ਮਹਿਮਾਨ ਨਿਵਾਜ਼ੀ ਦੇ ਨਾਲ-ਨਾਲ ਖੱਟੜ ਨੇ ਕੇਜਰੀਵਾਲ ਨੂੰ ਸੁਣਾਈਆਂ ਖਰੀਆਂ-ਖਰੀਆਂ

11/16/2017 7:19:08 AM

ਚੰਡੀਗੜ੍ਹ  (ਬਾਂਸਲ/ਪਾਂਡੇ) - ਸਿਆਸਤ ਵਿਚ ਦੂਸਰਿਆਂ 'ਤੇ ਦੋਸ਼ ਲਾਉਣ ਵਿਚ ਮਾਹਿਰ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਚੰਡੀਗੜ੍ਹ ਵਿਚ ਕੁਝ ਬਦਲੇ-ਬਦਲੇ ਨਜ਼ਰ ਆਏ। ਪ੍ਰਦੂਸ਼ਣ ਦੇ ਮੁੱਦੇ 'ਤੇ ਹਰਿਆਣਾ ਦੇ ਮੁਖ ਮੰਤਰੀ ਨਿਵਾਸ ਵਿਖੇ ਪਹਿਲੀ ਵਾਰ ਮੀਟਿੰਗ ਲਈ ਪੁੱਜੇ ਕੇਜਰੀਵਾਲ ਨੂੰ ਮੁਖ ਮੰਤਰੀ ਮਨੋਹਰ ਲਾਲ ਖੱਟੜ ਕੋਲੋਂ ਖਰੀਆਂ-ਖਰੀਆਂ ਵੀ ਸੁਣਨੀਆਂ ਪਈਆਂ। ਮੁਖ ਮੰਤਰੀ ਖੱਟੜ ਨੇ ਬੇਹੱਦ ਦਾਰਸ਼ਨਿਕ ਅੰਦਾਜ਼ ਵਿਚ ਕੇਜਰੀਵਾਲ ਨੂੰ ਇਹ ਦੱਸਣ ਤੋਂ ਪ੍ਰਹੇਜ਼ ਨਹੀਂ ਕੀਤਾ ਕਿ ਦਿੱਲੀ-ਹਰਿਆਣਾ ਵਿਚਾਲੇ ਭਾਵੇਂ ਹੀ ਸਰਹੱਦਾਂ ਨੂੰ ਰੇਖਾਂਕਿਤ ਕੀਤਾ ਗਿਆ ਹੋਵੇ ਪਰ ਨੇਚਰ ਤੇ ਹਵਾਵਾਂ ਨੂੰ ਅਸੀਂ ਸਰਹੱਦਾਂ ਵਿਚ ਬੰਨ੍ਹ ਨਹੀਂ ਸਕਦੇ।
ਖੱਟੜ ਨੇ ਕਿਹਾ ਕਿ ਦਿੱਲੀ ਸਿਰਫ ਤੁਹਾਡੀ ਨਹੀਂ ਹੈ, ਉਹ ਰਾਸ਼ਟਰੀ ਰਾਜਧਾਨੀ ਹੈ ਅਤੇ ਜਿੰਨਾ ਹੱਕ ਦਿੱਲੀ 'ਤੇ ਤੁਹਾਡਾ ਹੈ, ਉਨ੍ਹਾਂ ਹੀ ਸਾਰੇ ਸੂਬਿਆਂ ਦਾ ਹੈ। ਉਨ੍ਹਾਂ ਨੇ ਕੇਜਰੀਵਾਲ ਨੂੰ ਇਹ ਵੀ ਨਸੀਹਤ ਦਿੱਤੀ ਕਿ ਦਿੱਲੀ ਨਾਲ ਲੱਗਦੇ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਉਨ੍ਹਾਂ ਦੇ ਇਕ ਦਰਜਨ ਜ਼ਿਲੇ ਪੈਂਦੇ ਹਨ। ਦਿੱਲੀ ਦੀ ਆਬੋ-ਹਵਾ ਦਾ ਪ੍ਰਭਾਵ ਉਨ੍ਹਾਂ ਦੇ ਖੇਤਰ ਵਿਚ ਵੀ ਪੈਂਦਾ ਹੈ। ਖੱਟੜ ਨੇ ਕਿਹਾ ਕਿ ਭਵਿੱਖ ਲਈ ਇਸ ਦਾ ਸਥਾਈ ਹੱਲ ਕੱਢਣਾ ਜ਼ਰੂਰੀ  ਹੈ ਅਤੇ ਇਸ ਦੇ ਲਈ ਸਾਰਿਆਂ ਨੂੰ ਰਲ-ਮਿਲ ਕੇ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ।
ਮੁਖ ਮੰਤਰੀ ਨਿਵਾਸ 'ਤੇ ਪੁੱਜੇ ਕੇਜਰੀਵਾਲ ਦੀ ਮਹਿਮਾਨ ਨਿਵਾਜ਼ੀ ਵਿਚ ਹਰਿਆਣਾ ਸਰਕਾਰ ਵਲੋਂ ਕੋਈ ਕਸਰ ਨਹੀਂ ਛੱਡੀ ਗਈ। ਖੁਦ ਮੁਖ ਮੰਤਰੀ ਮਨੋਹਰ ਲਾਲ ਖੱਟੜ ਪ੍ਰੈੱਸ ਕਾਨਫਰੰਸ ਤੋਂ ਬਾਅਦ ਕੇਜਰੀਵਾਲ ਨੂੰ ਗੱਡੀ ਤੱਕ ਛੱਡਣ ਆਏ।
ਬੈਠਕ ਦੌਰਾਨ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਵਿਚ ਫੈਲੀ ਸਮੋਗ ਦੀ ਸਮੱਸਿਆ ਨੂੰ ਦੂਰ ਕਰਨ ਲਈ ਹੁਣ ਹਰਿਆਣਾ ਅਤੇ ਦਿੱਲੀ ਸਰਕਾਰ ਨੇ ਮਿਲ ਕੇ ਕੰਮ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਵਿਚਾਲੇ ਹੋਈ ਬੈਠਕ ਵਿਚ ਇਸ ਦਾ ਤਾਣਾ-ਬਾਣਾ ਤਿਆਰ ਕੀਤਾ ਗਿਆ। ਕਰੀਬ ਡੇਢ ਘੰਟੇ ਤੱਕ ਦੋਵੇਂ ਸੂਬਿਆਂ ਦੇ ਮੁਖ ਮੰਤਰੀਆਂ ਦੀ ਬੈਠਕ ਵਿਚ ਪਰਾਲੀ ਸਾੜਨ ਅਤੇ ਵਾਹਨਾਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ 'ਤੇ ਚਿੰਤਾ ਜ਼ਾਹਿਰ ਕੀਤੀ ਗਈ। ਬੈਠਕ ਵਿਚ 2018 ਵਿਚ ਸਰਦੀਆਂ ਦੇ ਮੌਸਮ  ਵਿਚ ਦੁਬਾਰਾ ਅਜਿਹੀ ਸਥਿਤੀ ਪੈਦਾ ਨਾ ਹੋਵੇ, ਲਈ ਉਪਾਅ ਕਰਨ ਦੀ ਲੋੜ 'ਤੇ ਵੀ ਸਹਿਮਤੀ ਪ੍ਰਗਟਾਈ ਗਈ।


Related News