ਦੋ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ''ਚ ਦਰਦਨਾਕ ਮੌਤ

Thursday, May 14, 2026 - 06:41 PM (IST)

ਦੋ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ''ਚ ਦਰਦਨਾਕ ਮੌਤ

ਲੁਧਿਆਣਾ (ਰਾਜ): ਸ਼ਹਿਰ ਦੀਆਂ ਸੜਕਾਂ 'ਤੇ ਬੇਲਗਾਮ ਦੌੜਦੇ ਭਾਰੀ ਵਾਹਨਾਂ ਨੇ ਇਕ ਵਾਰ ਫਿਰ ਇਕ ਹੱਸਦੇ-ਖੇਡਦੇ ਪਰਿਵਾਰ ਦੀਆਂ ਖੁਸ਼ੀਆਂ ਖੋਹ ਲਈਆਂ ਹਨ। ਫੋਕਲ ਪੁਆਇੰਟ ਇਲਾਕੇ ਵਿਚ ਇਕ ਤੇਜ਼ ਰਫਤਾਰ ਟਰੱਕ ਨੇ ਐਕਟਿਵਾ ਸਵਾਰ ਦੋ ਦੋਸਤਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਭਿਆਨਕ ਹਾਦਸੇ ਵਿਚ 15 ਸਾਲਾ ਮੁੰਡਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਤੋਂ ਬਾਅਦ ਘਰ ਵਿਚ ਚੀਕ-ਚਿਹਾੜਾ ਮਚਿਆ ਹੋਇਆ ਹੈ। 

ਪੀੜਤ ਪਿਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦਾ ਵੱਡਾ ਬੇਟਾ ਨੀਤੀਸ਼ ਕੁਮਾਰ (15) ਬੀਤੀ 12 ਮਈ ਨੂੰ ਆਪਣੇ ਦੋਸਤ ਮੋਹਿਤ ਕੁਮਾਰ ਦੇ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਜਾ ਰਿਹਾ ਸੀ। ਜਦੋਂ ਉਹ ਫੋਕਲ ਪੁਆਇੰਟ ਸਥਿਤ ਸ਼ਰਾਬ ਦੇ ਠੇਕੇ ਵਾਲੇ ਚੌਂਕ ਦੇ ਕੋਲੋਂ ਮੇਨ ਰੋਡ ਵੱਲ ਮੁੜਨ ਲੱਗੇ, ਤਦੇ ਕਾਲ ਬਣ ਕੇ ਆਏ ਟਰੱਕ (ਨੰਬਰ HR55-AM-0551) ਦੇ ਅਣਪਛਾਤੇ ਚਾਲਕ ਨੇ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਉਨ੍ਹਾਂ ਦੀ ਸਕੂਟੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਮੁੰਡੇ ਸੜਕ 'ਤੇ ਡਿੱਗ ਕੇ ਬੁਰੀ ਤਰ੍ਹਾਂ ਲਹੂ-ਲੁਹਾਣ ਹੋ ਗਏ। ਨੀਤੀਸ਼ ਨੂੰ ਗੰਭੀਰ ਹਾਲਤ ਵਿੱਚ ਤੁਰੰਤ ਮੋਹਨ ਦੇਈ ਕੈਂਸਰ ਹਸਪਤਾਲ, ਲੁਧਿਆਣਾ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਸੱਟਾਂ ਇੰਨੀਆਂ ਡੂੰਘੀਆਂ ਸਨ ਕਿ ਨੀਤੀਸ਼ ਜ਼ਿੰਦਗੀ ਦੀ ਜੰਗ ਹਾਰ ਗਿਆ। 

ਹਾਦਸੇ ਤੋਂ ਬਾਅਦ ਮੁਲਜ਼ਮ ਟਰੱਕ ਚਾਲਕ ਮੌਕੇ 'ਤੇ ਵਾਹਨ ਛੱਡ ਕੇ ਫਰਾਰ ਹੋਣ ਵਿਚ ਕਾਮਯਾਬ ਰਿਹਾ। ਪੁਲਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਹੁਣ ਸੀ.ਸੀ.ਟੀ.ਵੀ. ਫੁਟੇਜ ਖੰਗਾਲ ਰਹੀ ਹੈ ਤਾਂ ਜੋ ਮਾਸੂਮ ਦੀ ਮੌਤ ਦੇ ਜ਼ਿੰਮੇਵਾਰ ਉਸ ਫਰਾਰ ਡਰਾਈਵਰ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾ ਸਕੇ।


author

Anmol Tagra

Content Editor

Related News