ਪਿਉ-ਧੀ ਨੂੰ ਬੁਰੀ ਤਰ੍ਹਾਂ ਕੁੱਟਿਆ
Monday, Mar 25, 2019 - 04:33 AM (IST)
ਖੰਨਾ (ਸੁਨੀਲ)-ਪਿੰਡ ਚਕੋਹੀ ਵਿਚ ਅੱਜ ਦੁਪਹਿਰ ਕੁਝ ਹਮਲਾਵਰਾਂ ਨੇ ਇਕ ਵਿਅਕਤੀ ਦੀ ਬਾਂਹ ਦੀ ਹੱਡੀ ਤੋਡ਼ ਦਿੱਤੀ, ਉਥੇ ਹੀ ਦੂਜੇ ਪਾਸੇ ਉਸਦੀ ਧੀ ਨੂੰ ਵੀ ਕੁੱਟਿਆ ਗਿਆ। ਪਿਉ-ਧੀ ਨੂੰ ਜ਼ਖ਼ਮੀ ਹਾਲਤ ’ਚ ਖੰਨਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਉਣ ਦੇ ਉਪਰੰਤ ਡਾਕਟਰਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ। ਪੁਲਸ ਨੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਸਪਤਾਲ ’ਚ ਜ਼ੇਰੇ ਇਲਾਜ ਹਰਬੰਸ ਸਿੰਘ (45) ਪੁੱਤਰ ਨਾਹਰ ਸਿੰਘ ਵਾਸੀ ਚਕੋਹੀ ਨੇ ਦੱਸਿਆ ਕਿ ਅੱਜ ਦੁਪਹਿਰ ਉਸਦੀ ਪਤਨੀ ਬਲਵਿੰਦਰ ਕੌਰ ਗਲੀ ’ਚੋਂ ਗੁਜ਼ਰ ਰਹੀ ਸੀ ਤਾਂ ਅਣਪਛਾਤੇ ਹਮਲਾਵਰਾਂ ਨੇ ਉਸਦੀ ਪਤਨੀ ਨੂੰ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ ਪਰ ਪਤਨੀ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਕੁਝ ਨਹੀਂ ਕਿਹਾ ਅਤੇ ਉਹ ਆਪਣੇ ਘਰ ਪਰਤ ਆਈ। ਗ਼ੁੱਸੇ ’ਚ ਉਸਦੀ ਧੀ ਰਮਨਦੀਪ ਕੌਰ (22) ਜਦੋਂ ਆਪਣੇ ਪਿਉ ਦੇ ਨਾਲ ਸ਼ਿਕਾਇਤ ਲੈ ਕੇ ਉਨ੍ਹਾਂ ਦੇ ਘਰ ਗਈ ਤਾਂ ਉਨ੍ਹਾਂ ਨੇ ਧੀ ਨੂੰ ਕੁੱਟਣ ਦੇ ਉਪਰੰਤ ਉਸ ’ਤੇ ਵੀ ਹਮਲਾ ਕਰ ਕੇ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਇਸ ਹਮਲੇ ’ਚ ਪਿਉ ਦੀ ਬਾਂਹ ਦੀ ਹੱਡੀ ਟੁੱਟ ਗਈ। ਘਟਨਾ ਨੂੰ ਅੰਜਾਮ ਦੇਣ ਦੇ ਉਪਰੰਤ ਹਮਲਾਵਰ ਮੌਕੇ ਤੋਂ ਭੱਜ ਗਏ। ਇਸ ਸਬੰਧ ’ਚ ਪੁਲਸ ਦੂਜੇ ਪੱਖ ਦੇ ਵੀ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰੇਗੀ।
