ਮਾਮਲਾ ਕੁਸ਼ਟ ਆਸ਼ਰਮ ਦੀਆਂ ਵਿਦਿਆਰਥਣਾਂ ਦਾ, ਪੀੜਤ ਪਰਿਵਾਰ 'ਚ ਭਾਰੀ ਰੋਸ

Wednesday, Jul 31, 2019 - 01:40 PM (IST)

ਮਾਮਲਾ ਕੁਸ਼ਟ ਆਸ਼ਰਮ ਦੀਆਂ ਵਿਦਿਆਰਥਣਾਂ ਦਾ, ਪੀੜਤ ਪਰਿਵਾਰ 'ਚ ਭਾਰੀ ਰੋਸ

ਖੰਨਾ (ਸੁਖਵਿੰਦਰ ਕੌਰ) - ਸਥਾਨਕ ਕੁਸ਼ਟ ਆਸ਼ਰਮ 'ਚ ਰਹਿੰਦੀਆਂ ਹੋਣ ਕਾਰਨ ਹਿੰਦੀ ਪੁੱਤਰੀ ਪਾਠਸ਼ਾਲਾ 'ਚ 8ਵੀਂ ਤੇ 10ਵੀਂ ਦੀਆਂ 2 ਵਿਦਿਆਰਥਣਾਂ ਨੂੰ ਪ੍ਰਿੰਸੀਪਲ ਵਲੋਂ ਸਕੂਲ 'ਚੋਂ ਕੱਢ ਦੇਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਕੁਸ਼ਟ ਆਸ਼ਰਮ ਵਾਸੀਆਂ ਅਤੇ ਸ਼ਹਿਰ ਦੀਆਂ ਜਥੇਬੰਦੀਆਂ ਨੇ ਸਕੂਲ ਪ੍ਰਿੰਸੀਪਲ ਅਤੇ ਸਟਾਫ਼ ਵਲੋਂ ਕੀਤੇ ਜਾ ਰਹੇ ਵਿਤਕਰੇ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਤੇ ਸਕੂਲ ਸਟਾਫ਼ ਵਲੋਂ ਮੁਆਫ਼ੀ ਨਾ ਮੰਗਣ ਦੀ ਸੂਰਤ 'ਤੇ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ। ਆਸ਼ਰਮ ਖੰਨਾ ਦੀਆਂ ਦੋਵੇਂ ਬੱਚੀਆਂ ਦੇ ਮਾਤਾ, ਪਿਤਾ ਜੀਵਨ, ਸਵਿੱਤਰੀ, ਰਾਮ ਜੀ, ਵਿਨੋਦੀਨੀ ਅਤੇ ਕੁਸ਼ਟ ਆਸ਼ਰਮ ਦੇ ਪ੍ਰਧਾਨਾਂ ਉੱਪਇੰਦਰ ਮਹੇਸ਼, ਕੁੰਦਨ ਮਹਿਰਾ ਨੇ ਦੱਸਿਆ ਕਿ ਉਕਤ ਸਕੂਲ ਦੀ ਪ੍ਰਿੰਸੀਪਲ ਅਤੇ ਸਾਇੰਸ ਅਧਿਆਪਕਾ ਵਲੋਂ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।

10ਵੀਂ ਕਲਾਸ ਦੀ ਵਿਦਿਆਰਥਣ ਨੇ ਦੱਸਿਆ ਕਿ 5 ਸਾਲ ਪਹਿਲਾਂ ਉਹ ਸਮਰਾਲਾ ਦੇ ਸਕੂਲ 'ਚ ਪੜ੍ਹਦੀ ਸੀ। ਉਸ ਦੇ ਕਰੀਬ 8 ਮਹੀਨੇ ਪਹਿਲਾਂ ਹਿੰਦੀ ਪੁੱਤਰੀ ਪਾਠਸ਼ਾਲਾ 'ਚ ਦਾਖ਼ਲਾ ਲਿਆ ਸੀ, ਜਿਸ ਦੌਰਾਨ ਉਨ੍ਹਾਂ ਨੇ ਸਕੂਲ ਪ੍ਰਿੰਸੀਪਲ ਨੂੰ ਸਪੱਸ਼ਟ ਦੱਸ ਦਿੱਤਾ ਸੀ ਕਿ ਉਹ ਕੁਸ਼ਟ ਆਸ਼ਰਮ 'ਚ ਰਹਿੰਦੇ ਹਨ ਅਤੇ ਪਿੰ੍ਰਸੀਪਲ ਨੇ ਕਿਹਾ ਕਿ ਸਾਨੂੰ ਕੋਈ ਭੇਦਭਾਵ ਨਹੀਂ। ਸਭ ਕੁੱਝ ਠੀਕ ਠਾਕ ਚੱਲ ਰਿਹਾ ਸੀ ਕਿ ਜੁਲਾਈ ਦੇ ਮਹੀਨਾਵਾਰ ਟੈਸਟ ਦੇ ਤਿੰਨ ਪੇਪਰ ਹੋ ਗਏ ਪਰ ਉਸ ਨੂੰ ਚੌਥਾ ਪੇਪਰ ਨਹੀਂ ਦੇਣ ਦਿੱਤਾ ਗਿਆ। ਉਸਦਾ ਸ਼ਨਾਖਤੀ ਕਾਰਡ ਵੀ ਬਣ ਗਿਆ ਸੀ। ਉਸਨੇ ਦੱਸਿਆ ਕਿ ਪ੍ਰਿੰਸੀਪਲ ਮੈਡਮ ਨੇ ਉਸਨੂੰ ਸਕੂਲ 'ਚੋਂ ਕੱਢਦਿਆਂ ਕਿਹਾ ਕਿ ''ਤੁਮ ਚਲੇ ਜਾਓ, ਹਮ ਤੁਮਹੇ ਨਹੀਂ ਪੜ੍ਹਾ ਸਕਤੇ, ਮੈਨੇ ਤੁਮਹੇ ਕੁਸ਼ਟ ਆਸ਼ਰਮ ਮੇਂ ਰਹਿਨੇ ਕੇ ਕਾਰਨ ਨਿਕਾਲ ਦੀਆ ਹੈ, ਆਗੇ ਸੇ ਸਕੂਲ ਮਤ ਆਨਾ''। ਇਸੇ ਤਰ੍ਹਾਂ ਦੂਜੀ ਵਿਦਿਆਰਥਣ ਨੂੰ ਵੀ ਸਕੂਲ 'ਚੋਂ ਕੱਢ ਦਿੱਤਾ ਗਿਆ, ਉਨ੍ਹਾਂ ਦੱਸਿਆ ਕਿ ਸਕੂਲ ਦੀ ਸਾਇੰਸ ਅਧਿਆਪਕਾਂ ਨੇ ਵਿਦਿਆਰਥਣ ਤੇ ਮਾਪਿਆਂ ਵਲੋਂ ਪੁੱਛਣ 'ਤੇ ਕਿਹਾ ਕਿ ਪ੍ਰਿੰਸੀਪਲ ਮੈਡਮ ਨੇ ਕਿਹਾ ਹੈ ਇਸ ਦਾ ਨਾਂ ਕੰਪਿਊਟਰ 'ਤੇ ਨਹੀਂ ਚੜ੍ਹਾ ਰਹੇ। ਅਸੀਂ ਤੁਹਾਡੀ ਕੁੜੀ ਨੂੰ ਨਹੀਂ ਪੜ੍ਹਾ ਸਕਦੇ, ਜਿਸ ਕਾਰਨ ਤੁਸੀਂ ਬੱਚੀ ਦੇ ਸਰਟੀਫ਼ਿਕੇਟ ਲੈ ਜਾਓ, ਸਾਡੇ 'ਤੇ ਉੱਪਰ ਤੋਂ ਦਬਾਅ ਹੈ।

ਇਸ ਦੌਰਾਨ ਕੁਸ਼ਟ ਆਸ਼ਰਮ ਦੇ ਪ੍ਰਧਾਨਾਂ ਉੱਪਇੰਦਰ ਮਹੇਸ਼, ਕੁੰਦਨ ਮਹਿਰਾ ਨੇ ਕਿਹਾ ਕਿ ਆਸ਼ਰਮ ਦੇ ਬੱਚੇ 12ਵੀਂ ਤੱਕ ਸਰਕਾਰੀ, ਪ੍ਰਾਈਵੇਟ ਸਕੂਲਾਂ 'ਚ ਪੜ੍ਹੇ ਹਨ, ਜਿਨ੍ਹਾਂ ਦੇ ਵਿਆਹ ਹੋ ਗਏ ਹਨ। ਉਨ੍ਹਾਂ ਕੇਂਦਰ ਸਰਕਾਰ 'ਤੇ ਵਰਦਿਆਂ ਕਿਹਾ ਕਿ ਭਾਰਤ ਸਰਕਾਰ ਇਕ ਪਾਸੇ ਐਲਾਨ ਕਰਦੀ ਹੈ ਕਿ ਦੇਸ਼ ਕੁਸ਼ਟ ਰੋਗ ਤੋਂ ਮੁਕਤ ਹੋ ਗਿਆ, ਸਾਡੇ ਨਾਲ ਅੱਜ ਵੀ ਵਿਤਕਰਾ ਹੋ ਰਿਹਾ, ਪੜ੍ਹੇ ਲਿਖੇ ਲੋਕ ਸਾਨੂੰ ਨਫਰਤ ਦੀ ਨਿਗ੍ਹਾ ਨਾਲ ਦੇਖਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਬੱਚਿਆਂ ਤੋਂ ਡਰਦੇ ਛੂਆਛਾਤ ਬਾਰੇ ਨਫਰਤ ਦੀ ਭਾਵਨਾ ਨਾਲ ਅੰਦਰੋਂ ਭਰੇ ਸਕੂਲ ਅਧਿਆਪਕ ਤੇ ਪ੍ਰਿੰਸੀਪਲ ਬੱਚਿਆਂ ਨੂੰ ਕੀ ਸਿੱਖਿਆ ਦੇਣਗੇ। ਇਸ ਦੌਰਾਨ ਸਮਾਜਸੇਵੀ ਜਥੇਬੰਦੀਆਂ ਵਲੋਂ ਲੋਕ ਆਵਾਜ਼ ਮੰਚ ਦੇ ਪ੍ਰਧਾਨ ਤੇਜਿੰਦਰ ਸਿੰਘ ਆਰਟਿਸਟ, ਜਨਰਲ ਸਕੱਤਰ ਓਮਕਾਰ ਸਿੰਘ ਸੱਤੂ ਅਤੇ ਆਰ. ਐੱਸ. ਪੀ. ਦੇ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾ, ਬਾਬਾ ਹਰਚੰਦ ਸਿੰਘ ਰਤਨਹੇੜੀ, ਬਾਬਾ ਦਰਬਾਰਾ ਸਿੰਘ ਨੇ ਕਿਹਾ ਕਿ ਸਕੂਲ ਪ੍ਰਿੰਸੀਪਲ ਵਲੋਂ ਇਸ ਤਰ੍ਹਾਂ ਬੱਚੀਆਂ ਨੂੰ ਸਕੂਲ 'ਚੋਂ ਕੱਢਣਾ ਉਸ ਅੰਦਰ ਨਫਰਤ, ਛੂਅਛਾਤ ਦੀ ਭਾਵਨਾ ਉਜਾਗਰ ਕਰਦੀ ਹੈ।  

ਕੀ ਕਹਿਣੈ ਪ੍ਰਿੰਸੀਪਲ ਦਾ
ਸਕੂਲ ਪ੍ਰਿੰ. ਰਜਨੀ ਵਰਮਾ ਨੇ ਕਿਹਾ ਕਿ ਅਸੀਂ ਤਾਂ ਬੱਚਿਆਂ ਨੂੰ ਸਕੂਲ 'ਚ ਦਾਖ਼ਲਾ ਦਿੱਤਾ ਸੀ ਪਰ ਹੋਰਨਾਂ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਇਤਰਾਜ ਕਰਨ ਕਰਕੇ ਬੱਚੀਆਂ ਨੂੰ ਸਕੂਲ 'ਚੋਂ ਹਟਾਉਣਾ ਪਿਆ। 


author

rajwinder kaur

Content Editor

Related News