ਖੰਨਾ ਦੇ ਬਜ਼ਾਰ ''ਚ ਸਰਕਾਰੀ ਇਮਾਰਤ ਦਾ ਲੈਂਟਰ ਡਿੱਗਿਆ, ਲੋਕਾਂ ਨੇ ਭੱਜ ਕੇ ਬਚਾਈ ਜਾਨ

Thursday, Aug 25, 2022 - 02:08 PM (IST)

ਖੰਨਾ ਦੇ ਬਜ਼ਾਰ ''ਚ ਸਰਕਾਰੀ ਇਮਾਰਤ ਦਾ ਲੈਂਟਰ ਡਿੱਗਿਆ, ਲੋਕਾਂ ਨੇ ਭੱਜ ਕੇ ਬਚਾਈ ਜਾਨ

ਖੰਨਾ (ਵਿਪਨ) : ਖੰਨਾ ਦੇ ਮੁੱਖ ਬਜ਼ਾਰ 'ਚ ਬਣੀ ਸਰਕਾਰੀ ਲਾਇਬ੍ਰੇਰੀ ਦੀ ਇਮਾਰਤ ਦਾ ਲੈਂਟਰ ਅਚਾਨਕ ਹੇਠਾਂ ਡਿੱਗ ਗਿਆ ਅਤੇ ਸੀਮੈਂਟ ਦੇ ਵੱਡੇ-ਵੱਡੇ ਸਲੈਬ ਹੇਠਾਂ ਪਏ ਬੈਂਚਾਂ 'ਤੇ ਡਿੱਗ ਗਏ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ 300 ਦੇ ਕਰੀਬ ਲੋਕ ਆਸ-ਪਾਸ ਖੜ੍ਹੇ ਸਨ ਜਾਂ ਰਾਹ 'ਚੋਂ ਲੰਘ ਰਹੇ ਸਨ। ਜਦੋਂ ਤੱਕ ਕੋਈ ਕੁੱਝ ਸਮਝ ਸਕਦਾ, ਉਦੋਂ ਤੱਕ ਕਾਫ਼ੀ ਆਰਥਿਕ ਨੁਕਸਾਨ ਹੋ ਚੁੱਕਾ ਸੀ ਪਰ ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਦੱਸਣਯੋਗ ਹੈ ਕਿ ਕਰੀਬ 3 ਮਹੀਨੇ ਪਹਿਲਾਂ ਇਸ ਥਾਂ 'ਤੇ ਹੋਏ ਹਾਦਸੇ ਦੌਰਾਨ ਇਕ ਕੁੜੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ ਸੀ। ਬਜ਼ਾਰ ਦਾ ਇਹ ਰਾਹ ਕਈ ਥਾਵਾਂ ਵੱਲ ਨੂੰ ਜਾਂਦਾ ਹੈ ਅਤੇ ਇੱਥੋਂ ਰੋਜ਼ਾਨਾ ਹਜ਼ਾਰਾਂ ਲੋਕ ਲੰਘਦੇ ਹਨ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਗੌਰਵ ਨੇ ਦੱਸਿਆ ਕਿ ਇਕ ਵਾਰ ਇਸ ਤਰ੍ਹਾਂ ਦੇ ਹਾਦਸੇ ਇੱਥੇ ਹੋ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਅੱਜ ਦੇ ਹਾਦਸੇ ਦੌਰਾਨ ਕਾਊਂਟਰ ਟੁੱਟ ਗਿਆ ਅਤੇ ਕਰੀਬ 20 ਹਜ਼ਾਰ ਦਾ ਨੁਕਸਾਨ ਹੋਇਆ ਹੈ। ਦੁਕਾਨਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੀ ਇਸ ਮਾਮਲੇ ਨੂੰ ਸੁਲਝਾਉਣਾ ਚਾਹੁੰਦਾ ਹੈ ਪਰ ਕਈ ਦੁਕਾਨਦਾਰ ਆਪਣੇ ਨਿੱਜੀ ਫ਼ਾਇਦੇ ਕਾਰਨ ਇਸ ਦਾ ਵਿਰੋਧ ਕਰ ਰਹੇ ਹਨ। ਫਿਲਹਾਲ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਇਸ ਪੁਰਾਣੀ ਇਮਾਰਤ ਦੀ ਮੁਰੰਮਤ ਕਰਾਈ ਜਾਵੇ ਤਾਂ ਜੋ ਅੱਗੇ ਤੋਂ ਅਜਿਹਾ ਹਾਦਸਾ ਨਾ ਵਾਪਰੇ।


author

Babita

Content Editor

Related News