ਖੱਟਾ ਸਿੰਘ ਦੇ ਨਾਰਕੋ ਟੈਸਟ ਦੀ ਲੋੜ ਨਹੀਂ : ਸੀ. ਬੀ. ਆਈ.

12/03/2017 8:44:49 AM

ਚੰਡੀਗੜ੍ਹ - ਰਣਜੀਤ ਸਿੰਘ ਕਤਲ ਕੇਸ 'ਚ ਗੁਰਮੀਤ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਦੇ ਮੁੜ ਬਿਆਨ ਦਰਜ ਕਰਵਾਉਣ ਦੀ ਮੰਗ ਵਾਲੀ ਅਰਜ਼ੀ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਈ। ਇਸ ਦੌਰਾਨ ਇਕ ਪਾਸੇ ਜਿਥੇ ਮਾਮਲੇ 'ਚ ਸਹਿ ਦੋਸ਼ੀ ਅਵਤਾਰ ਸਿੰਘ ਦੀ ਅਰਜ਼ੀ 'ਤੇ ਸੀ. ਬੀ. ਆਈ. ਨੇ ਆਪਣਾ ਜਵਾਬ ਪੇਸ਼ ਕੀਤਾ, ਉਥੇ ਇਕ ਹੋਰ ਦੋਸ਼ੀ ਇੰਦਰਸੇਨ ਵੱਲੋਂ ਸੀਨੀਅਰ ਐਡਵੋਕੇਟ ਵਿਨੋਦ ਘਈ ਨੇ ਖੱਟਾ ਸਿੰਘ ਦੇ ਚਰਿੱਤਰ ਦਾ ਖੁਲਾਸਾ ਕਰਨ ਲਈ ਕੁਝ ਦਸਤਾਵੇਜ਼ ਰਜਿਸਟਰੀ 'ਚ ਫਾਈਲ ਕੀਤੇ ਹਨ, ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਕਿ ਸੀ. ਬੀ. ਆਈ. ਨੂੰ ਖੱਟਾ ਸਿੰਘ ਨੇ ਸਾਲ 2006 'ਚ ਜੋ ਬਿਆਨ ਦਰਜ ਕਰਵਾਏ ਸਨ, ਸਬੰਧੀ ਖੱਟਾ ਸਿੰਘ ਨੇ ਹੇਠਲੀ ਅਦਾਲਤ 'ਚ ਅਰਜ਼ੀ ਦਾਇਰ ਕਰਕੇ ਕਿਹਾ ਸੀ ਕਿ ਉਹ ਬਿਆਨ ਸੀ. ਬੀ. ਆਈ. ਨੇ ਜਬਰਨ ਲਏ ਸਨ। ਉਹ ਆਪਣੇ ਬਿਆਨਾਂ 'ਚ ਖੁਦ ਕਹਿ ਚੁੱਕਾ ਹੈ ਕਿ ਜਿਸ ਦਿਨ ਰਣਜੀਤ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚਣ ਦੀ ਗੱਲ ਕਹੀ ਗਈ ਹੈ, ਉਸ ਦੌਰਾਨ ਗੁਰਮੀਤ ਰਾਮ ਰਹੀਮ ਰਾਜਸਥਾਨ 'ਚ ਸਨ। ਇਸ ਤਰ੍ਹਾਂ ਉਹ ਸਾਜ਼ਿਸ਼ 'ਚ ਕਿਵੇਂ ਸ਼ਾਮਲ ਹੋ ਸਕਦੇ ਹਨ।
ਹਾਲਾਂਕਿ ਖੱਟਾ ਸਿੰਘ ਨੇ ਉਸ ਗੱਲ ਨੂੰ ਆਪਣੀ ਅਰਜ਼ੀ ਦਾ ਹਿੱੱਸਾ ਨਹੀਂ ਬਣਾਇਆ। ਇਸ 'ਚ ਉਸ ਦੇ ਮੁੜ ਬਿਆਨ ਦਰਜ ਕਰਵਾਉਣ ਦੀ ਮੰਗ 'ਤੇ ਸਵਾਲ ਖੜ੍ਹੇ ਕੀਤੇ ਗਏ ਹਨ। ਹਾਈ ਕੋਰਟ ਨੇ ਅਵਤਾਰ ਸਿੰਘ ਦੀ ਅਰਜ਼ੀ 'ਚ ਸੀ. ਬੀ. ਆਈ. ਦਾ ਜਵਾਬ ਰਿਕਾਰਡ 'ਤੇ ਲੈ ਲਿਆ ਹੈ। ਹੁਣ ਕੇਸ 'ਚ ਅੰਤਿਮ ਬਹਿਸ ਲਈ 14 ਦਸੰਬਰ ਦੀ ਤਰੀਕ ਤੈਅ ਕੀਤੀ ਗਈ ਹੈ।
ਓਧਰ ਸਹਿ ਦੋਸ਼ੀ ਅਵਤਾਰ ਸਿੰਘ ਦੀ ਅਰਜ਼ੀ 'ਤੇ ਸੀ. ਬੀ. ਆਈ. ਨੇ ਜਵਾਬ 'ਚ ਕਿਹਾ ਹੈ ਕਿ ਹਾਈ ਕੋਰਟ ਦੇ ਹੁਕਮਾਂ 'ਤੇ ਸੀ. ਬੀ. ਆਈ. ਨੇ ਸਾਲ 2003 'ਚ ਰਣਜੀਤ ਸਿੰਘ ਕਤਲ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਖੱਟਾ ਸਿੰਘ ਡੇਰੇ ਨਾਲ ਜੁੜਿਆ ਹੋਇਆ ਸੀ ਤੇ ਗੁਰਮੀਤ ਰਾਮ ਰਹੀਮ ਦਾ ਡਰਾਈਵਰ ਸੀ। ਰਣਜੀਤ ਸਿੰਘ ਦੇ ਕਤਲ ਦੇ ਸਮੇਂ ਉਹ ਡੇਰੇ 'ਚ ਹੀ ਰਹਿੰਦਾ ਸੀ। ਸੀ. ਬੀ. ਆਈ. ਨੇ 21 ਜੂਨ, 2007 ਨੂੰ ਉਸ ਦੇ ਬਿਆਨ ਦਰਜ ਕੀਤੇ ਸਨ। ਬਿਆਨਾਂ 'ਚ ਉਸ ਨੇ ਗੁਰਮੀਤ ਰਾਮ ਰਹੀਮ ਦੇ ਨਿਰਦੇਸ਼ਾਂ 'ਤੇ ਕਤਲ ਦੀ ਸਾਜ਼ਿਸ਼ ਰਚਣ ਦਾ ਤਰੀਕਾ ਵੀ ਦੱਸਿਆ ਸੀ। ਹਾਲਾਂਕਿ 11 ਫਰਵਰੀ, 2012 ਨੂੰ ਉਹ ਆਪਣੇ ਬਿਆਨਾਂ ਤੋਂ ਮੁੱਕਰ ਗਿਆ ਸੀ ਤੇ ਉਸ ਨੂੰ ਹੋਸਟਾਈਲ ਐਲਾਨ ਕਰ ਦਿੱਤਾ ਗਿਆ ਸੀ। ਹੁਣ ਖੱਟਾ ਸਿੰਘ ਕਹਿ ਰਿਹਾ ਹੈ ਕਿ ਉਹ ਡੇਰਾ ਪ੍ਰਮੁੱਖ ਤੇ ਉਸ ਦੇ ਗੁਰਗਿਆਂ ਤੋਂ ਡਰਿਆ ਹੋਇਆ ਸੀ, ਇਸ ਲਈ ਆਪਣੇ ਬਿਆਨਾਂ ਤੋਂ ਮੁੱਕਰ ਗਿਆ ਸੀ।
ਖੱਟਾ ਸਿੰਘ ਦਾ ਨਾਰਕੋ ਟੈਸਟ ਕਰਵਾਉਣ ਦੀ ਮੰਗ 'ਤੇ ਸੀ. ਬੀ. ਆਈ. ਨੇ ਕਿਹਾ ਹੈ ਕਿ ਆਮ ਤੌਰ 'ਤੇ ਨਾਰਕੋ ਟੈਸਟ ਏਜੰਸੀ ਜਾਂਚ ਦੌਰਾਨ ਲੀਡ ਪ੍ਰਾਪਤ ਕਰਨ ਤੇ ਤੈਅ ਸਮੇਂ 'ਚ ਜਾਂਚ ਪੂਰੀ ਕਰਨ ਲਈ ਕਰਵਾਉਂਦੀ ਹੈ। ਇਹ ਕੇਸ ਆਖਰੀ ਪੜਾਅ 'ਚ ਹੈ। ਇਸ 'ਚ ਖੱਟਾ ਸਿੰਘ ਦਾ ਨਾਰਕੋ ਟੈਸਟ ਕਰਵਾਉਣਾ ਕਿਸੇ ਵੀ ਤਰ੍ਹਾਂ ਨਾਲ ਉਪਯੋਗੀ ਨਹੀਂ ਹੋਵੇਗਾ। ਇਸ ਲਈ ਅਵਤਾਰ ਸਿੰਘ ਦੀ ਅਰਜ਼ੀ ਨੂੰ ਖਾਰਿਜ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।


Related News