ਖੰਨਾ : ਆਂਧਰਾ ਬੈਂਕ ''ਚੋਂ 12 ਤੋਲੇ ਸੋਨਾ ਚੋਰੀ

02/23/2018 9:39:27 PM

ਖੰਨਾ/ਬੀਜਾ (ਸੁਨੀਲ, ਬਿਪਨ)— ਪਿੰਡ ਰਸੂਲੜਾ ਵਿਚ ਸਥਿਤ ਆਂਧਰਾ ਬੈਂਕ ਵਿਚ ਬੀਤੀ ਰਾਤ 2 ਨਕਾਬਪੋਸ਼ ਚੋਰਾਂ ਵਲੋਂ ਬੈਂਕ ਦੀ ਕੰਧ ਤੋੜ ਲਾਕਰ 'ਚੋਂ ਕਰੀਬ 12 ਤੋਲੇ ਸੋਨਾ ਚੋਰੀ ਕਰਨ ਦੀ ਖਬਰ ਹੈ। ਉਪਰੰਤ ਜਾਂਦੇ-ਜਾਂਦੇ ਉਹ ਬੈਂਕ ਗਾਰਡ ਦੀ ਬੰਦੂਕ ਵੀ ਨਾਲ ਲੈ ਗਏ। ਪੁਲਸ ਨੇ ਬੈਂਕ ਮੈਨੇਜਰ ਸੰਤੋਸ਼ ਕੁਮਾਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਸੀ. ਸੀ. ਟੀ. ਵੀ. ਦੀ ਫੁਟੇਜ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
PunjabKesari
ਜਾਣਕਾਰੀ ਦਿੰਦੇ ਸੰਤੋਸ਼ ਕੁਮਾਰ ਨੇ ਦੱਸਿਆ ਕਿ ਉਹ 2 ਅਗਸਤ 2017 ਤੋਂ ਆਂਧਰਾ ਬੈਂਕ 'ਚ ਮੈਨੇਜਰ ਹੈ । ਰੋਜ਼ਾਨਾ ਦੀ ਤਰ੍ਹਾਂ 22 ਫਰਵਰੀ ਦੀ ਸ਼ਾਮ 5.40 ਮਿੰਟ 'ਤੇ ਆਪਣਾ ਸਟਰਾਂਗ ਰੂਮ ਅਤੇ ਬੈਂਕ ਬੰਦ ਕਰਕੇ ਆਪਣੇ ਸਟਾਫ ਸਮੇਤ ਘਰ ਚਲਾ ਗਿਆ ਸੀ। ਘਟਨਾ ਵਾਲੇ ਦਿਨ ਉਹ ਅਚਾਨਕ ਸਟਰਾਂਗ ਰੂਮ ਦੀਆਂ ਚਾਬੀਆਂ ਦਰਾਜ 'ਚ ਭੁੱਲ ਗਿਆ ਸੀ। ਅੱਜ ਸਵੇਰੇ ਵਕਤ ਕਰੀਬ 9.40 'ਤੇ ਬੈਂਕ 'ਚ ਪਹੁੰਚਿਆ ਤਾਂ ਸ਼ਟਰ ਖੋਲ੍ਹਣ ਦੇ ਬਾਅਦ ਬੈਂਕ ਦੀ ਕੰਧ ਟੁੱਟੀ ਦੇਖੀ। ਅਣਪਛਾਤੇ ਵਿਅਕਤੀਆਂ ਨੇ ਚਾਬੀ ਕੱਢ ਕੇ ਪਹਿਲਾਂ ਸਟਰਾਂਗ ਰੂਮ ਖੋਲ੍ਹਿਆ, ਉਪਰੰਤ 4 ਲਾਕਰਾਂ ਨੂੰ ਤੋੜਿਆ। ਤੋੜੇ ਗਏ 4 ਲਾਕਰਾਂ 'ਚੋਂ 2 ਲਾਕਰ ਅਲਾਟ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਲਾਕਰ ਨੰਬਰ 29 ਪਰਮਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਖੰਨਾ ਨੂੰ ਅਲਾਟ ਕੀਤਾ ਗਿਆ ਸੀ ਅਤੇ ਇਸੇ ਤਰ੍ਹਾਂ ਲਾਕਰ ਨੰਬਰ 32 ਸਰਬਜੀਤ ਕੌਰ ਪਤਨੀ ਪ੍ਰੇਮ ਸਿੰਘ ਵਾਸੀ ਪਿੰਡ ਇਕੋਲਾਹੀ ਨੂੰ ਅਲਾਟ ਕੀਤਾ ਗਿਆ ਸੀ।
PunjabKesari
ਉਨ੍ਹਾਂ ਦੱਸਿਆ ਕਿ ਚੋਰਾਂ ਨੇ ਪਰਮਿੰਦਰ ਸਿੰਘ ਦੇ ਲਾਕਰ 'ਚ ਪਿਆ ਸਾਮਾਨ ਚੋਰੀ ਕਰ ਲਿਆ। ਫਿਰ ਬੈਂਕ 'ਚ ਲੱਗੇ ਕੈਮਰਿਆਂ ਦੀਆਂ ਤਾਰਾਂ ਕੱਟ ਦਿੱਤੀਆਂ ਅਤੇ ਹੂਟਰ ਦਾ ਕੁਨੈਕਸ਼ਨ ਵੀ ਕੱਟ ਦਿੱਤਾ ਗਿਆ। ਉਪਰੰਤ ਚੋਰ ਬੈਂਕ ਦੇ ਅੰਦਰ ਪਈ ਡਬਲ ਬੈਰਲ ਗਨ ਨੰਬਰ 6910-09, ਜੋ ਕਿ ਬਲਵਿੰਦਰ ਸਿੰਘ ਪੁੱਤਰ ਸੰਤ ਸਿੰਘ ਵਾਸੀ ਮਾਜਰੀ ਦੇ ਨਾਮ 'ਤੇ ਹੈ, ਨੂੰ ਵੀ ਲੈ ਗਏ। ਇਸ ਤੋਂ ਪਹਿਲਾਂ ਸੂਚਨਾ ਮਿਲਣ 'ਤੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ, ਐੱਸ. ਪੀ. (ਆਈ) ਜਸਵੀਰ ਸਿੰਘ, ਡੀ. ਐੱਸ. ਪੀ. (ਆਈ) ਰਣਜੀਤ ਸਿੰਘ ਬਦੇਸ਼ਾਂ, ਡੀ. ਐੱਸ. ਪੀ. ਖੰਨਾ ਜਗਵਿੰਦਰ ਸਿੰਘ ਚੀਮਾ, ਸੀ. ਆਈ. ਏ. ਸਟਾਫ ਇੰਚਾਰਜ ਬਲਜਿੰਦਰ ਸਿੰਘ, ਐੱਸ. ਐੱਚ. ਓ. ਸਦਰ ਵਿਨੋਦ ਕੁਮਾਰ, ਐੱਸ. ਐੱਚ. ਓ. ਸਿਟੀ ਰਜਨੀਸ਼ ਕੁਮਾਰ ਮੌਕੇ 'ਤੇ ਪੁੱਜੇ ਸਨ। ਫਿੰਗਰ ਪ੍ਰਿੰਟ ਮਾਹਿਰਾਂ ਅਤੇ ਡਾਗ ਸਕੁਐਡ ਨੂੰ ਵੀ ਜਾਂਚ ਲਈ ਮੌਕੇ 'ਤੇ ਬੁਲਾਇਆ ਗਿਆ ਸੀ । ਐੱਸ. ਐੱਸ. ਪੀ. ਮਾਹਲ ਨੇ ਦਾਅਵਾ ਕੀਤਾ ਕਿ ਚੋਰੀ ਦੀ ਘਟਨਾ ਨੂੰ ਛੇਤੀ ਹੀ ਸੁਲਝਾ ਲਿਆ ਜਾਵੇਗਾ।
PunjabKesari
ਕੀ ਕਹਿਣਾ ਹੈ ਲਾਕਰ ਮਾਲਕ ਦਾ।
ਲਾਕਰ ਮਾਲਕ ਪਰਮਿੰਦਰ ਸਿੰਘ ਵਾਸੀ ਪੀਰਖਾਨਾ ਰੋਡ ਖੰਨਾ ਨੇ ਕਿਹਾ ਕਿ ਅਸੀਂ ਕਰੀਬ 12 ਤੋਲੇ ਸੋਨੇ ਦੇ ਗਹਿਣੇ ਰੱਖੇ ਸਨ। ਗਹਿਣੇ ਰੱਖਣ ਦੇ ਸਮੇਂ ਬੈਂਕ ਨੇ ਸਾਨੂੰ ਨਹੀਂ ਦੱਸਿਆ ਸੀ ਕਿ ਲਾਕਰ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਨਹੀਂ ਹੈ। ਹੁਣ ਉਨ੍ਹਾਂ ਨੂੰ ਪਤਾ ਨਹੀਂ ਕਿ ਬੈਂਕ ਕੀ ਕਰੇਗਾ ਪਰ ਸਾਡਾ ਜ਼ਿਆਦਾ ਨੁਕਸਾਨ ਹੋ ਗਿਆ ਹੈ ।
PunjabKesari
ਕੀ ਕਹਿਣੈ ਬੈਂਕ ਦੇ ਏ. ਜੀ. ਐੱਮ. ਦਾ?
ਲੁਧਿਆਣਾ ਤੋਂ ਆਏ ਬੈਂਕ ਦੇ ਏ. ਜੀ. ਐੱਮ. ਐੱਨ. ਆਰ. ਸਤਪਥੀ ਨੇ ਕਿਹਾ ਕਿ ਚੋਰ ਕੇਵਲ ਇਕ ਲਾਕਰ ਖੋਲ੍ਹਣ 'ਚ ਹੀ ਸਫਲ ਰਹੇ ਹਨ, ਜਿਸ ਨਾਲ ਇਕ ਗਾਹਕ ਦਾ ਨੁਕਸਾਨ ਹੋਇਆ ਹੈ। ਬੈਂਕ ਦਾ ਕੋਈ ਨੁਕਸਾਨ ਨਹੀਂ ਹੋਇਆ। 4 ਲਾਕਰ ਟੁੱਟੇ ਹਨ, 3 ਖਾਲੀ ਸਨ ਅਤੇ ਇਕ 'ਚੋਂ ਕਰੀਬ 12 ਤੋਲੇ ਸੋਨਾ ਚੋਰੀ ਕੀਤਾ ਗਿਆ ਹੈ। ਬੈਂਕ 'ਚ 5 ਲੱਖ ਰੁਪਏ ਕੈਸ਼ ਪਿਆ ਸੀ। ਇਸਦੀਆਂ ਚਾਬੀਆਂ ਕੈਸ਼ੀਅਰ ਨਾਲ ਲੈ ਗਈ ਸੀ, ਜਿਸ ਕਾਰਨ ਬਚਾਅ ਰਿਹਾ। ਲਾਕਰ 'ਚ ਪਏ ਸਾਮਾਨ ਦੀ ਭਰਪਾਈ ਬੈਂਕ ਨਹੀਂ ਕਰ ਸਕਦਾ। ਇਸਦੀ ਜ਼ਿੰਮੇਵਾਰੀ ਲਾਕਰ ਮਾਲਕਾਂ ਦੀ ਹੁੰਦੀ ਹੈ। ਅੰਦਰੂਨੀ ਤੌਰ 'ਤੇ ਵੀ ਅਸੀਂ ਜਾਂਚ ਕਰ ਰਹੇ ਹਾਂ। ਪੁਲਸ ਆਪਣੇ ਲੈਵਲ 'ਤੇ ਜਾਂਚ ਕਰ ਰਹੀ ਹੈ। ਸਾਨੂੰ ਪੁਲਸ 'ਤੇ ਪੂਰਾ ਭਰੋਸਾ ਹੈ। 

ਕੀ ਕਿਹਾ ਡੀ. ਐੱਸ. ਪੀ. (ਆਈ) ਨੇ?
ਡੀ. ਐੱਸ. ਪੀ. (ਇਨਵੈਸਟੀਗੇਸ਼ਨ) ਰਣਜੀਤ ਸਿੰਘ ਬਦੇਸ਼ਾਂ ਨੇ ਕਿਹਾ ਕਿ ਆਂਧਰਾ ਬੈਂਕ ਰਸੂਲੜਾ ਬ੍ਰਾਂਚ ਵਿਚ ਬੀਤੀ ਰਾਤ ਚੋਰੀ ਹੋਈ। ਇਸ ਸੰਬੰਧੀ ਮੁਕੱਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ। ਚੋਰਾਂ ਨੇ ਚਾਰ ਲਾਕਰ ਤੋੜੇ ਸਨ। ਇਨ੍ਹਾਂ ਦੇ ਮਾਲਕਾਂ ਨੂੰ ਸੱਦ ਕੇ ਨੁਕਸਾਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ।


Related News