ਖਨੌਰੀ ਬਾਰਡਰ ''ਤੇ ਹਲਚਲ ਹੋਈ ਤੇਜ, ਪਹੁੰਚ ਗਏ ਵੱਡੇ ਪੁਲਸ ਅਫ਼ਸਰ
Monday, Dec 30, 2024 - 03:00 PM (IST)
ਖਨੌਰੀ : ਖਨੌਰੀ ਬਾਰਡਰ 'ਤੇ ਭੁੱਖ ਹੜਤਾਲ 'ਤੇ ਬੈਠੇ ਜਗਜੀਤ ਸਿੰਘ ਡੇਲਵਾਲ ਨੂੰ ਮਨਾਉਣ ਦੀਆਂ ਕੋਸ਼ਿਸ਼ ਲਗਾਤਾਰ ਜਾਰੀ ਹਨ। ਕਿਸਾਨਾਂ ਵਲੋਂ ਅੱਜ ਡੱਲੇਵਾਲ ਦੀ ਭੁੱਖ ਹੜਤਾਲ ਤੇ ਆਪਣੀਆਂ ਮੰਗਾਂ ਦੇ ਸਮੱਰਥਨ ਵਿੱਚ ਪੰਜਾਬ ਬੰਦ ਕੀਤਾ ਗਿਆ ਹੈ। ਇਸ ਸਭ ਦੇ ਵਿਚਾਲੇ ਖਨੌਰੀ ਬਾਰਡਰ 'ਤੇ ਹਲਚਲ ਤੇਜ ਹੁੰਦੀ ਨਜ਼ਰ ਆ ਰਹੀ ਹੈ। ਅੱਜ ਖਨੌਰੀ ਬਾਰਡਰ 'ਤੇ ਪੁਲਸ ਵਿਭਾਗ ਦੇ ਕਈ ਵੱਡੇ ਅਫ਼ਸਰ ਪਹੁੰਚ ਚੁੱਕੇ ਹਨ। ਜਾਣਕਾਰੀ ਇਹ ਵੀ ਮਿਲੀ ਹੈ ਕਿ ਇਹ ਅਧਿਕਾਰੀ ਉਥੇ ਮੌਜੂਦ ਕਿਸਾਨ ਆਗੂਆਂ ਨਾਲ ਜਲਦ ਬੈਠਕ ਕਰਨਗੇ। ਜਿਸ ਦੌਰਾਨ ਭੁੱਖ ਹੜਤਾਲ 'ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਦਾਖ਼ਲ ਕਰਵਾਉਣ 'ਤੇ ਚਰਚਾ ਹੋ ਸਕਦੀ ਹੈ।
ਡੀਆਈ ਜੀ ਪਟਿਆਲਾ ਰੇਂਜ, ਸਾਬਕਾ ਏਡੀਜੀਪੀ ਜਸਕਰਨ ਸਿੰਘ, ਐਸਐੱਸਪੀ ਪਟਿਆਲਾ ਰੇਂਜ ਮੌਰਚੇ ਵਾਲੀ ਥਾਂ ਪਹੁੰਚੇ ਹਨ। ਜਿਨ੍ਹਾਂ ਨਾਲ ਕਿਸਾਨਾਂ ਦੀ ਬੈਠਕ ਹੋਣ ਦੀ ਚਰਚਾ ਚੱਲ ਰਹੀ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਮਾਮਲੇ ਵਿੱਚ ਸੁਪਰੀਮ ਕੋਰਟ ਵਲੋਂ ਬੀਤੇ ਦਿਨੀਂ ਸਖ਼ਤ ਟਿੱਪਣੀਆਂ ਕੀਤੀਆਂ ਗਈਆਂ ਸਨ। ਸੁਪਰੀਮ ਕੋਰਟ ਨੇ ਡੱਲੇਵਾਲ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਉਣ ਲਈ ਆਖਿਆ ਸੀ। ਜਿਸ ਪਿੱਛੋਂ ਪੰਜਾਬ ਪੁਲਸ ਦੇ ਅਧਿਕਾਰੀ ਲਗਾਤਾਰ ਡੱਲੇਵਾਲ ਤੇ ਕਿਸਾਨ ਆਗੂਆਂ ਨੂੰ ਮਨਾਉਣ ਵਿੱਚ ਲੱਗੇ ਹੋਏ ਹਨ। ਐਤਵਾਰ ਨੂੰ ਵੀ ਕਿਸਾਨ ਆਗੂਆਂ ਤੇ ਪੁਲਸ ਅਧਿਕਾਰੀਆਂ ਦੀ ਬੈਠਕ ਹੋਈ ਸੀ, ਪਰ ਉਹ ਕਿਸੇ ਨਤੀਜੇ ਤਕ ਨਹੀਂ ਪਹੁੰਚੀ। ਜਿਸ ਪਿੱਛੋਂ ਅੱਜ ਹੁਣ ਪੁਲਸ ਵਿਭਾਗ ਦੇ ਆਲਾ ਅਧਿਕਾਰੀ ਇਕ ਵਾਰ ਫਿਰ ਕਿਸਾਨ ਆਗੂਆਂ ਨਾਲ ਬੈਠਕ ਕਰ ਸਕਦੇ ਹਨ।
ਦੂਜੇ ਪਾਸੇ ਖਨੌਰੀ ਬਾਰਡਰ ’ਤੇ 35 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਤਹਿਤ ਇਲਾਜ ਲਈ ਚੁੱਕਣ ਵਾਸਤੇ ਪੁਲਿਸ ਵੱਲੋਂ ਕਿਸੇ ਵੀ ਸਮੇਂ ਕਾਰਵਾਈ ਨੂੰ ਅੰਜਾਮ ਦਿੱਤੇ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਸ ਸਬੰਧ ਵਿੱਚ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੋਮਵਾਰ ਸਵੇਰੇ ਹੀ ਪਾਤੜਾਂ ਸ਼ਹਿਰ ਵਿੱਚ ਵਾਟਰ ਕੈਨਨ ਦੀਆਂ ਗੱਡੀਆਂ, ਅੱਥਰੂ ਗੈਸ ਦੇ ਗੋਲੇ ਦਾਗ਼ਣ ਵਾਲੀਆਂ ਗੱਡੀਆਂ ਸਮੇਤ ਵੱਡੀ ਗਿਣਤੀ ਪੁਲਿਸ ਫੋਰਸ ਪਹੁੰਚੀ ਹੈ।
ਪੁਲਸ ਦੀ ਤਿਆਰੀ ਦੀਆਂ ਖ਼ਬਰਾਂ ਮਿਲਣ ਤੋਂ ਬਾਅਦ ਕਿਸਾਨ ਆਗੂ ਵੀ ਐਕਟੀਵ ਮੋਡ ਵਿੱਚ ਨਜ਼ਰ ਆ ਰਹੇ ਹਨ। ਕਿਸਾਨ ਆਗੂ ਚਾਹੁੰਦੇ ਹਨ ਕਿ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨ ਲਵੇ ਤੇ ਡੱਲੇਵਾਲ ਭੁੱਖ ਹੜਤਾਲ ਤੋੜ ਦੇਣਗੇ। ਕਿਸਾਨ ਆਗੂ ਨਹੀਂ ਚਾਹੁੰਦੇ ਕਿ ਧਰਨਕਾਰੀਆਂ 'ਤੇ ਪੁਲਸ ਕੋਈ ਕਾਰਵਾਈ ਕਰੇ।