ਖਰੜ 'ਚ ਗੋਲੀਆਂ ਮਾਰ ਕੇ ਕਤਲ ਕੀਤੀ ਅਧਿਆਪਕਾ ਦਾ ਕਾਤਲ ਗ੍ਰਿਫਤਾਰ (ਵੀਡੀਓ)

Saturday, Dec 21, 2019 - 03:37 PM (IST)

ਮੋਹਾਲੀ (ਕੁਲਦੀਪ ਸਿੰਘ, ਜੱਸੋਵਾਲ) : ਖਰੜ ਦੇ ਸੰਨੀ ਇਨਕਲੇਵ ਸਥਿਤ ਨਾਲਜ ਬੱਸ ਸਕੂਲ ਦੀ ਅਧਿਆਪਕਾ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਕਾਤਲ ਨੂੰ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦਾ ਨਾਂ ਜਸਵਿੰਦਰ ਸਿੰਘ ਹੈ, ਜੋ ਕਿ ਬਠਿੰਡਾ ਦੇ ਦਿਆਲਪੁਰਾ ਪਿੰਡ ਦਾ ਰਹਿਣ ਵਾਲਾ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸ. ਐੱਸ. ਪੀ. ਮੋਹਾਲੀ ਕੁਲਦੀਪ ਸਿੰਘ ਚਹਿਲ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਮ੍ਰਿਤਕਾ ਸਰਬਜੀਤ ਕੌਰ ਕਾਫੀ ਸਮੇਂ ਤੋਂ ਹਰਵਿੰਦਰ ਸਿੰਘ ਸੰਧੂ ਨਾਂ ਦੇ ਵਿਅਕਤੀ ਨਾਲ ਲਿਵ-ਇਨ ਰਿਲੇਸ਼ਨ 'ਚ ਰਹਿ ਰਹੀ ਸੀ ਅਤੇ ਉਸ ਦੀ ਇਕ ਬੇਟੀ ਵੀ ਸੀ। ਲਿਵ-ਇਨ-ਰਿਲੇਸ਼ਨ 'ਚ ਰਹਿਣ ਦੌਰਾਨ ਹੀ ਹਰਵਿੰਦਰ ਸੰਧੂ ਵਿਦੇਸ਼ ਚਲਾ ਗਿਆ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਸਰਬਜੀਤ ਕੌਰ ਦਾ ਕਤਲ ਜਸਵਿੰਦਰ ਸਿੰਘ ਨੂੰ ਸੁਪਾਰੀ ਦੇ ਕੇ ਕਰਵਾਇਆ ਗਿਆ। ਦੱਸਣਯੋਗ ਹੈ ਕਿ 5 ਦਸੰਬਰ ਨੂੰ ਸੰਨੀ ਇਨਕਲੇਵ ਦੇ ਉਕਤ ਸਕੂਲ ਦੀ ਪਾਰਕਿੰਗ 'ਚ ਸਰਬਜੀਤ ਕੌਰ ਨੂੰ ਉਸ ਦੀ ਬੇਟੀ ਦੀਆਂ ਅੱਖਾਂ ਦੇ ਸਾਹਮਣੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਾਤਲ ਮੌਕੇ ਤੋਂ ਫਰਾਰ ਹੋ ਗਿਆ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਮਾਮਲੇ 'ਚ ਪੁਲਸ ਹਰਵਿੰਦਰ ਸਿੰਘ ਸੰਧੂ ਦੀ ਮਾਂ ਸ਼ਿੰਦਰ ਕੌਰ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਇਸ ਮਾਮਲੇ ਦੀ ਜਾਂਚ ਜਾਰੀ ਹੈ।

6 ਲੱਖ 'ਚ ਹਰਵਿੰਦਰ ਨੇ ਕਰਵਾਇਆ ਕਤਲ
ਹਰਵਿੰਦਰ ਸਿੰਘ ਸੰਧੂ ਨੇ ਆਪਣੇ ਸਾਥੀ ਜਸਵਿੰਦਰ ਸਿੰਘ ਨੂੰ ਸਰਬਜੀਤ ਕੌਰ ਦਾ ਕਤਲ ਕਰਨ ਲਈ 6 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਜਿਸ ਦੀ ਪਹਿਲੀ ਕਿਸ਼ਤ 1 ਲੱਖ ਰੁਪਏ ਜਸਵਿੰਦਰ ਨੂੰ ਦੇ ਦਿੱਤੀ ਗਈ ਸੀ, ਜਦੋਂ ਕਿ 5 ਲੱਖ ਕੰਮ ਹੋਣ ਤੋਂ ਬਾਅਦ ਦੇਣ ਲਈ ਕਿਹਾ ਗਿਆ ਸੀ।


author

Babita

Content Editor

Related News