ਖੰਨਾ ''ਚ ਨਾਜਾਇਜ਼ ਅਸਲਾ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 2 ਲੋਕ ਗ੍ਰਿਫ਼ਤਾਰ

Monday, Sep 11, 2023 - 04:07 PM (IST)

ਖੰਨਾ ''ਚ ਨਾਜਾਇਜ਼ ਅਸਲਾ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 2 ਲੋਕ ਗ੍ਰਿਫ਼ਤਾਰ

ਖੰਨਾ (ਵਿਪਨ) : ਖੰਨਾ ਪੁਲਸ ਨੇ ਮੱਧ ਪ੍ਰਦੇਸ਼ 'ਚ ਨਾਜਾਇਜ਼ ਅਸਲਾ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਇੱਥੋਂ ਹਥਿਆਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਸਪਲਾਈ ਕੀਤੇ ਜਾਂਦੇ ਸਨ। ਪੁਲਸ ਨੇ ਫੈਕਟਰੀ 'ਚ ਹਥਿਆਰ ਬਣਾਉਣ ਵਾਲੇ ਵਿਅਕਤੀ ਅਤੇ ਸਪਲਾਈ ਕਰਨ ਵਾਲੇ ਇੱਕ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ। ਦੋਹਾਂ ਕੋਲੋਂ 13 ਹਥਿਆਰ ਬਰਾਮਦ ਕੀਤੇ ਗਏ। ਮੁਲਜ਼ਮਾਂ ਦੀ ਪਛਾਣ ਖੰਨਾ ਦੀ ਜਗਤ ਕਾਲੋਨੀ ਵਾਸੀ ਵਿਸ਼ਾਲ ਕੁਮਾਰ ਅਤੇ ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਦੇ ਪਿੰਡ ਸਿਗਨੂਰ ਵਾਸੀ ਵੀਰਪਾਲ ਸਿੰਘ ਟੋਨੀ ਵਜੋਂ ਹੋਈ। ਲੁਧਿਆਣਾ ਰੇਂਜ ਦੇ ਆਈ. ਜੀ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਐੱਸ. ਐੱਸ. ਪੀ. ਅਮਨੀਤ ਕੌਂਡਲ ਦੀ ਅਗਵਾਈ ਹੇਠ ਐੱਸ. ਪੀ. (ਆਈ) ਡਾ. ਪ੍ਰੱਗਿਆ ਜੈਨ ਅਤੇ ਸੀ. ਆਈ. ਏ. ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਦੀ ਟੀਮ ਨੇ ਪਿੰਡ ਲਲਹੇੜੀ ਤੋਂ ਵਿਸ਼ਾਲ ਕੁਮਾਰ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ।

ਇਹ ਵੀ ਪੜ੍ਹੋ : ਮੋਹਾਲੀ 'ਚ 'ਪੰਜਾਬ ਟੂਰਿਜ਼ਮ ਸਮਿੱਟ' ਦਾ ਆਗਾਜ਼, ਸਟੇਜ 'ਤੇ ਪੁੱਜੇ CM ਭਗਵੰਤ ਮਾਨ

ਵਿਸ਼ਾਲ ਕੁਮਾਰ ਦੇ ਕਈ ਗੈਂਗਸਟਰਾਂ ਨਾਲ ਸਬੰਧ ਹਨ। ਇਸ ਖ਼ਿਲਾਫ਼ ਪਹਿਲਾਂ ਹੀ 7 ਕੇਸ ਦਰਜ ਹਨ। ਉਹ ਜ਼ਮਾਨਤ 'ਤੇ ਬਾਹਰ ਸੀ, ਜਿਸ ਕਾਰਨ ਪੁਲਸ ਨੇ ਵਿਸ਼ਾਲ ਕੁਮਾਰ ਦਾ ਰਿਮਾਂਡ ਹਾਸਲ ਕੀਤਾ। ਰਿਮਾਂਡ ਦੌਰਾਨ ਵਿਸ਼ਾਲ ਦੀ ਨਿਸ਼ਾਨਦੇਹੀ 'ਤੇ ਪੁਆਇੰਟ 315 ਬੋਰ ਦੇ 2 ਦੇਸੀ ਪਿਸਤੌਲ ਬਰਾਮਦ ਹੋਏ। ਵਿਸ਼ਾਲ ਨੇ ਪੁੱਛਗਿੱਛ ਦੌਰਾਨ ਖ਼ੁਲਾਸਾ ਕੀਤਾ ਕਿ ਇਹ ਪਿਸਤੌਲ ਉਸ ਨੇ ਮੱਧ ਪ੍ਰਦੇਸ਼ ਦੇ ਵੀਰਪਾਲ ਤੋਂ ਖਰੀਦੇ ਸਨ। ਪੁਲਸ ਨੇ ਇਸ ਮਾਮਲੇ ਵਿੱਚ ਵੀਰਪਾਲ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤਾ।

ਇਹ ਵੀ ਪੜ੍ਹੋ : Punjab Tourism Summit : ਅਨਮੋਲ ਗਗਨ ਮਾਨ ਨੇ ਦੱਸਿਆ ਪੰਜਾਬ ਦੀ ਤਰੱਕੀ ਦਾ ਮਾਸਟਰ ਪਲਾਨ, ਜਾਣੋ ਕੀ ਬੋਲੇ

ਜਦੋਂ ਖੰਨਾ ਪੁਲਸ ਦੀ ਟੀਮ ਨੇ ਵੀਰਪਾਲ ਦੇ ਮੱਧ ਪ੍ਰਦੇਸ਼ ਸਥਿਤ ਟਿਕਾਣੇ 'ਤੇ ਛਾਪਾ ਮਾਰਿਆ ਤਾਂ ਉੱਥੋਂ ਪੁਆਇੰਟ 32 ਬੋਰ ਦੇ 11 ਦੇਸੀ ਪਿਸਤੌਲ ਬਰਾਮਦ ਹੋਏ। ਵੀਰਪਾਲ ਸਿੰਘ ਆਪਣੇ ਰਿਸ਼ਤੇਦਾਰ ਤਕਦੀਰ ਸਿੰਘ ਨਾਲ ਮਿਲ ਕੇ ਅਸਲਾ ਬਣਾਉਣ ਦਾ ਧੰਦਾ ਕਰਦਾ ਸੀ। ਤਕਦੀਰ ਸਿੰਘ ਨੂੰ 2 ਮਹੀਨੇ ਪਹਿਲਾਂ ਖੰਨਾ ਪੁਲਸ ਨੇ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ ਅਤੇ ਇਸ ਸਮੇਂ ਉਹ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ। ਆਈ. ਜੀ. ਸ਼ਰਮਾ ਨੇ ਦੱਸਿਆ ਕਿ ਤਕਦੀਰ ਅਤੇ ਵੀਰਪਾਲ ਖ਼ੁਦ ਹਥਿਆਰ ਬਣਾਉਂਦੇ ਸਨ। ਡਿਮਾਂਡ 'ਤੇ ਦੇਸੀ ਪਿਸਤੌਲ ਵੇਚਦੇ ਸੀ। ਪੁਲਿਸ ਉਨ੍ਹਾਂ ਦੇ ਬਾਕੀ ਨੈੱਟਵਰਕ ਦੀ ਵੀ ਜਾਂਚ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News