੋਇਆ ਸੀ। ਜਰਨੈਲ ਸਿੰਘ ਦੀ ਜਨਮ ਤਰੀਕ ਵੀ ਹੋਰਨਾਂ ਵੱਡੇ ਖਿਡਾਰੀਆਂ ਵਾਂਗ ਅਸਲੀ ਹੋਰ ਤੇ ਕਾਗਜ਼ਾਂ ਵਿੱਚ ਹੋਰ ਹੈ। ਉਸ ਵੇਲੇ ਕਿਹੜਾ ਰਿਕਾਰਡ ਰੱਖੇ ਜਾਂਦੇ ਸਨ। ਬਜ਼ੁਰਗ ਅੰਦਾਜ਼ੇ ਨਾਲ ਕਹਿ ਦਿੰਦੇ ਸਨ, ''ਹੱਲਿਆ ਵੇਲੇ ਵੱਡਾ ਨਿਆਣਾ ਦਸ-ਬਾਰਾਂ ਵਰ੍ਹਿਆਂ ਦੀ ਸੀ'' ਕਾਗਜ਼ਾਂ ਵਿੱਚ ਜਰਨੈਲ ਸਿੰਘ ਦੀ ਜਨਮ ਤਰੀਕ 20 ਫਰਵਰੀ 1936 ਹੈ। ਉਸ ਦੇ ਪਿਤਾ ਦਾ ਨਾਮ ਉਜਾਗਰ ਸਿੰਘ ਤੇ ਮਾਤਾ ਦਾ ਨਾਮ ਗੁਰਚਰਨ ਕੌਰ ਸੀ। ਜਰਨੈਲ ਦੇ ਛੇ ਭਰਾ ਤੇ ਇਕ ਭੈਣ ਸੀ। ਚੱਕ 41 ਦੇ ਬਾਰ ਖਾਲਸਾ ਹਾਈ ਸਕੂਲ ਵਿਖੇ ਚੌਥੀ ਕਲਾਸ ਵਿੱਚ ਪੜ੍ਹਦਿਆਂ ਨਿੱਕੇ ਜੈਲੇ ਨੇ ਪਹਿਲੀ ਵਾਰ ਫੁਟਬਾਲ ਨੂੰ ਕਿੱਕ ਮਾਰੀ ਸੀ। ਪ੍ਰਿੰਸੀਪਲ ਸਰਵਣ ਸਿੰਘ ਲਿਖਦੇ ਹਨ ਕਿ ਜਰਨੈਲ ਛੋਟਾ ਹੁੰਦਾ ਇਕ ਵਾਰ ਪੈਰ ਦੇ ਅੰਗੂਠੇ ਨੂੰ ਮੂੰਹ ਵਿੱਚ ਪਾਈ ਚੂਸ ਰਿਹਾ ਸੀ। ਕਿਸੇ ਸਾਧੂ-ਸੰਤ ਨੇ ਉਸ ਨੂੰ ਦੇਖ ਕੇ ਕਿਹਾ ਸੀ ਕਿ ਇਹ ਬਾਲ ਵੱਡਾ ਹੋ ਕੇ ਆਪਣੇ ਪੈਰਾਂ ਨਾਲ ਜੱਸ ਖੱਟੇਗਾ। ਜਰਨੈਲ ਸੱਚਮੁੱਚ ਵੱਡਾ ਹੋ ਕੇ ਆਪਣੇ ਪੈਰਾਂ ਨਾਲ ਫੁਟਬਾਲ ਦੀ ਦੁਨੀਆਂ ਵਿੱਚ ਛਾ ਗਿਆ। ਫੁਟਬਾਲ ਵਿੱਚ ਜੋ ਮਾਣ ਅਜੋਕੇ ਮਾਹਿਲਪੁਰ ਨੂੰ ਮਿਲਿਆ ਹੈ, ਵੰਡ ਤੋਂ ਪਹਿਲਾਂ ਉਹੀ ਰੁਤਬਾ ਚੱਕ 272 ਦੇ ਆਸ-ਪਾਸ ਇਲਾਕੇ ਨੂੰ ਮਿਲਦਾ ਸੀ। ਇਹ ਇਲਾਕਾ ਫੁਟਬਾਲ ਦਾ ਗੜ੍ਹ ਸੀ। ਅਸਲ ਵਿੱਚ ਜਰਨੈਲ ਸਿੰਘ ਦੇ ਵੱਡੇ-ਵਡੇਰਿਆਂ ਦਾ ਪਿੰਡ ਹੁਸ਼ਿਆਰੁਪਰ ਦੇ ਇਲਾਕੇ ਵਿੱਚ ਮੁਜਾਰਾ ਡੀਂਗਰੀਆ ਸੀ।
ਚੋਆਂ ਦਾ ਇਲਾਕਾ ਹੋਣ ਕਰਕੇ ਫਸਲਾਂ ਦੀ ਮਾਰ ਕਾਰਨ ਉਸ ਦੇ ਵੱਡੇ-ਵਡੇਰੇ ਲਾਇਲਪੁਰ ਚਲੇ ਗਏ ਸਨ, ਜੋ ਵਾਹੀ ਲਈ ਸਭ ਤੋਂ ਜਰਖੇਜ਼ ਭੂਮੀ ਸੀ। ਜਰਨੈਲ ਸਿੰਘ ਉਸ ਵੇਲੇ ਛੇਵੀਂ ਕਲਾਸ ਵਿੱਚ ਪੜ੍ਹਦਾ ਸੀ, ਜਦੋਂ ਸੰਤਾਲੀ ਦੀ ਵੰਡ ਹੋਈ। ਆਜ਼ਾਦੀ ਕਾਹਦੀ ਮਿਲੀ, ਰੈਡ ਕਲਿੱਫ ਦੀ ਲਾਈਨ ਨੇ ਪੰਜ ਦਰਿਆਵਾਂ ਦੀ ਧਰਤੀ ਨੂੰ ਢਾਈ-ਢਾਈ ਦਰਿਆਵਾਂ ਵਿਚਾਲੇ ਵੰਡ ਦਿੱਤਾ। ਪੰਜਾਬ ਚੜ੍ਹਦੇ ਤੇ ਲਹਿੰਦੇ ਵਿੱਚ ਵੰਡਿਆ ਗਿਆ। ਵੱਢ-ਟੁੱਕ ਦੌਰਾਨ ਲੱਖਾਂ ਪੰਜਾਬੀ ਮਰੇ, ਬੇਆਬਾਦ ਹੋਏ। ਅਜਿਹੇ ਮਾਹੌਲ ਵਿੱਚ ਜਰਨੈਲ ਨੂੰ ਉਸ ਦੇ ਪਿਤਾ ਨੇ ਟਰੱਕ ਵਿੱਚ ਬਿਠਾ ਕੇ ਪਿੰਡੋਂ ਕੱਢਿਆ ਅਤੇ ਅੱਗੇ ਜਾ ਕੇ ਉਹ ਲਾਇਲਪੁਰ (ਹੁਣ ਫੈਸਲਾਬਾਦ) ਤੋਂ ਭਾਰਤ ਵਾਲੀ ਰੇਲ ਗੱਡੀ ਵਿੱਚ ਬੈਠਾ। ਜਰਨੈਲ ਸਿੰਘ ਨੇ ਰੇਲ ਗੱਡੀ ਵਿੱਚ ਲੁਕ-ਛਿਪ ਕੇ ਦੇਖਣਾ ਕਿਵੇਂ ਸਟੇਸ਼ਨਾਂ ਉਤੇ ਮੌਤ ਦਾ ਨੰਗਾ ਨਾਚ ਖੇਡਿਆ ਜਾ ਰਿਹਾ ਹੈ। ਵੰਡ ਦੇ ਸੰਤਾਪ ਨੂੰ ਝੱਲਦੇ ਹੋਏ ਜਦੋਂ ਜਰਨੈਲ ਫਗਵਾੜਾ ਪਹੁੰਚਿਆ ਤਾਂ ਪੂਰਾ ਸਟੇਸ਼ਨ ਲਹੂ-ਲਹਾਨ ਸੀ ਤੇ ਲਾਸ਼ਾਂ ਦੇ ਢੇਰ ਪਏ ਸਨ। ਇਸ ਤਰ੍ਹਾਂ ਜਰਨੈਲ ਮਸਾਂ ਬਚ ਕੇ ਪੁੱਜਿਆ। ਅਜਿਹਾ ਹੀ ਮਿਲਖਾ ਸਿੰਘ ਨਾਲ ਵਾਪਰਿਆ ਸੀ, ਜੋ ਕਿਸੇ ਤਰ੍ਹਾਂ ਬਚਦੇ ਬਚਾਉਂਦੇ ਹੋਇਆ ਪਾਕਿਸਤਾਨੋਂ ਭਾਰਤ ਪੁੱਜਾ ਸੀ।
ਜਰਨੈਲ ਸਿੰਘ ਦੇ ਪਰਿਵਾਰ ਨੂੰ ਪਨਾਮ ਜ਼ਮੀਨ ਅਲਾਟ ਹੋ ਗਈ ਤੇ ਉਹਦਾ ਪਰਿਵਾਰ ਇਥੋਂ ਦਾ ਪੱਕਾ ਵਸਨੀਕ ਬਣ ਗਿਆ। ਅੱਠਵੀਂ ਕਲਾਸ ਵਿੱਚ ਪੜ੍ਹਦਿਆਂ ਜਰਨੈਲ ਸਿੰਘ ਦਾ ਵਿਆਹ ਇਕਬਾਲ ਕੌਰ ਨਾਲ ਹੋ ਗਿਆ। ਜਰਨੈਲ ਸਿੰਘ ਨੇ ਸਰਕਾਰੀ ਹਾਈ ਸਕੂਲ ਗੜ੍ਹਸ਼ੰਕਰ ਤੋਂ ਮੈਟ੍ਰਿਕ ਕੀਤੀ, ਜਿੱਥੇ ਪੜ੍ਹਦਿਆਂ ਉਸ ਨੇ ਗੜ੍ਹਸ਼ੰਕਰ ਨੂੰ ਸਟੇਟ ਚੈਂਪੀਅਨ ਬਣਾਇਆ। ਪੀ.ਟੀ. ਮਾਸਟਰ ਹਰਬੰਸ ਸਿੰਘ ਸ਼ਾਹੀ ਉਸ ਦਾ ਪਹਿਲਾ ਕੋਚ ਸੀ। ਉਸ ਵੇਲੇ ਉਹ ਜਲੰਧਰੋਂ ਫੁਟਬਾਲ ਲੈਣ ਵਾਸਤੇ ਸਾਈਕਲ ਉਤੇ ਜਾਂਦਾ ਸੀ। ਇਸ ਤੋਂ ਬਾਅਦ ਉਹ ਆਰ.ਕੇ.ਆਰੀਆ ਸਕੂਲ ਨਵਾਂਸ਼ਹਿਰ ਪੜ੍ਹਨ ਚਲਾ ਗਿਆ। ਮਾਹਿਲਪੁਰ ਦੀ ਫੁਟਬਾਲ ਦੇ ਪਿਤਾਮਾ ਕਹੇ ਜਾਂਦੇ ਪ੍ਰਿੰਸੀਪਲ ਹਰਭਜਨ ਸਿੰਘ ਦੇ ਕਹਿਣ 'ਤੇ ਹਰਦਿਆਲ ਸਿੰਘ ਡੀ.ਪੀ.ਈ. ਦੇ ਪ੍ਰੇਰਨਾ ਨਾਲ ਜਰਨੈਲ ਸਿੰਘ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਆ ਗਿਆ। ਇਥੋਂ ਜਰਨੈਲ ਦੀ ਚੜ੍ਹਤ ਸ਼ੁਰੂ ਹੋ ਗਈ। ਚਾਰ ਸਾਲ ਉਸ ਨੇ ਆਪਣੇ ਕਾਲਜ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਚੈਂਪੀਅਨ ਬਣਾਇਆ। ਉਸ ਵੇਲੇ ਪੰਜਾਬ ਯੂਨੀਵਰਸਿਟੀ ਦਾ ਦਾਇਰਾ ਪੰਜਾਬ ਤੋਂ ਬਾਹਰ ਹਰਿਆਣਾ, ਹਿਮਾਚਲ ਪ੍ਰਦੇਸ਼ ਤੱਕ ਹੁੰਦਾ ਸੀ। ਤਿੰਨ ਵਾਰ ਉਸ ਨੇ ਇੰਟਰ 'ਵਰਸਿਟੀ ਖੇਡੀ।
ਪ੍ਰਿੰਸੀਪਲ ਹਰਭਜਨ ਸਿੰਘ ਦੇ ਕਹਿਣ ਉਤੇ ਉਸ ਨੇ ਕਾਲਜ ਵਿੱਚ ਇਕ ਸਾਲ ਵੱਧ ਲਾਇਆ। ਇਸ ਦਾ ਦੋਹਾਂ ਨੂੰ ਫਾਇਦਾ ਹੋਇਆ। ਕਾਲਜ ਇਕ ਸਾਲ ਹੋਰ ਚੈਂਪੀਅਨ ਬਣ ਗਿਆ ਅਤੇ ਜਰਨੈਲ ਸਿੰਘ ਵਧੀਆ ਨੰਬਰ ਨਾਲ ਬੀ.ਏ. ਕਰ ਗਿਆ। ਕਾਲਜ ਪੜ੍ਹਦਿਆਂ ਹੀ ਉਹ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੀ ਰਲਾ ਕੇ ਸਾਂਝੀ ਬਣਾਈ ਜਾਂਦੀ ਟੀਮ ਕੰਬਾਈਡ ਯੂਨੀਵਰਸਿਟੀ ਲਈ ਚੁਣਿਆ ਗਿਆ, ਜਿੱਥੋਂ ਉਸ ਦਾ ਭਾਰਤੀ ਟੀਮ ਲਈ ਚੋਣ ਵਿੱਚ ਰਾਹ ਪੱਧਰਾ ਹੋਇਆ। ਕਾਲਜ ਪੜ੍ਹਦਿਆਂ ਹੀ ਜਰਨੈਲ ਸਿੰਘ ਖਾਲਸਾ ਸਪੋਰਟਿੰਗ ਕਲੱਬ ਵੱਲੋਂ ਖੇਡਣ ਲੱਗਿਆ, ਜਿੱਥੇ ਉਸ ਨੂੰ ਕਲੱਬ ਵੱਲੋਂ ਆਪਣੀ ਜਨਮ ਭੂਮੀ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ। ਉਦੋਂ ਉਹ ਲਾਹੌਰ, ਲਾਇਲਪੁਰ, ਮਿੰਟਗੁਮਰੀ ਖੇਡਣ ਗਿਆ ਸੀ। 1957 ਵਿੱਚ ਡੀ.ਸੀ.ਐੱਮ. ਟੂਰਨਾਮੈਂਟ ਖੇਡਦਿਆਂ ਰਾਜਸਥਾਨ ਕਲੱਬ ਨੂੰ ਜਰਨੈਲ ਦੀ ਖੇਡ ਨੇ ਬਹੁਤ ਪ੍ਰਭਾਵਿਤ ਕੀਤੀ। ਉਦੋਂ ਉਹ ਕਾਲਜ ਦਾ ਹੀ ਵਿਦਿਆਰਥੀ ਸੀ ਜਦੋਂ ਰਾਜਸਥਾਨ ਕਲੱਬ ਨੇ 500 ਰੁਪਏ ਦਾ ਮਨੀਆਰਡਰ ਆਪਣੇ ਵੱਲੋਂ ਖੇਡਣ ਲਈ ਪਹਿਲੇ ਮਿਹਨਤਾਨੇ ਵਜੋਂ ਭੇਜਿਆ। ਪੂਰੇ ਸਾਲ ਲਈ ਉਸ ਨੂੰ 2500 ਰੁਪਏ ਵਿੱਚ ਮਿਲਣੇ ਸੀ।
ਇਲਾਕੇ ਵਿੱਚ ਜਰਨੈਲ ਜਰਨੈਲ ਹੋ ਗਈ। ਇਹ ਕਿਸੇ ਖਿਡਾਰੀ ਲਈ ਬਹੁਤ ਵੱਡੀ ਰਕਮ ਸੀ, ਉਹ ਵੀ ਉਸ ਜ਼ਮਾਨੇ ਵਿੱਚ। ਉਪਰੋਂ ਜਰਨੈਲ ਹਾਲੇ ਕਾਲਜ ਵਿੱਚ ਪੜ੍ਹਦਾ ਸੀ। ਰਾਜਸਥਾਨ ਕਲੱਬ ਉਥੋਂ ਦੇ ਧਨਾਢ ਮਾਰਵਾੜੀ ਵਪਾਰੀਆਂ ਵੱਲੋਂ ਚਲਾਇਆ ਜਾਂਦਾ ਸੀ। 1958 ਵਿੱਚ ਉਹ ਪਹਿਲੀ ਵਾਰ ਪੰਜਾਬ ਵੱਲੋਂ ਸੰਤੋਸ਼ ਟਰਾਫੀ ਖੇਡਣ ਗਿਆ। ਪੰਜਾਬ ਉਸ ਵੇਲੇ ਫੁਟਬਾਲ ਖੇਡ ਵਿੱਚ ਨੌ ਸਿੱਖੀਆ ਹੀ ਸੀ। ਸਿਰਫ ਹਾਕੀ ਤੇ ਅਥਲੈਟਿਕਸ ਵਿੱਚ ਹੀ ਪੰਜਾਬ ਦਾ ਬੋਲਬਾਲਾ ਸੀ। ਫੁਟਬਾਲ ਵਿੱਚ ਫਾਡੀ ਹੀ ਸੀ। ਸੰਤੋਸ਼ ਟਰਾਫੀ ਵਿੱਚ ਜਰਨੈਲ ਨੇ ਵੱਡੀਆਂ ਟੀਮਾਂ ਦੇ ਫਾਰਵਰਡ ਡੱਕੀ ਰੱਖੇ। ਪੰਜਾਬ ਨੇ ਇਕ ਮੈਚ ਵੀ ਜਿੱਤਿਆ। ਜਰਨੈਲ ਦੀ ਚਰਚਾ ਪੂਰੇ ਮੁਲਕ ਵਿੱਚ ਹੋ ਗਈ। ਅਗਲੇ ਹੀ ਸਾਲ 1959 ਵਿੱਚ ਜਰਨੈਲ ਭਾਰਤੀ ਟੀਮ ਵਿੱਚ ਚੁਣਿਆ ਗਿਆ ਅਤੇ ਅਫਗਾਨਸਿਤਾਨ ਟੂਰ 'ਤੇ ਪਹਿਲੀ ਵਾਰ ਭਾਰਤ ਵੱਲੋਂ ਖੇਡਣ ਗਿਆ।
ਪੜ੍ਹੋ ਇਹ ਵੀ - ਖੇਡ ਰਤਨ ਪੰਜਾਬ ਦੇ-4 : ਮਹਾਭਾਰਤ ਦਾ ਭੀਮ ਏਸ਼ੀਅਨ ਚੈਂਪੀਅਨ ਥਰੋਅਰ ‘ਪਰਵੀਨ ਕੁਮਾਰ’
ਪੜ੍ਹੋ ਇਹ ਵੀ - ਖੇਡ ਰਤਨ ਪੰਜਾਬ ਦੇ-3 : 'ਰੂਪਾ ਸੈਣੀ' ਹਾਕੀ ਦੀ ਉਹ ਖਿਡਾਰੀ ਜਿੰਨ੍ਹੇ ਆਪਣੀ ਤਕਦੀਰ ਆਪ ਲਿਖੀ
ਰਾਜਸਥਾਨ ਕਲੱਬ ਵੱਲੋਂ ਖੇਡਦਿਆਂ ਜਰਨੈਲ ਬੰਗਾਲੀਆਂ ਦੀ ਪਾਰਖੂ ਅੱਖ 'ਤੇ ਚੜ੍ਹ ਗਿਆ। ਉਸ ਵੇਲੇ ਭਾਰਤ ਵਿੱਚ ਕਲਕੱਤਾ, ਮੈਸੂਰ ਤੇ ਹੈਦਰਾਬਾਦ ਹੀ ਫੁਟਬਾਲ ਦੇ ਘਰ ਸਨ। ਕਲੱਕਤਾ ਵਿੱਚ ਤਾਂ ਫੁਟਬਾਲ ਦਾ ਇੰਨਾ ਕਰੇਜ ਸੀ ਜਿੰਨਾ ਹੁਣ ਆਈ.ਪੀ.ਐੱਲ.ਦਾ ਹੈ। ਬੰਗਾਲ ਦੀਆਂ ਦੋ ਚੋਟੀ ਦੀਆਂ ਕਲੱਬਾਂ ਸਨ, ਮੋਹਨ ਬਗਾਨ ਤੇ ਈਸਟ ਬੰਗਾਲ। ਦੋਵੇਂ ਫੁਟਬਾਲ ਦੀਆਂ ਪਾਵਰਹਾਊਸ ਸਨ। ਇਕ ਸ਼ਾਮ ਜਰਨੈਲ ਟੇਬਲ ਟੈਨਿਸ ਖੇਡ ਰਿਹਾ ਸੀ ਕਿ ਮੋਹਨ ਬਗਾਨ ਦੇ ਕੋਚ ਅਰੁਨ ਸਿਨਹਾ ਨੇ ਉਸ ਨੂੰ ਆਪਣੇ ਕਲੱਬ ਵੱਲੋਂ ਖੇਡਣ ਲਈ ਕਿਹਾ ਅਤੇ ਉਸ ਦਾ ਵੀ ਮਿਹਨਤਾਨਾ ਵੀ 3500 ਰੁਪਏ ਮਿੱਥ ਦਿੱਤਾ। ਜਰਨੈਲ ਨੇ ਸਿੱਧੇ ਹੀ ਇਕ ਹਜ਼ਾਰ ਰੁਪਏ ਦੀ ਛਾਲ ਲਾਈ। ਉਸ ਵੇਲੇ ਉਹ ਦੇਸ਼ ਦਾ ਸਭ ਤੋਂ ਮਹਿੰਗਾ ਫੁਟਬਾਲਰ ਬਣਿਆ। ਜਰਨੈਲ ਸਿੰਘ ਨੇ ਮੋਹਨ ਬਗਾਨ ਦੀ ਉਨਾਬੀ ਹਰੀ ਜਰਸੀ ਪਹਿਨ ਲਈ। ਉਸ ਦੀ ਖਤਰਨਾਕ ਖੇਡ ਨੂੰ ਦੇਖ ਕੇ ਮੋਹਨ ਬਗਾਨ ਨੇ ਸੈਂਟਰ ਹਾਫ ਤੋਂ ਫੁੱਲਬੈਕ ਦੀ ਪੁਜੀਸ਼ਨ ਉਤੇ ਲੈ ਆਂਦਾ। ਕਲਕੱਤਾ ਵਿੱਚ ਇਹ ਜੂੜ੍ਹੇ ਵਾਲਾ ਸਰਦਾਰ ਪਹਿਲੇ ਪਹਿਲ ਤਾਂ ਬੰਗਾਲੀਆਂ ਨੂੰ ਉਪਰਾ ਲੱਗਿਆ। ਉਸ ਦਾ ਅੰਦਰਖਾਤੇ ਵਿਰੋਧ ਵੀ ਹੋਇਆ ਕਿ ਕਿੱਥੋਂ ਪੰਜਾਬ ਦਾ ਸਰਦਾਰ ਬੰਗਾਲ ਦੀ ਟੀਮ ਵਿੱਚ ਇੰਨੇ ਮਹਿੰਗੇ ਭਾਅ ਖਰੀਦ ਲਿਆ।
ਜਰਨੈਲ ਨੇ ਖੁਦ ਬੋਲਣ ਦੀ ਬਜਾਏ ਆਪਣੀ ਖੇਡ ਨਾਲ ਆਲੋਚਕਾਂ ਨੂੰ ਜਵਾਬ ਦਿੱਤਾ। ਜਰਨੈਲ ਨੇ ਮੋਹਨ ਬਗਾਨ ਵੱਲੋਂ ਖੇਡਦਿਆਂ ਪਹਿਲਾ ਕਲੱਕਤਾ ਲੀਗ, ਆਈ.ਆਈ.ਐੱਫ ਸ਼ੀਲਡ ਜਿੱਤੀ। ਫੇਰ ਉਸ ਨੇ ਫੁਟਬਾਲ ਦਾ ਵੱਕਾਰੀ ਖੇਡ ਟੂਰਨਾਮੈਂਟ ਡੁਰੰਡ ਕੱਪ ਮੋਹਨ ਬਗਾਨ ਦੀ ਝੋਲੀ ਪਾਇਆ। ਜਰਨੈਲ ਨੇ ਇਕ ਸਾਲ ਦੇ ਅੰਦਰ ਹੀ ਬੰਗਾਲੀਆਂ ਦੇ ਦਿਲ ਜਿੱਤੇ ਲਏ। ਉਸ ਤੋਂ ਬਾਅਦ ਤਾਂ ਚੱਲ ਸੋ ਚੱਲ ਸੀ। ਉਸ ਨੇ ਛੇ ਵਾਰ ਕਲੱਕਤਾ ਲੀਗ ਅਤੇ ਪੰਜ ਵਾਰ ਡੁਰੰਡ ਕੱਪ ਜਿਤਾਇਆ। ਦੋ ਵਾਰ ਤਾਂ ਉਹ ਟੀਮ ਦਾ ਕਪਤਾਨ ਸੀ। ਈਸਟ ਬੰਗਾਲ ਤੇ ਮੋਹਨ ਬਗਾਨ ਦੋਵੇਂ ਰਵਾਇਤੀ ਵਿਰੋਧੀ ਟੀਮਾਂ ਹਨ ਜਿਨ੍ਹਾਂ ਵਿਚਾਲੇ ਕੋਈ ਵੀ ਮੁਕਾਬਲਾ ਭਾਰਤ-ਪਾਕਿਸਤਾਨ, ਵਿਸ਼ਵ ਫੁਟਬਾਲ ਵਿੱਚ ਬਰਾਜ਼ੀਲ-ਅਰਜਨਟਾਈਨਾ ਦੇ ਮੁਕਾਬਲੇ ਤੋਂ ਘੱਟ ਨਹੀਂ ਹੁੰਦਾ। 1968 ਵਿੱਚ ਕਲੱਕਤਾ ਡਰਬੀ ਮੈਚ ਵਿੱਚ ਜਰਨੈਲ ਦੇ ਬਲਬੂਤੇ ਮੋਹਨ ਬਗਾਨ ਨੇ ਈਸਟ ਬੰਗਾਲ ਨੂੰ 2-0 ਨਾਲ ਹਰਾਇਆ।
ਮੋਹਨ ਬਗਾਨ ਲਈ ਇਹ ਜਿੱਤ ਦੁਨੀਆਂ ਜਿੱਤਣ ਤੋਂ ਘੱਟ ਨਹੀਂ ਸੀ। ਡੁਰੰਡ ਕੱਪ ਤੋਂ ਬਾਅਦ ਰੋਵਰਜ਼ ਕੱਪ ਸਭ ਤੋਂ ਪੁਰਾਣਾ ਟੂਰਨਾਮੈਂਟ ਹੈ ਜਿਹੜਾ ਬੰਬਈ ਵਿਖੇ ਖੇਡਿਆ ਜਾਂਦਾ ਸੀ। 1967 ਵਿੱਚ ਮੋਹਨ ਬਗਾਨ ਨੇ ਵਾਸਕੋ ਸਪੋਰਟਿੰਗ ਕਲੱਬ ਨੂੰ ਫਾਈਨਲ ਵਿੱਚ 1-0 ਨਾਲ ਹਰਾ ਕੇ ਰੋਵਰਜ਼ ਕੱਪ ਜਿੱਤਿਆ। ਜਰਨੈਲ ਸਿੰਘ ਨੇ ਵਾਸਕੋ ਦੀ ਸਭ ਤੋਂ ਤਕੜੀ ਫਾਰਵਰਡ ਤਿੱਕੜੀ ਐਂਡਰਿਊ ਡਿਸੂਜ਼ਾ, ਬਰਨਰਡ ਪੀਰੇਰਾ ਤੇ ਸੀ. ਫਰਨਾਂਡੇਜ਼ ਨੂੰ ਮੋਹਨ ਬਗਾਨ ਦੇ ਗੋਲਾਂ ਦੇ ਨੇੜੇ ਨਹੀਂ ਫਟਕਣ ਦਿੱਤਾ।
ਜਰਨੈਲ ਸਦਕਾ ਹੀ ਮੋਹਨ ਬਗਾਨ ਭਾਰਤੀ ਫੁੱਟਬਾਲ ਕਲੱਬਾਂ ਵਿੱਚੋਂ ਸਿਖਰ 'ਤੇ ਆਉਂਦਾ ਹੈ। ਮੋਹਨ ਬਗਾਨ ਨੇ ਸਭ ਤੋਂ ਵੱਧ ਵਾਰ ਡੁਰੰਡ ਕੱਪ (16) ਤੇ ਰੋਵਰਜ਼ ਕੱਪ (14) ਜਿੱਤਿਆ ਹੈ। ਜਰਨੈਲ ਮੋਹਨ ਬਗਾਨ ਦਾ ਸਭ ਤੋਂ ਚਹੇਤਾ ਖਿਡਾਰੀ ਬਣ ਗਿਆ। ਉਸ ਨੂੰ ਮਿਲਦਾ ਮਿਹਨਤਾਨਾ ਵੀ ਵਧਦਾ ਵਧਦਾ 10,000 ਰੁਪਏ ਤੱਕ ਪੁੱਜ ਗਿਆ। ਪ੍ਰਿੰਸੀਪਲ ਸਰਵਣ ਸਿੰਘ ਲਿਖਦੇ ਹਨ ਕਿ ਜਰਨੈਲ ਨੇ ਫੁਟਬਾਲ ਸਿਰ 'ਤੇ ਜ਼ਮੀਨ ਬਣਾਈ। ਜਦੋਂ ਉਸ ਨੂੰ 10 ਹਜ਼ਾਰ ਰੁਪਏ ਮਿਲਦੇ ਸਨ ਤਾਂ ਪੰਜਾਬ ਵਿੱਚ ਇਕ ਕਿਲੇ ਦੀ ਕੀਮਤ ਢਾਈ ਹਜ਼ਾਰ ਰੁਪਏ ਸੀ। ਕਲਕੱਤੇ ਗੁਰਦੁਆਰੇ ਜਾਣਾ ਉਸ ਦਾ ਨਿਤਨੇਮ ਸੀ। ਈਡਨ ਗਾਰਡਨ ਵਿੱਚ ਬੰਗਾਲੀਆਂ ਦੇ ਨਾਲ ਬੰਗਾਲ ਰਹਿੰਦੇ ਪੰਜਾਬੀ ਡਰਾਈਵਰ ਭਾਈਚਾਰੇ ਦੇ ਲੋਕ ਵੀ ਬੰਗਾਲੀਆਂ ਵਿੱਚ ਖੇਡਦੇ ਸਰਦਾਰ ਨੂੰ ਦੇਖਣ ਉਮੜ ਪੈਂਦੇ। ਦਰਸ਼ਕਾਂ ਨਾਲ ਸਟੇਡੀਅਮ ਨੱਕੋ-ਨੱਕ ਭਰੇ ਹੁੰਦੇ ਸਨ। ਮੋਹਨ ਬਗਾਨ ਨੇ ਜਰਨੈਲ ਲਈ ਸ਼ਹਿਰ ਦੇ ਵਿੱਚੋਂ-ਵਿੱਚ ਪੈਂਦੇ ਸਭ ਤੋਂ ਵੱਡੇ ਹੋਟਲ ਬਰਾਡਵੇਅ ਵਿੱਚ ਪੂਰੇ ਇਕ ਸਾਲ ਲਈ ਕਮਰਾ ਬੁੱਕ ਕਰਵਾਇਆ ਹੁੰਦਾ ਸੀ ਜਿਸ ਦੇ ਆਲੇ-ਦੁਆਲੇ ਪ੍ਰਸੰਸਕਾਂ ਦੀਆਂ ਭੀੜਾਂ ਜੁੜੀਆਂ ਰਹਿੰਦੀਆਂ ਸਨ।
ਮੋਹਨ ਬਗਾਨ ਵਿੱਚ ਆਉਣ ਤੋਂ ਬਾਅਦ ਜਰਨੈਲ ਨੇ ਭਾਰਤੀ ਟੀਮ ਵੱਲੋਂ ਵੀ ਨਾਮ ਚਮਕਾਉਣਾ ਸ਼ੁਰੂ ਕਰ ਦਿੱਤਾ। 1960 ਦੀਆਂ ਰੋਮ ਓਲੰਪਿਕ ਖੇਡਾਂ ਵਿੱਚ ਉਹ ਭਾਰਤੀ ਟੀਮ ਦਾ ਮੈਂਬਰ ਸੀ। ਜਰਨੈਲ ਦੀ ਖੇਡ ਓਲੰਪਿਕਸ ਦੌਰਾਨ ਪੂਰੇ ਸਿਖਰ 'ਤੇ ਸੀ। ਭਾਰਤ ਨੇ ਫਰਾਂਸ ਨੂੰ 1-1 ਗੋਲ ਨਾਲ ਬਰਾਬਰ ਖੇਡਣ ਲਈ ਮਜਬੂਰ ਕੀਤਾ। ਭਾਰਤੀ ਟੀਮ ਦਾ ਮੈਚ ਜਦੋਂ ਸਭ ਤੋਂ ਤਕੜੀ ਟੀਮ ਹੰਗਰੀ ਖਿਲਾਫ ਸੀ ਤਾਂ ਸਭ ਨਜ਼ਰਾਂ ਦੁਨੀਆਂ ਦੇ ਚੋਟੀ ਦੇ ਫਾਰਵਰਡ ਫਲੋਰੀਅਨ ਅਲਬਰਟ ਉਪਰ ਸਨ। ਫਲੋਰੀਅਨ 1956 ਦੀਆਂ ਮੈਲਬਰਨ ਓਲੰਪਿਕਸ ਦਾ ਟਾਪ ਸਕੋਰਰ ਸੀ। ਜਰਨੈਲ ਨੇ ਉਸ ਨੂੰ ਪੂਰਾ ਮੈਚ ਚੱਲਣ ਨਹੀਂ ਦਿੱਤਾ ਅਤੇ ਦੁਨੀਆਂ ਦੇ ਫੁਟਬਾਲ ਪ੍ਰੇਮੀ ਇਸ ਮੁਕਾਬਲੇ ਨੂੰ ਦੇਖ ਕੇ ਦੰਗ ਰਹਿ ਗਏ।
ਪੜ੍ਹੋ ਇਹ ਵੀ - ਖੇਡ ਰਤਨ ਪੰਜਾਬ ਦੇ-2 : ਸਵਾ ਸਦੀ ਦਾ ਮਾਣ, ਸੁਨਹਿਰਾ ਨਿਸ਼ਾਨਚੀ ‘ਅਭਿਨਵ ਬਿੰਦਰਾ’
ਪੜ੍ਹੋ ਇਹ ਵੀ - ਖੇਡ ਰਤਨ ਪੰਜਾਬ ਦੇ-1 : ਲੀਵਿੰਗ ਲੀਜੈਂਡ ਆਫ ਹਾਕੀ ‘ਬਲਬੀਰ ਸਿੰਘ ਸੀਨੀਅਰ’
ਅੱਜ ਦੇ ਸਮੇਂ ਦੀ ਗੱਲ ਕਰੀਏ ਜਿਵੇਂ 1998 ਦੇ ਵਿਸ਼ਵ ਕੱਪ ਫਾਈਨਲ ਵਿੱਚ ਫਰਾਂਸ ਨੇ ਬਰਾਜ਼ੀਲ ਦੇ ਰੋਨਾਲਡੋ ਅਤੇ 2014 ਦੇ ਵਿਸ਼ਵ ਕੱਪ ਫਾਈਨਲ ਵਿੱਚ ਜਰਮਨੀ ਨੇ ਅਰਜਨਟਾਈਨਾ ਦੇ ਲਿਓਨਲ ਮੈਸੀ ਨੂੰ ਚੱਲਣ ਨਹੀਂ ਦਿੱਤਾ ਸੀ, ਉਵੇਂ ਹੀ ਜਰਨੈਲ ਸਿੰਘ ਨੇ ਫਲੋਰੀਅਨ ਅਲਬਰਟ ਹਿੱਲਣ ਨਹੀਂ ਦਿੱਤਾ। ਉਸ ਨੂੰ ਇਕ ਮੌਕਾ ਮਿਲਿਆ ਜਿਸ ਉਤੇ ਉਸ ਨੇ ਮਸਾਂ ਇਕ ਗੋਲ ਕੀਤਾ। ਓਲੰਪਿਕਸ ਵਿੱਚ ਦਿਖਾਈ ਖੇਡ ਕਾਰਨ ਉਸ ਦੀ ਚੋਣ ਵਿਸ਼ਵ ਇਲੈਵਨ ਵਿੱਚ ਹੋਈ। ਫੀਫਾ ਵਿਸ਼ਵ ਇਲੈਵਨ ਵਿੱਚ ਚੁਣਿਆ ਜਾਣ ਵਾਲਾ ਉਹ ਇਕਲੌਤਾ ਏਸ਼ੀਅਨ ਡਿਫੈਂਡਰ ਸੀ। 1961 ਵਿੱਚ ਮਦਰੇਕਾ ਕੱਪ ਵਿੱਚ ਮਲੇਸ਼ੀਆ ਦੇ ਸਭ ਤੋਂ ਹੰਢੇ ਅਤੇ ਤੇਜ਼ ਤਰਾਰ ਸਟਰਾਈਕਰ ਅਬਦੁਲ ਗਾਨੀ ਨੇ ਸ਼ੁਰੂਆਤੀ ਮਿੰਟਾਂ ਵਿੱਚ ਬਹੁਤ ਫੁਰਤੀ ਦਿਖਾਈ। ਜਰਨੈਲ ਨੇ ਇਕ ਬਾਲ ਕਲੀਅਰ ਕਰਦਿਆਂ ਅਜਿਹੀ ਜ਼ੋਰਦਾਰ ਕਿੱਕ ਜੜੀ ਕਿ ਅਬਦੁਲ ਗਾਨੀ ਦੇ ਲੱਗਦਿਆਂ ਉਹ ਫੱਟੜ ਹੋ ਗਿਆ ਅਤੇ ਪੂਰਾ ਮੈਚ ਨਹੀਂ ਖੇਡ ਸਕਿਆ।
1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਦੇ ਪਹਿਲੇ ਹੀ ਮੈਚ ਵਿੱਚ ਥਾਈਲੈਂਡ ਖਿਲਾਫ ਖੇਡਦਿਆਂ ਜਰਨੈਲ ਸਿੰਘ ਦੇ ਸਿਰ ਵਿੱਚ ਸੱਟ ਲੱਗ ਗਈ ਅਤੇ ਉਸ ਦੇ ਛੇ ਟਾਂਕੇ ਲੱਗੇ। ਟੀਮ ਪ੍ਰਬੰਧਕਾਂ ਨੇ ਉਸ ਨੂੰ ਅਰਾਮ ਦੀ ਸਲਾਹ ਦਿੱਤੀ ਪਰ ਜਰਨੈਲ ਉਤੇ ਤਾਂ ਜਿੱਤ ਦਾ ਜਾਨੂੰਨ ਸਵਾਰ ਸੀ। ਵੀਅਤਨਾਮ ਖਿਲਾਫ ਸੈਮੀ ਫਾਈਨਲ ਮੈਚ ਸੀ ਅਤੇ ਜਰਨੈਲ ਨੇ ਫੁੱਲਬੈਕ ਦੀ ਬਜਾਏ ਫਾਰਵਰਡ ਲਾਈਨ ਵਿੱਚ ਖੇਡਣ ਦਾ ਮਨ ਬਣਾਇਆ। ਫੁੱਲਬੈਕ ਨੂੰ ਬਾਲ ਕਲੀਅਰ ਕਰਨ ਲਈ ਸਿਰ ਦੀ ਵਰਤੋਂ ਕਈ ਵਾਰ ਕਰਨੀ ਪੈਂਦੀ ਹੈ ਜਿਸ ਕਰਕੇ ਜਰਨੈਲ ਨੇ ਟਾਂਕੇ ਲੱਗੇ ਹੋਣ ਕਰਕੇ ਆਪਣੀ ਸਾਈਡ ਬਦਲ ਲਈ। ਵੀਅਤਨਾਮ ਵਿਰੁੱਧ ਜਰਨੈਲ ਨੇ ਇਕ ਗੋਲ ਕੀਤਾ ਅਤੇ ਭਾਰਤ 3-1 ਦੀ ਜਿੱਤ ਨਾਲ ਫਾਈਨਲ ਵਿੱਚ ਪੁੱਜ ਗਿਆ। ਫਾਈਨਲ ਮੈਚ ਕੋਰੀਆ ਖਿਲਾਫ ਸੀ ਅਤੇ ਜਰਨੈਲ ਨੇ ਸੈਮੀ ਫਾਈਨਲ ਵਾਲੀ ਰਣਨੀਤੀ ਨਾਲ ਖੇਡਣਾ ਸ਼ੁਰੂ ਕੀਤਾ। ਪਹਿਲਾਂ ਤਾਂ ਜਰਨੈਲ ਤੋਂ ਫਾਰਵਰਡ ਡਰਦੇ ਸਨ, ਹੁਣ ਉਸ ਤੋਂ ਫੁੱਲਬੈਕ ਵੀ ਡਰਨ ਲੱਗੇ। ਕੋਰੀਅਨ ਡਿਫੈਂਡਰ ਉਚੀਆ ਬਾਲਾਂ ਕਲੀਅਰ ਕਰਨ ਲੱਗ ਗਏ। ਜਰਨੈਲ ਨੇ ਸੱਟ ਦੇ ਬਾਵਜੂਦ ਸਿਰ ਨਾਲ ਹੀ ਇਕ ਬਿਹਤਰੀਨ ਗੋਲ ਕੀਤਾ ਜੋ ਕਿ ਫੈਸਲਾਕੁੰਨ ਸਾਬਤ ਹੋਇਆ। ਜਰਨੈਲ ਦੇ ਸਿਰ 'ਤੇ ਭਾਰਤ ਨੇ ਏਸ਼ਿਆਈ ਖੇਡਾਂ ਦਾ ਸੋਨ ਤਮਗਾ ਜਿੱਤ ਲਿਆ। ਏਸ਼ਿਆਈ ਖੇਡਾਂ ਵਿੱਚ ਭਾਰਤ ਦੀ ਇਹ ਆਖਰੀ ਪ੍ਰਾਪਤੀ ਸੀ। 1962 ਵਿੱਚ ਜਰਨੈਲ ਨੂੰ ਭਾਰਤ ਦਾ 'ਪਲੇਅਰ ਆਫ ਦਾ ਯੀਅਰ' ਚੁਣਿਆ ਗਿਆ। ਇੰਡੀਅਨ ਐਕਸਪ੍ਰੈਸ ਨੇ ਸਾਲ 1963 ਵਿੱਚ ਉਸ ਨੂੰ 'ਮੋਸਟ ਪਾਪੂਲਰ ਸਪੋਰਟਸਪਰਸਨ ਆਫ ਦਾ ਕੰਟਰੀ' ਦਾ ਟਾਈਟਲ ਦਿੱਤਾ।
1964 ਵਿੱਚ ਮਦੇਰਕਾ ਕੱਪ ਖੇਡਦਿਆਂ ਜਰਨੈਲ ਦੀ ਖੇਡ ਬਹੁਤ ਸਲਾਹੀ ਗਈ। ਭਾਰਤੀ ਟੀਮ ਉਪ ਜੇਤੂ ਬਣੀ। ਇਸਰਾਈਲ ਦੇ ਸ਼ਹਿਰ ਅਲ ਤਵੀਵ ਵਿਖੇ ਹੋਏ ਏਸ਼ੀਆ ਕੱਪ ਵਿੱਚ ਭਾਰਤ ਨੇ ਚਾਂਦੀ ਦਾ ਤਮਗਾ ਜਿੱਤਿਆ। ਜਰਨੈਲ ਸਿੰਘ ਨੂੰ ਦੋਹਰਾ ਸਨਮਾਨ ਮਿਲਿਆ। ਫੁਟਬਾਲ ਸੰਘ ਨੇ ਭਾਰਤੀ ਟੀਮ ਦਾ ਕਪਤਾਨ ਬਣਾ ਦਿੱਤਾ ਅਤੇ ਭਾਰਤ ਸਰਕਾਰ ਨੇ ਦੇਸ਼ ਦੇ ਸਭ ਤੋਂ ਵੱਡੇ ਖੇਡ ਪੁਰਸਕਾਰ ਅਰਜੁਨਾ ਐਵਾਰਡ ਨਾਲ ਨਿਵਾਜਿਆ। 1965 ਤੋਂ 1967 ਤੱਕ ਤਿੰਨ ਸਾਲ ਜਰਨੈਲ ਨੇ ਭਾਰਤੀ ਟੀਮ ਦੀ ਕਪਤਾਨੀ ਕੀਤੀ। 1966 ਦੀਆਂ ਬੈਕਾਂਕ ਏਸ਼ਿਆਈ ਖੇਡਾਂ ਵਿੱਚ ਉਹ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਸੀ ਜਿਸ ਦੀ ਅਗਵਾਈ ਹੇਠ ਭਾਰਤੀ ਖੇਡ ਦਲ ਉਦਘਾਟਨੀ ਸਮਾਰੋਹ ਵਿੱਚ ਉਤਰਿਆ। ਅੱਗੇ-ਅੱਗੇ ਜਰਨੈਲ ਸਿੰਘ ਤਿਰੰਗਾ ਉਠਾਈ ਤੁਰ ਰਿਹਾ ਸੀ। ਡਿਫੈਂਡਰ ਜਰਨੈਲ ਸਿੰਘ ਨੇ ਬੈਕਾਂਕ ਵਿਖੇ ਵੀ ਇਰਾਨ ਖਿਲਾਫ ਮੈਚ ਵਿੱਚ ਇਕ ਗੋਲ ਕੀਤਾ।
ਮਲੇਸ਼ੀਆ ਖਿਲਾਫ 2-1 ਦੀ ਜਿੱਤ ਵਿੱਚ ਵੀ ਜਰਨੈਲ ਸਿੰਘ ਦੇ ਇਕ ਗੋਲ ਦਾ ਯੋਗਦਾਨ ਸੀ। ਦੂਜਾ ਗੋਲ ਇੰਦਰ ਸਿੰਘ ਨੇ ਕੀਤਾ ਸੀ। 1965-66 ਤੇ 1966-67 ਵਿੱਚ ਦੋ ਵਾਰ ਉਹ ਏਸ਼ੀਅਨ ਆਲ ਸਟਾਰ ਟੀਮ ਦਾ ਕਪਤਾਨ ਚੁਣਿਆ ਗਿਆ। ਏਸ਼ੀਅਨ ਆਲ ਸਟਾਰ ਟੀਮਾਂ ਦੀ ਕਪਤਾਨੀ ਕਰਨ ਦਾ ਮਾਣ ਭਾਰਤ ਵਿੱਚ ਸਾਰੀਆਂ ਖੇਡਾਂ ਨੂੰ ਮਿਲਾ ਕੇ ਕੁਝ ਗਿਣੇ-ਚੁਣੇ ਖਿਡਾਰੀਆਂ ਨੂੰ ਹੀ ਮਿਲਿਆ ਹੈ। ਜਰਨੈਲ ਨੂੰ ਤਾਂ ਇਹ ਸੁਭਾਗ ਦੋ ਵਾਰ ਪ੍ਰਾਪਤ ਹੋਇਆ। 1967 ਵਿੱਚ ਇਕ ਟੂਰਨਾਮੈਂਟ ਖੇਡਦਿਆਂ ਜਰਨੈਲ ਨੂੰ ਦੇਖ ਕੇ ਫੀਫਾ ਦੇ ਉਸ ਵੇਲੇ ਦੇ ਪ੍ਰਧਾਨ ਸਰ ਸਟੈਨਲੇ ਰਾਊਜ਼ ਨੇ ਕਿਹਾ ਸੀ ਕਿ ਜਰਨੈਲ ਕਿਸੇ ਵੀ ਮੁਲਕ ਵਿੱਚ ਚਲਾ ਜਾਵੇ, ਹਰ ਮੁਲਕ ਦੀ ਟੀਮ ਉਸ ਨੂੰ ਖਿਡਾ ਕੇ ਮਾਣ ਮਹਿਸੂਸ ਕਰੇਗੀ। ਫੁਟਬਾਲ ਦੀ ਖੇਡ ਵਿੱਚ ਕਿਸੇ ਭਾਰਤੀ ਖਿਡਾਰੀ ਨੂੰ ਅਜਿਹਾ ਰੁਤਬਾ ਨਹੀਂ ਮਿਲਿਆ। ਉਹ ਦੁਨੀਆਂ ਦਾ ਚੋਟੀ ਦਾ ਡਿਫੈਂਡਰ ਬਣ ਗਿਆ ਸੀ।
1968 ਵਿੱਚ ਸੱਟ ਲੱਗਣ ਤੋਂ ਬਾਅਦ ਜਰਨੈਲ ਅਗਲੇ ਸਾਲ 1969 ਵਿੱਚ ਮੋਹਨ ਬਗਾਨ ਵਿੱਚ 10 ਪੂਰੇ ਕਾਰਨ ਤੋਂ ਬਾਅਦ ਪੰਜਾਬ ਪਰਤ ਆਇਆ। ਉਸ ਵੇਲੇ ਪੰਜਾਬ ਦੇ ਖੇਡ ਵਿਭਾਗ ਵਿੱਚ ਉਹ ਜ਼ਿਲਾ ਖੇਡ ਅਫਸਰ ਸੀ ਅਤੇ ਪੰਜਾਬ ਦੀ ਫੁਟਬਾਲ ਟੀਮ ਦਾ ਸੀਨੀਅਰ ਕੋਚ ਸੀ। ਪੰਜਾਬ ਦੀ ਟੀਮ 1970 ਦੀ ਸੰਤੋਸ਼ ਟਰਾਫੀ ਦੀ ਤਿਆਰੀ ਕਰ ਰਹੀ ਸੀ। ਉਦੋਂ ਤੱਕ ਪੰਜਾਬ ਨੇ ਕੌਮੀ ਪੱਧਰ ਦੇ ਇਸ ਵੱਡੇ ਤੇ ਵੱਕਾਰੀ ਟੂਰਨਾਮੈਂਟ ਨੂੰ ਜਿੱਤਣ ਦਾ ਸਵਾਦ ਨਹੀਂ ਚਖਿਆ ਸੀ। ਜਰਨੈਲ ਦੀ ਵਾਪਸੀ ਨਾਲ ਪੰਜਾਬ ਦੀ ਟੀਮ ਨੂੰ ਆਸ ਦੀ ਕਿਰਨ ਜਾਗੀ। ਪ੍ਰੈਕਟਿਸ ਦੌਰਾਨ ਜਰਨੈਲ ਮਾੜੇ ਖਿਡਾਰੀਆਂ ਵਾਲੀ ਟੀਮ ਵੱਲੋਂ ਖੇਡਦਾ ਅਤੇ ਤਕੜੀ ਖਿਡਾਰੀਆਂ ਵਾਲੀ ਟੀਮ ਹਾਰ ਜਾਂਦੀ। ਪੰਜਾਬ ਜਰਨੈਲ ਸਿੰਘ ਨੂੰ ਟੀਮ ਵਿੱਚ ਖਿਡਾਰੀ ਵਜੋਂ ਖਿਡਾਉਣਾ ਚਾਹੁੰਦਾ ਸੀ। ਬਤੌਰ ਫੁਟਬਾਲ ਕੋਚ ਉਹ ਖੇਡ ਨਹੀਂ ਸਕਦਾ ਸੀ। ਜਰਨੈਲ ਸਿੰਘ ਦਾ ਅਹੁਦਾ ਸੀਨੀਅਰ ਫੁਟਬਾਲ ਕੋਚ ਤੋਂ ਬਦਲ ਕੇ ਸੀਨੀਅਰ ਸਪੈਸ਼ਲ ਸਪੋਰਟਸ ਅਫਸਰ ਕਰ ਦਿੱਤਾ ਅਤੇ ਪੰਜਾਬ ਦੀ ਟੀਮ ਵੱਲੋਂ ਉਹ ਖੇਡਣ ਲੱਗਾ। ਜਰਨੈਲ ਨੇ ਪੰਜਾਬੀਆਂ ਦੀ ਲਾਜ ਰੱਖ ਲਈ। ਉਸ ਦੇ ਸਿਰ 'ਤੇ ਪੰਜਾਬ ਪਹਿਲੀ ਵਾਰ 1970 ਵਿੱਚ ਸੰਤੋਸ਼ ਟਰਾਫੀ ਦਾ ਚੈਂਪੀਅਨ ਬਣਿਆ।
ਜਰਨੈਲ ਨੇ ਫੁਟਬਾਲ ਖੇਡ ਵਿੱਚ ਆਪਣੇ ਪਿੱਤਰੀ ਸੂਬੇ ਨੂੰ ਪਹਿਲੀ ਵਾਰ ਇੰਨਾ ਵੱਡਾ ਸਨਮਾਨ ਦਿਵਾਇਆ। ਉਸ ਵੇਲੇ ਮੀਡੀਆ ਜਗਤ ਵਿੱਚ ਇਹੋ ਚਰਚਾ ਹੋਈ ਕਿ ਹਾਕੀ ਤੇ ਅਥਲੈਟਿਕਸ ਤੋਂ ਬਾਅਦ ਫੁਟਬਾਲ ਵਿੱਚ ਵੀ ਹੁਣ ਪੰਜਾਬ ਦੀ ਤੂਤੀ ਬੋਲਣ ਲੱਗ ਗਈ। ਉਸ ਤੋਂ ਬਾਅਦ ਜਰਨੈਲ ਸਿੰਘ ਨੇ ਟੀਮ ਦੀ ਕੋਚਿੰਗ ਸਾਂਭ ਲਈ। ਚਾਰ ਵਰ੍ਹਿਆਂ ਬਾਅਦ ਪੰਜਾਬ ਦੂਜੀ ਵਾਰ ਸੰਤੋਸ਼ ਟਰਾਫੀ ਚੈਂਪੀਅਨ ਬਣਿਆ। ਪੰਜਾਬ ਦਾ ਮੈਰਾਡੋਨਾ ਕਿਹਾ ਜਾਂਦਿਆ ਇੰਦਰ ਸਿੰਘ ਉਦੋਂ ਛਾ ਗਿਆ ਜਿਸ ਨੇ ਕੁੱਲ 23 ਗੋਲ ਕੀਤੇ। ਜਰਨੈਲ ਦੀ ਕੋਚਿੰਗ ਹੇਠ ਪੰਜਾਬ ਨੇ ਫਾਈਨਲ ਵਿੱਚ ਫੁਟਬਾਲ ਦੀ ਤਾਕਤਵਾਰ ਟੀਮ ਪੱਛਮੀ ਬੰਗਾਲ ਨੂੰ 6-0 ਨਾਲ ਹਰਾਇਆ। ਜਿਹੜੇ ਪੰਜਾਬੀ ਜਰਨੈਲ ਦੇ ਮੋਹਨ ਬਗਾਨ ਵੱਲੋਂ ਖੇਡਦਿਆਂ ਗਿਲਾ ਕਰਦੇ ਹੁੰਦੇ ਸਨ, ਹੁਣ ਉਹ ਉਸ ਦੇ ਸੋਹਲੇ ਗਾਉਣ ਲੱਗੇ। ਜਰਨੈਲ ਨੇ ਪੰਜਾਬੀਆਂ ਦੇ ਸਭ ਗਿਲੇ ਸ਼ਿਕਵੇ ਦੂਰ ਕਰ ਦਿੱਤੇ। ਉਸ ਨੇ ਇਹ ਸਿੱਧ ਕਰ ਦਿੱਤਾ ਬੰਗਾਲ ਹੋਵੇ ਜਾਂ ਪੰਜਾਬ, ਜਰਨੈਲ ਜਿੱਧਰ ਹੋਵੇਗਾ, ਉਸੇ ਟੀਮ ਦਾ ਪਲੜਾ ਭਾਰੀ ਹੋਵੇਗਾ। ਜਰਨੈਲ ਸਿੰਘ ਖੇਡ ਵਿਭਾਗ ਪੰਜਾਬ ਵਿੱਚ ਕਾਰਜਕਾਰੀ ਡਾਇਰੈਕਟਰ ਦੇ ਅਹੁਦੇ ਤੱਕ ਪੁੱਜਿਆ। 1994 ਵਿੱਚ ਉਹ ਰਿਟਾਇਰ ਹੋਇਆ।
ਜਰਨੈਲ ਸਿੰਘ ਦੀ ਗੁੱਡੀ ਰਿਟਾਇਰਮੈਂਟ ਤੋਂ ਪਹਿਲਾਂ ਵੀ ਅਤੇ ਬਾਅਦ ਵਿੱਚ ਵੀ ਚੜ੍ਹੀ ਰਹੀ। ਜਰਨੈਲ ਦੀ ਇਹ ਮਕਬੂਲੀਅਤ ਫੁਟਬਾਲ ਦੇ ਦਿਨਾਂ ਤੋਂ ਹੀ ਸੀ। ਬੰਗਾਲੀ ਉਸ ਦੀ ਬਹੁਤ ਕਦਰ ਕਰਦੇ ਸਨ। ਇਥੋਂ ਤੱਕ ਕਿ ਜਵਾਨ ਕੁੜੀਆਂ ਉਸ ਦੀਆਂ ਬਹੁਤ ਚਹੇਤੀਆਂ ਸਨ। ਇਕ ਵਾਰ ਅਮੀਰ ਘਰ ਦੀ ਜਵਾਨ ਕੁੜੀ ਨੇ ਉਸ ਨੂੰ ਵਿਆਹ ਦੀ ਪੇਸ਼ਕਸ ਕਰ ਦਿੱਤੀ। ਜਰਨੈਲ ਆਪਣੀ ਖੇਡ ਦੇ ਨਾਲ ਕਰੈਕਟਰ ਦਾ ਵੀ ਬਹੁਤ ਪੱਕਾ ਸੀ। ਜਰਨੈਲ ਨੇ ਨਿਮਰਤਾ ਨਾਲ ਨਾਂਹ ਕਰ ਦਿੱਤੀ। ਮੋਹਨ ਬਗਾਨ ਨੇ ਆਪਣੇ ਇਸ ਮਹਿਬੂਬ ਖਿਡਾਰੀ ਨੂੰ ਮੋਹਨ ਬਗਾਨ ਰਤਨ ਦੇ ਕੇ ਨਿਵਾਜਿਆ। ਇਕੇਰਾਂ ਮੋਹਨ ਬਗਾਨ ਦੀ ਟੀਮ ਨੈਸ਼ਨਲ ਫੁਟਬਾਲ ਲੀਗ ਦਾ ਮੈਚ ਖੇਡਣ ਲਈ ਲੁਧਿਆਣੇ ਦੇ ਗੁਰੂ ਨਾਨਕ ਸਟੇਡੀਅਮ ਆਈ ਸੀ। ਜਰਨੈਲ ਸਿੰਘ ਦਰਸ਼ਕ ਗੈਲਰੀ ਵਿੱਚ ਬੈਠਾ ਸੀ। ਮੋਹਨ ਬਗਾਨ ਦੇ ਕੋਚ ਸੁਬਰਾਤਾ ਭੱਟਾਚਾਰੀਆ ਨੇ ਆਪਣੇ ਖਿਡਾਰੀਆਂ ਨੂੰ ਜਿਉਂ ਹੀ ਜਰਨੈਲ ਦੇ ਗਰਾਊਂਡ ਵਿੱਚ ਬੈਠਣ ਬਾਰੇ ਦੱਸਿਆ ਤਾਂ ਮੋਹਨ ਬਗਾਨ ਦੇ ਖਿਡਾਰੀ ਭੱਜੇ ਹੋਏ ਉਸ ਵੱਲ ਗਏ। ਉਹ ਫਟਾਫਟ ਤਸਵੀਰਾਂ ਤੇ ਆਟੋਗ੍ਰਾਫ ਲੈਣ ਲੱਗੇ। ਪੰਜਾਬ ਦੇ ਰਾਜਪਾਲ ਰਹੇ ਸਿਧਾਰਥ ਸ਼ੰਕਰ ਰੇਅ ਤੇ ਉਨ੍ਹਾਂ ਦੀ ਪਤਨੀ ਜੋ ਬੰਗਾਲ ਦੇ ਰਹਿਣ ਵਾਲੇ ਸਨ, ਜਰਨੈਲ ਦੀ ਖੇਡ ਦੇ ਬਹੁਤ ਵੱਡੇ ਮੁਰੀਦ ਸਨ। ਜਦੋਂ ਉਹ ਪੰਜਾਬ ਦੇ ਰਾਜਪਾਲ ਸਨ ਤਾਂ ਜਰਨੈਲ ਸਿੰਘ ਨੂੰ ਉਚੇਚੇ ਤੌਰ 'ਤੇ ਮਿਲਦੇ ਅਤੇ ਉਸ ਦੇ ਮੁਰੀਦ ਬਣ ਕੇ ਇਸ ਮਹਾਨ ਖਿਡਾਰੀ ਦੀ ਮਹਿਮਾਨਨਿਵਾਜ਼ੀ ਕਰਦੇ।
ਜਰਨੈਲ ਸਿਰੜੀ ਵੀ ਬਹੁਤ ਸੀ। ਸ਼ੁਰੂਆਤੀ ਦਿਨਾਂ ਵਿੱਚ ਉਸ ਨੂੰ ਹੈਡਰ ਲਗਾਉਣ ਦੀ ਬਹੁਤ ਸਮੱਸਿਆ ਆ ਰਹੀ ਸੀ। ਇਸ ਪੱਖ ਨੂੰ ਮਜ਼ਬੂਤ ਕਰਨ ਲਈ ਇਕ ਸੀਜ਼ਨ ਉਸ ਨੇ ਪੈਂਡੂਲੰਮ ਨਾਲ ਬਾਲ ਬੰਨ੍ਹ ਕੇ ਨਿਰੰਤਰ ਸਿਰ ਨਾਲ ਬਾਲ ਮਾਰਨ ਦਾ ਅਭਿਆਸ ਸ਼ੁਰੂ ਕੀਤਾ। ਆਫ ਸੀਜ਼ਨ ਵਿੱਚ ਪੰਜਾਬ ਆਇਆ ਤਾਂ ਪਿੰਡ ਰੱਸੀ ਨਾਲ ਬਾਲ ਬੰਨ੍ਹ ਕੇ ਅਭਿਆਸ ਜਾਰੀ ਰੱਖਿਆ। ਜਦੋਂ ਉਹ ਵਾਪਸ ਗਿਆ ਤਾਂ ਬੰਗਾਲੀਆਂ ਦੀ ਹੈਰਾਨੀ ਦੀ ਹੱਦ ਨਾ ਰਹੀ ਕਿ ਜੂੜ੍ਹੇ ਵਾਲਾ ਸਰਦਾਰ ਸਿਰ ਨਾਲ ਵੀ ਬਾਲ ਨੂੰ ਬਹੁਤ ਵਧੀਆ ਕਲੀਅਰ ਕਰਦਾ ਹੈ। ਫੁਟਬਾਲ ਦੇ ਸਭ ਤੋਂ ਵੱਡੇ ਕੁਮੈਂਟੇਟਰ ਤੇ ਖੇਡ ਲਿਖਾਰੀ ਨੋਵੀ ਕਪਾਡੀਆ ਲਿਖਦੇ ਹਨ ਕਿ ਜਰਨੈਲ ਸਿੰਘ ਫਾਰਵਰਡਾਂ ਲਈ ਬਹੁਤ ਹੀ ਡਰਾਉਣਾ ਅਤੇ ਭਿਅੰਕਰ ਹੁੰਦਾ ਸੀ ਜਿਹੜਾ ਗਰਾਊਂਡ ਵਿੱਚ ਆਪਣੇ ਗੋਲਾਂ ਦੀ ਇਕ ਇੰਚ ਵੀ ਜਗ੍ਹਾਂ ਫਾਰਵਰਡਾਂ ਨੂੰ ਖਾਲੀ ਨਹੀਂ ਛੱਡਦਾ ਸੀ। ਪ੍ਰਸਿੱਧ ਖੇਡ ਪੱਤਰਕਾਰ ਜੈਦੀਪ ਬਾਸੂ ਲਿਖਦੇ ਹਨ ਕਿ ਭਾਰਤ ਦੇ ਚੋਟੀ ਦੇ ਫਾਰਵਰਡ ਅਰੁਣ ਘੋਸ਼ ਨੂੰ ਸਾਰੀ ਉਮਰ ਜਰਨੈਲ ਦੇ ਹੀ ਸੁਫਨੇ ਆਈ ਗਏ। ਅਰੁਣ ਘੋਸ਼ ਨੂੰ ਜਰਨੈਲ ਖਿਲਾਫ ਖੇਡਦਿਆਂ ਇੰਝ ਲੱਗਦਾ ਸੀ ਜਿਵੇਂ ਉਹ ਕਿਸੇ ਯੂਰੋਪ ਦੇ ਮੈਦਾਨ ਵਿੱਚ ਵੱਡੀ ਟੀਮ ਮੁਕਾਬਲੇ ਖੇਡ ਰਿਹਾ ਹੋਵੇ। ਆਨੰਦ ਬਜ਼ਾਰ ਪੱਤ੍ਰਿਕਾ ਨੇ ਉਸ ਨੂੰ ਗਿਬਰਾਲਟਰ ਦਾ ਖਿਤਾਬ ਦਿੱਤਾ। ਜਰਨੈਲ ਬਹੁਤ ਸਾਫ ਟੈਕਲ ਕਰਦਾ ਸੀ। ਜਰਨੈਲ ਦੀ ਖੇਡ ਜਿੰਨੀ ਹਮਲਾਵਰ ਤੇ ਤੇਜ ਸੀ, ਸੁਭਾਅ ਵਿੱਚ ਉਨੀ ਹੀ ਹਲੀਮੀ ਤੇ ਹੌਲੀ ਬੋਲਣ ਦੀ ਆਦਤ ਸੀ। ਉਸ ਦਾ ਆਪਣੀ ਖੇਡ ਉਤੇ ਬਹੁਤ ਕੰਟਰੋਲ ਸੀ। ਔਖੇ ਵੇਲੇ ਤਾਂ ਉਸ ਦੀ ਖੇਡ ਹੋਰ ਵੀ ਨਿਖਰ ਜਾਂਦੀ ਸੀ। ਉਸ ਦੀ ਬਾਲ ਕਲੀਅਰੈਂਸ ਕਮਾਲ ਦੀ ਸੀ। ਉਸ ਦੀ ਜ਼ੋਰਦਾਰ ਕਿੱਕ ਨਾਲ ਫਾਰਵਰਡ ਖਿਡਾਰੀਆਂ ਨੂੰ ਦਿੱਤੇ ਜਾਂਦੇ ਨਪੇ-ਤੁਲੇ ਸਟੀਕ ਪਾਸਾਂ ਦਾ ਕੋਈ ਮੁਕਾਬਲਾ ਨਹੀਂ ਸੀ।
ਜਰਨੈਲ ਸਿੰਘ ਕਬੱਡੀ ਦਾ ਵੀ ਤਕੜਾ ਜਾਫੀ ਰਿਹਾ। ਪਿੰਡ ਵੱਲੋਂ ਖੇਡਦੇ ਹੋਏ ਉਸ ਨੇ ਹੁਸ਼ਿਆਰਪੁਰ ਦੇ ਵੱਡੇ ਰੇਡਰ ਸੰਤੋਖ ਤੋਖੀ ਨੂੰ ਜੱਫਾ ਲਾ ਕੇ ਕਬੱਡੀ ਖੇਡ ਵਿੱਚ ਤਹਿਲਕਾ ਮਚਾ ਦਿੱਤਾ ਸੀ। ਖੇਡਾਂ ਦੀ ਦੁਨੀਆਂ ਵਿੱਚ ਉਸ ਦੀ ਪਛਾਣ ਪਨਾਮ ਵਾਲੇ ਜਰਨੈਲ ਸਿੰਘ ਦੀ ਰਹੀ ਹੈ ਜਦੋਂ ਕਿ ਉਸ ਦਾ ਪੂਰਾ ਨਾਮ ਜਰਨੈਲ ਸਿੰਘ ਢਿੱਲੋਂ ਸੀ। ਕਬੱਡੀ ਵਾਲੇ ਉਸ ਨੂੰ ਜੈਲਾ ਪਨਾਮੀਆ, ਜੈਲਾ ਜਾਫੀ, ਜੈਲਾ ਜੁਗਤੀ ਕਹਿੰਦੇ ਸਨ। ਕਬੱਡੀ ਖੇਡਦਾ ਜਰਨੈਲ ਆਪਣੇ ਤੋਂ ਤਕੜੇ ਰੇਡਰ ਨੂੰ ਜੁਗਤ ਨਾਲ ਜੱਫਾ ਲਾ ਲੈਂਦਾ ਸੀ। ਜਰਨੈਲ ਦੀ ਖੁਰਾਕ ਵੀ ਛੋਟੇ ਹੁੰਦੇ ਤੋਂ ਬਹੁਤ ਤਕੜੀ ਸੀ। ਕਬੱਡੀ ਖਿਡਾਰੀਆਂ ਵਾਲਾ ਜੁੱਸਾ ਹੋਣ ਕਰਕੇ ਉਹ ਵਿਰੋਧੀ ਫਾਰਵਰਡਾਂ ਲਈ ਟੇਢੀ ਖੀਰ ਰਹਿੰਦਾ ਸੀ। ਜਰਨੈਲ ਨੂੰ ਕੱਟਣਾ ਚੀਨ ਦੀ ਦੀਵਾਰ ਟੱਪਣ ਤੋਂ ਘੱਟ ਨਹੀਂ ਹੁੰਦਾ ਸੀ। ਜਰਨੈਲ ਦੀ ਖੁਰਾਕ ਦਾ ਵੀ ਇਕ ਮਸ਼ਹੂਰ ਕਿੱਸਾ ਹੈ। ਜਰਨੈਲ ਅਥਲੀਟ ਪਰਵੀਨ ਕੁਮਾਰ ਵਾਂਗ ਬਾਲਟੀ ਦੁੱਧ ਪੀ ਜਾਂਦਾ ਸੀ। ਜਦੋਂ ਉਹ ਮਾਹਿਲਪੁਰ ਪੜ੍ਹਨ ਆਇਆ ਤਾਂ ਡਾਇਟ ਵਿੱਚ ਮਿਲਦੇ ਦੁੱਧ ਨਾਲ ਉਸ ਦਾ ਗੁਜ਼ਾਰਾ ਨਾ ਹੁੰਦਾ ਅਤੇ ਉਹ ਮਾਹਿਲਪੁਰ ਵਿੱਚ ਦੁੱਧ ਪੀਣ ਲਈ ਸਪੈਸ਼ਲ ਆਪਣੇ ਮਾਮੇ ਦੇ ਘਰ ਜਾਂਦਾ। ਜਰਨੈਲ ਦਾ ਮਾਮਾ ਠੇਕੇਦਾਰ ਸੀ ਜਿਸ ਕਾਰਨ ਪ੍ਰਿੰਸੀਪਲ ਹਰਭਜਨ ਸਿੰਘ ਨੂੰ ਸ਼ੱਕ ਹੋਇਆ ਕਿ ਕਿਤੇ ਉਹ ਚੋਰੀ ਸ਼ਰਾਬ ਪੀਣ ਤਾਂ ਨਹੀਂ ਜਾਂਦਾ। ਇਕ ਦਿਨ ਉਨ੍ਹਾਂ ਉਸ ਦੇ ਪਿੱਛੇ ਕਿਸੇ ਨੂੰ ਭੇਜਿਆ ਅਤੇ ਫੇਰ ਜਾ ਕੇ ਦੁੱਧ ਦਾ ਕਿੱਸਾ ਪਤਾ ਲੱਗਿਆ। ਪ੍ਰਿੰਸੀਪਲ ਹਰਭਜਨ ਸਿੰਘ ਨੇ ਉਸ ਦਿਨ ਤੋਂ ਬਾਅਦ ਜਰਨੈਲ ਦੀ ਖੁਰਾਕ ਵਿੱਚ ਦੁੱਧ ਡਬਲ ਕਰ ਦਿੱਤਾ।
ਜਰਨੈਲ ਸਿੰਘ ਦੇ ਪੰਜ ਧੀਆਂ ਤੇ ਦੋ ਪੁੱਤਰ ਸਨ। ਦੋਵੋਂ ਪੁੱਤਰਾਂ ਦੇ ਨਾਮ ਉਸ ਦੇ ਮਹਿਬੂਬ ਕਲੱਬ ਮੋਹਨ ਬਗਾਨ ਦੇ ਨਾਮ ਉਤੇ ਸਨ। ਜਗਮੋਹਨ ਸਿੰਘ ਤੇ ਹਰਸ਼ਮੋਹਨ ਸਿੰਘ। ਜਗਮੋਹਨ ਬੀ.ਐਸ.ਐਫ. ਵੱਲੋਂ ਫੁਟਬਾਲ ਖੇਡਦਾ ਸੀ ਅਤੇ ਭਾਰਤੀ ਟੀਮ ਵੱਲੋਂ ਵੀ ਸੈਫ ਖੇਡਾਂ ਵਿੱਚ ਹਿੱਸਾ ਲਿਆ। ਹਰਸ਼ਮੋਹਨ ਯੂਨੀਵਰਸਿਟੀ ਤੱਕ ਖੇਡਿਆ। ਜਰਨੈਲ ਨੇ ਆਪਣੀ ਖੇਡ ਦੇ ਸਿਰ 'ਤੇ ਵੱਡੀ ਕਬੀਲਦਾਰੀ ਨਿਪਟ ਲਈ ਸੀ। ਰਿਟਾਇਰਮੈਂਟ ਤੋਂ ਬਾਅਦ ਜਦੋਂ ਜਰਨੈਲ ਦੇ ਅਰਾਮ ਦਾ ਸਮਾਂ ਆਇਆ ਤਾਂ ਉਸ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ। 1994 ਵਿੱਚ ਜਰਨੈਲ ਸਿੰਘ ਦੀ ਪਤਨੀ ਦਾ ਦੇਹਾਂਤ ਹੋ ਗਿਆ। ਫੇਰ ਉਸ ਦੇ ਨੌਜਵਾਨ ਜਵਾਈ ਦੀ ਮੌਤ ਹੋ ਗਈ। 1996 ਵਿੱਚ ਜਰਨੈਲ ਦੇ ਮੁੰਡੇ ਜਗਮੋਹਨ ਨੇ ਭਰ ਜੁਆਨੀ ਵਿੱਚ ਖੁਦਕੁਸ਼ੀ ਕਰ ਲਈ। ਦੱਸਣ ਵਾਲੇ ਖੁਦਕੁਸ਼ੀ ਪਿੱਛੇ ਵਿਆਹੁਤਾ ਜ਼ਿੰਦਗੀ ਵਿੱਚ ਕਲੇਸ਼ ਨੂੰ ਕਾਰਨ ਦੱਸਦੇ ਹਨ। ਜਰਨੈਲ ਤੋਂ ਇਹ ਸਦਮਾ ਸਹਾਰਿਆ ਨਾ ਗਿਆ। ਜਰਨੈਲ ਦੀ ਜ਼ਿੰਦਗੀ ਬਦਰੰਗ ਹੋ ਗਈ। ਇਸ ਦੌਰਾਨ ਉਹ ਆਪਣੇ ਦੂਜੇ ਮੁੰਡੇ ਹਰਸ਼ਮੋਹਨ ਕੋਲ ਕੈਨੇਡਾ ਦੇ ਸ਼ਹਿਰ ਵੈਨਕੂਵਰ ਚਲਾ ਗਿਆ ਪਰ ਜਰਨੈਲ ਦੀ ਜ਼ਿੰਦਗੀ ਵਿੱਚ ਵੀ ਫੇਰ ਬਹਾਰ ਨਾ ਆਈ। ਪੂਰੇ ਖੇਡ ਜੀਵਨ ਐਬਾਂ ਤੋਂ ਦੂਰ ਰਹਿਣ ਵਾਲੇ ਜਰਨੈਲ ਨੇ ਆਪਣੇ ਦੁੱਖਾਂ ਨੂੰ ਭੁਲਾਉਣ ਲਈ ਸ਼ਰਾਬ ਦਾ ਸਹਾਰਾ ਲਿਆ। ਉਸ ਦੀ ਸਿਹਤ ਦਿਨ-ਬ-ਦਿਨ ਵਿਗੜਦੀ ਗਈ।
ਅੰਤ 13 ਅਕਤੂਬਰ 2000 ਦੇ ਮਨਹੂਸ ਦਿਨ ਭਾਰਤੀ ਫੁਟਬਾਲ ਨੇ ਆਪਣਾ ਸਭ ਤੋਂ ਵੱਡਾ ਸਿਤਾਰਾ ਗੁਆ ਲਿਆ। ਜਰਨੈਲ ਨੇ ਉਸੇ ਸਾਲ ਨਵੰਬਰ ਮਹੀਨੇ ਭਾਰਤ ਆਉਣ ਦੀ ਟਿਕਟ ਕਟਾਈ ਸੀ ਪਰ ਭਾਰਤ ਆਉਣ ਦੀ ਤਮੰਨਾ ਵਿਚਾਲੇ ਹੀ ਰਹਿ ਗਈ। ਉਸ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਗਈ। ਉਸ ਵੇਲੇ ਦੇ ਖੇਡ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਹਵਾਈ ਅੱਡੇ ਉਤੇ ਉਸ ਦੀ ਮ੍ਰਿਤਕ ਦੇਹ ਨੂੰ ਰਿਸੀਵ ਕੀਤਾ। ਬਚਪਨ ਵਿੱਚ ਸੰਤਾਲੀ ਦੀ ਵੰਡ ਵੇਲੇ ਤਾਂ ਉਹ ਪਾਕਿਸਤਾਨੋਂ ਕਿਵੇਂ ਨਾ ਕਿਵੇਂ ਬਚਦਾ ਬਚਾਉਂਦਾ ਆ ਗਿਆ ਸੀ ਪਰ ਕੈਨੇਡਾ ਤੋਂ ਉਸ ਦੀ ਮ੍ਰਿਤਕ ਦੇਹ ਹੀ ਵਾਪਸ ਆਈ। ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਫੈਲ ਗਈ। ਪੰਜਾਬੀ ਤੇ ਬੰਗਾਲੀ ਫੁਟਬਾਲ ਪ੍ਰੇਮੀਆਂ ਲਈ ਇਹ ਬਹੁਤ ਵੱਡਾ ਸਦਮਾ ਸੀ। ਜਰਨੈਲ ਸਿੰਘ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਪਹਿਲਾਂ ਮਾਹਿਲਪੁਰ ਫੇਰ ਉਸ ਦੇ ਪਿੰਡ ਪਨਾਮ ਰੱਖਿਆ ਗਿਆ। ਖੇਡ ਪ੍ਰੇਮੀਆਂ ਨੇ ਫੁਟਬਾਲ ਦੇ ਇਸ ਜਰਨੈਲ ਨੂੰ ਆਖਰੀ ਅਲਵਿਦਾ ਆਖੀ। ਜਰਨੈਲ ਸਿੰਘ ਦੀ ਯਾਦਗਾਰ ਉਸ ਦੇ ਪਿੰਡ ਪਨਾਮ ਬਣਾਈ ਗਈ ਜਿੱਥੇ ਉਸ ਨੂੰ ਫੁਟਬਾਲ ਦਾ ਬਾਬਾ ਬੋਹੜ ਲਿਖ ਕੇ ਲਿਖਿਆ ਹੈ। ਬੱਬਰ ਅਕਾਲੀ ਮੈਮੋਰੀਅਨ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਆਲੀਸ਼ਾਨ ਓਲੰਪੀਅਨ ਜਰਨੈਲ ਸਿੰਘ ਯਾਦਗਾਰੀ ਸਟੇਡੀਅਮ ਉਸਾਰਿਆ ਗਿਆ। ਉਸ ਦੀ ਯਾਦ ਵਿੱਚ ਜਰਨੈਲ ਸਿੰਘ ਫੁਟਬਾਲ ਟੂਰਨਾਮੈਂਟ ਸ਼ੁਰੂ ਕੀਤਾ ਗਿਆ। ਨਵੀਂ ਉਮਰ ਦੇ ਭਾਰਤੀ ਫੁਟਬਾਲਰ ਪਨਾਮ ਉਸ ਦੇ ਘਰ ਆ ਕੇ ਇੰਝ ਸਿਜਦਾ ਕਰਨ ਆਉਂਦੇ ਹਨ ਜਿਵੇਂ ਕੋਈ ਬੰਦਾ ਆਪਣੇ ਧਾਰਮਿਕ ਸਥਾਨ ਅਕੀਦਤ ਭੇਂਟ ਕਰਨ ਆਇਆ ਹੋਵੇ।
ਗੋਆ ਦਾ ਰਹਿਣ ਵਾਲਾ ਭਾਰਤੀ ਫੁਟਬਾਲ ਟੀਮ ਦਾ ਡਿਫੈਂਡਰ ਰਿਹਾ ਮਹੇਸ਼ ਗਵਾਲੀ ਜਦੋਂ ਭਾਰਤੀ ਟੀਮ ਵਿੱਚ ਚੁਣਿਆ ਗਿਆ ਤਾਂ ਉਸ ਨੇ ਪਨਾਮ ਆ ਕੇ ਜਰਨੈਲ ਸਿੰਘ ਨੂੰ ਸਿਜਦਾ ਕਰਨ ਆਇਆ। ਕਿਸੇ ਖਿਡਾਰੀ ਲਈ ਇਸ ਤੋਂ ਵੱਡਾ ਸਨਮਾਨ ਨਹੀਂ ਹੋ ਸਕਦਾ ਕਿ ਅਗਲੀ ਪੀੜ੍ਹੀ ਉਸ ਨੂੰ ਰੱਬ ਵਾਂਗ ਪੂਜੇ। ਭਾਰਤੀ ਫੁਟਬਾਲ ਨੇ ਇਸ ਤੋਂ ਵੱਡਾ ਖਿਡਾਰੀ ਨੇ ਦੇਖਿਆ, ਜਿਸ ਨੇ ਨਾ ਕੇਵਲ ਭਾਰਤ ਬਲਕਿ ਏਸ਼ੀਆ ਦੀ ਜਰਨੈਲੀ ਕੀਤੀ ਹੋਵੇ। ਪਿਛਲੇ ਦਿਨੀਂ 40 ਦਿਨਾਂ ਦੇ ਵਕਫੇ ਵਿੱਚ ਭਾਰਤੀ ਫੁਟਬਾਲ ਦੇ ਦੋ ਵੱਡੇ ਖਿਡਾਰੀਆਂ ਪੀ.ਕੇ.ਬੈਨਰਜੀ ਤੇ ਚੂਨੀ ਗੋਸਵਾਮੀ ਦਾ ਦੇਹਾਂਤ ਹੋਇਆ ਜੋ 1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਦੀ ਚੈਂਪੀਅਨ ਟੀਮ ਵਿੱਚ ਜਰਨੈਲ ਸਿੰਘ ਦੇ ਸਾਥੀ ਸੀ। ਦੋਵਾਂ ਦੇ ਤੁਰਨ ਉਤੇ ਜਰਨੈਲ ਦੀ ਯਾਦ ਫੇਰ ਆ ਗਈ। ਫੁਟਬਾਲ ਪ੍ਰੇਮੀਆਂ ਨੂੰ ਬੈਨਰਜੀ ਤੇ ਗੋਸਵਾਮੀ ਦੇ ਨਾਲ ਜਰਨੈਲ ਦੀਆਂ ਗੱਲਾਂ ਯਾਦ ਆ ਗਈਆਂ। ਭਾਰਤੀ ਫੁਟਬਾਲ ਦਾ ਜਦੋਂ ਵੀ ਜ਼ਿਕਰ ਹੋਵੇਗਾ, ਜਰਨੈਲ ਬਿਨਾਂ ਹਰ ਕਿੱਸਾ ਤੇ ਕਹਾਣੀ ਅਧੂਰੀ ਰਹੇਗੀ।