ਨੌਦੀਪ ਨਾਲ ਗ੍ਰਿਫ਼ਤਾਰ ਕੀਤੇ ਗਏ ਸ਼ਿਵ ਨੂੰ ਵੀ ਤੁਰੰਤ ਰਿਹਾਅ ਕਰੇ ਖੱਟੜ ਸਰਕਾਰ : ‘ਆਪ’

2/28/2021 2:12:15 AM

ਚੰਡੀਗੜ੍ਹ, (ਰਮਨਜੀਤ)- ਆਮ ਆਦਮੀ ਪਾਰਟੀ ਨੇ ਪੰਜਾਬ ਦੇ ਕਿਰਤੀਆਂ ਦੇ ਹੱਕਾਂ ਦੀ ਲੜਾਈ ਲੜਨ ਵਾਲੀ ਨੌਦੀਪ ਕੌਰ ਦੀ ਰਿਹਾਈ ਨੂੰ ਹੱਕ, ਸੱਚ ਲਈ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਦੀ ਅੰਸ਼ਿਕ ਜਿੱਤ ਦੱਸਿਆ।
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਉਪ ਆਗੂ ਸਰਵਜੀਤ ਕੌਰ ਮਾਣੂੰਕੇ ਨੇ ਸ਼ਨੀਵਾਰ ਨੂੰ ਆਪਣੇ ਬਿਆਨ ਵਿਚ ਕਿਹਾ ਕਿ ਨੌਦੀਪ ਕੌਰ ਦੀ ਜ਼ਮਾਨਤ ਤੋਂ ਸਾਬਿਤ ਹੋਇਆ ਹੈ ਕਿ ਦਮਨਕਾਰੀ ਚਾਹੇ ਜਿੰਨਾ ਵੀ ਦਮਨ ਕਰ ਲਵੇ, ਅੰਤ ਵਿਚ ਜਿੱਤ ਸੱਚ ਦੀ ਹੀ ਹੁੰਦੀ ਹੈ। ਸਾਨੂੰ ਦੇਸ਼ ਦੀ ਨਿਆਂਇਕ ਵਿਵਸਥਾ ’ਤੇ ਮਾਣ ਹੈ। ਮੋਦੀ ਸਰਕਾਰ ਲਗਾਤਾਰ ਦੇਸ਼ ਦੇ ਲੋਕੰਤਰਿਕ ਵਿਵਸਥਾ ’ਤੇ ਸੱਟ ਮਾਰ ਰਹੀ ਹੈ ਪਰ ਆਜ਼ਾਦ ਅਦਾਲਤ ਕਾਰਣ ਹੀ ਅੱਜ ਦੇਸ਼ ਦਾ ਲੋਕਤੰਤਰ ਸੁਰੱਖਿਅਤ ਹੈ। ਮਾਣੂੰਕੇ ਨੇ ਹਰਿਆਣਾ ਪੁਲਸ ’ਤੇ ਇਲਜ਼ਾਮ ਲਗਾਇਆ ਕਿ ਪੁਲਸ ਵਲੋਂ ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ’ਤੇ ਜੇਲ ਵਿਚ ਉਸ ਨੂੰ ਬਹੁਤ ਟਾਰਚਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਹਰਿਆਣਾ ਦੀ ਖੱਟੜ ਸਰਕਾਰ ਲਗਾਤਾਰ ਕਿਸਾਨਾਂ ਨੂੰ ਟਾਰਗੇਟ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਛੇਤੀ ਤੋਂ ਛੇਤੀ ਸ਼ਿਵਕੁਮਾਰ ਅਤੇ ਜੇਲ ਵਿਚ ਬੰਦ ਸਾਰੇ ਅੰਦੋਲਨਕਾਰੀ ਕਿਸਾਨਾਂ ਨੂੰ ਰਿਹਾਅ ਕਰੇ।

ਉਨ੍ਹਾਂ ਕਿਹਾ ਕਿ ਸਾਨੂੰ ਲੋਕਤੰਤਰ ਅਤੇ ਦੇਸ਼ ਦੀ ਅਦਾਲਤ ’ਤੇ ਪੂਰਾ ਭਰੋਸਾ ਹੈ। ਨੌਦੀਪ ਕੌਰ ਨੂੰ ਰਿਹਾਅ ਕਰਨ ਦਾ ਅਦਾਲਤ ਦਾ ਫੈਸਲਾ ਭਾਜਪਾ ਸਰਕਾਰ ਨੂੰ ਕਰਾਰਾ ਤਮਾਚਾ ਹੈ। ਭਾਜਪਾ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਦੇਸ਼ ਦੇ ਨਾਗਰਿਆਂ ਤੋਂ ਵੋਟ ਲੈ ਕੇ ਉਨ੍ਹਾਂ ਨੂੰ ਜ਼ਬਰਦਸਤੀ ਜੇਲ ਵਿਚ ਪਾ ਰਹੀ ਹੈ।

ਉਨ੍ਹਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ’ਤੇ ਕੀਤੇ ਗਏ ਝੂਠੇ ਮੁਕੱਦਮੇ ਵਾਪਸ ਲੈਣ ਅਤੇ ਜੇਲ ਵਿਚ ਬੰਦ ਸਾਰੇ ਕਿਸਾਨਾਂ ਨੂੰ ਰਿਹਾਅ ਕਰਨ ਲਈ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਤੁਰੰਤ ਗੱਲ ਕਰਨ ਅਤੇ ਉਨ੍ਹਾਂ ’ਤੇ ਕੇਸ ਵਾਪਸ ਲੈਣ ਦਾ ਦਬਾਅ ਬਣਾਉਣ।


Bharat Thapa

Content Editor Bharat Thapa