3 ਕਰੋਡ਼ ਦੀ ਹੈਰੋਇਨ ਸਣੇ ਨਾਈਜੀਰੀਅਨ ਔਰਤ ਗ੍ਰਿਫਤਾਰ

03/26/2019 5:11:54 AM

ਖੰਨਾ (ਸੁਖਵਿੰਦਰ ਕੌਰ)-ਪੁਲਸ ਨੇ ਨਾਈਜੀਰੀਅਨ ਮੂਲ ਦੀ ਔਰਤ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 696 ਗ੍ਰਾਮ ਹੈਰੋਇਨ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਕਰੀਬ ਤਿੰਨ ਕਰੋਡ਼ ਰੁਪਏ ਦੱਸੀ ਜਾ ਰਹੀ ਹੈ, ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਅੱਜ ਇੱਥੇ ਐੱਸ. ਐੱਸ. ਪੀ. ਧਰੁਵ ਦਹੀਆ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਥਾਣਾ ਸਦਰ ਖੰਨਾ ਦੇ ਐੱਸ. ਐੱਚ. ਓ. ਇੰਸਪੈਕਟਰ ਅਨਵਰ ਅਲੀ ਤੇ ਥਾਣੇਦਾਰ ਬਖਸ਼ੀਸ਼ ਸਿੰਘ ਸਮੇਤ ਪੁਲਸ ਪਾਰਟੀ ਵਲੋਂ ਜੀ. ਟੀ. ਰੋਡ ਅਲੌਡ਼ ਵਿਖੇ ਪ੍ਰਿਸਟਾਈਨ ਮਾਲ ਸਾਹਮਣੇ ਨਾਕਾਬੰਦੀ ਕਰ ਕੇ ਸ਼ੱਕੀ ਵਿਅਕਤੀਆਂ ਅਤੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਹੀ ਮੰਡੀ ਗੋਬਿੰਦਗਡ਼੍ਹ ਸਾਈਡ ਤੋਂ ਆ ਰਹੀ ਇਕ ਬੱਸ ਹੌਲੀ ਹੋਣ ’ਤੇ ਉਸਦੀ ਪਿਛਲੀ ਤਾਕੀ ’ਚੋਂ ਇਕ ਵਿਦੇਸ਼ੀ ਔਰਤ ਉਤਰੀ, ਜਿਸ ਦੇ ਹੱਥ ਵਿਚ ਪਰਸ ਫਡ਼ਿਆ ਹੋਇਆ ਸੀ, ਜੋ ਤੇਜ਼ੀ ਨਾਲ ਪ੍ਰਿਸਟਾਈਨ ਮਾਲ ਵਾਲੇ ਪਾਸੇ ਨੂੰ ਤੁਰ ਪਈ, ਜਿਸਨੂੰ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਸਦਾ ਨਾਂ ਪਤਾ ਪੁੱਛਿਆ। ਉਸ ਨੇ ਆਪਣਾ ਨਾਂ ਜੋਏ ਉਕੋ (27) ਪੁੱਤਰੀ ਉਕੋ ਵਾਸੀ ਇਕੇਜਾ ਲਗੌਸ ਸਿਟੀ ਨਾਈਜੀਰੀਆ ਹਾਲ ਵਾਸੀ ਦਿੱਲੀ ਦੱਸਿਆ। ਪੁਲਸ ਨਾਕਾ ਪਾਰਟੀ ਵਲੋਂ ਮੌਕੇ ’ਤੇ ਹੀ ਡੀ. ਐੱਸ. ਪੀ. ਖੰਨਾ ਦੀਪਕ ਰਾਏ ਨੂੰ ਬੁਲਾ ਕੇ ਉਕਤ ਵਿਦੇਸ਼ੀ ਔਰਤ ਦੀ ਤਲਾਸ਼ੀ ਕਰਨ ’ਤੇ ਉਸ ਕੋਲ ਫਡ਼ੇ ਪਰਸ ’ਚੋਂ 696 ਗ੍ਰਾਮ ਹੈਰੋਇਨ ਬਰਾਮਦ ਹੋਈ। ਐੱਸ. ਐੱਸ. ਪੀ. ਨੇ ਦੱਸਿਆ ਕਿ ਵਿਦੇਸ਼ੀ ਮਹਿਲਾ ਖਿਲਾਫ ਥਾਣਾ ਸਦਰ ਖੰਨਾ ਪੁਲਸ ਵਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਸ ਕੋਲੋਂ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਕਥਿਤ ਦੋਸ਼ਣ ਨੇ ਇਹ ਹੈਰੋਇਨ ਦੀ ਖੇਪ ਦਿੱਲੀ ਦੇ ਬੱਸ ਸਟੈਂਡ ਤੋਂ ਇਕ ਨੀਗਰੋ ਪਾਸੋਂ ਹੀ ਲਈ ਸੀ ਅਤੇ ਉਸ ਨੇ ਅੰਮ੍ਰਿਤਸਰ ਦੇ ਬੱਸ ਸਟੈਂਡ ’ਤੇ ਕਿਸੇ ਵਿਅਕਤੀ ਨੂੰ ਇਸ ਹੈਰੋਇਨ ਦੀ ਡਲਿਵਰੀ ਕਰਨੀ ਸੀ। ਉਨ੍ਹਾਂ ਕਿਹਾ ਕਿ ਦੋਸ਼ਣ ਕੋਲੋਂ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਹੁਣ ਤੱਕ 23 ਵਿਦੇਸ਼ੀਆਂ ਤੋਂ ਵੱਡੀ ਮਾਤਰਾ ’ਚ ਕੀਤਾ ਹੈ ਨਸ਼ਾ ਬਰਾਮਦ : ਐੱਸ. ਐੱਸ. ਪੀ. ਐੱਸ. ਐੱਸ. ਪੀ. ਦਹੀਆ ਨੇ ਦੱਸਿਆ ਕਿ ਕਥਿਤ ਦੋਸ਼ਣ ਦੀ ਭੈਣ ਵੀ ਪਹਿਲਾਂ ਹੀ ਨਸ਼ੇ ਵਾਲੇ ਪਦਾਰਥਾਂ ਦੇ ਮਾਮਲੇ ’ਚ ਕਪੂਰਥਲਾ ਜੇਲ ’ਚ ਬੰਦ ਹੈ। ਉਨ੍ਹਾਂ ਕਿਹਾ ਕਿ ਖੰਨਾ ਪੁਲਸ ਨੇ ਹੁਣ ਤੱਕ ਅਫਰੀਕਨ ਦੇਸ਼ਾਂ ਦੇ 23 ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ’ਚ 21 ਨਾਈਜੀਰੀਆ ਤੇ 2 ਤਨਜ਼ਾਨੀਆ ਦੇਸ਼ ਨਾਲ ਸਬੰਧਤ ਹਨ। ਜਿਨ੍ਹਾਂ ਕੋਲੋਂ ਕਰੀਬ 13 ਕਿਲੋ ਗ੍ਰਾਮ ਹੈਰੋਇਨ ਅਤੇ ਕੋਕੀਨ ਤੇ ਆਈਸ ਡਰੱਗਸ ਭਾਰੀ ਮਾਤਰਾ ’ਚ ਬਰਾਮਦ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਅਜਿਹੇ ਨਸ਼ਾ ਸਮੱਗਲਰਾਂ ਦੇ ਮਾਮਲੇ ’ਚ ਜਿਸ ਥਾਂ ਤੋਂ ਇਹ ਨਸ਼ਾ ਲਿਆ ਰਹੇ ਹਨ ਅਤੇ ਜਿਨ੍ਹਾਂ ਨੂੰ ਅੱਗੇੇ ਇਸ ਨੂੰ ਡਲਿਵਰ ਕਰਨਾ ਹੁੰਦਾ ਹੈ ਦੇ ਮਾਮਲਿਆਂ ਦੀ ਜਾਂਚ ਕਰਨ ਉਪਰੰਤ ਸਬੰਧਤ ਕਥਿਤ ਦੋਸ਼ੀਆਂ ਦੀ ਪਡ਼ਤਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਕਿਸੇ ਵੀ ਨਸ਼ਾ ਸਮੱਗਲਰ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਸ ਪਾਰਟੀ ਹੋਵੇਗੀ ਸਨਮਾਨਤ ਐੱਸ. ਐੱਸ. ਪੀ. ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ੇ ਵਾਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਲਈ ਸਨਮਾਨਤ ਕੀਤਾ ਜਾਵੇਗਾ।

Related News