ਸਾਵਧਾਨ! ਖਮਾਣੋਂ ''ਚ ਘੁੰਮਦੈ ਕੈਨੇਡੀਅਨ ਠੱਗ

03/01/2020 12:32:47 PM

ਖਾਮਣੋਂ (ਜਟਾਣਾ) : ਹਰ ਰੋਜ਼ ਠੱਗ ਕਿਸਮ ਦੇ ਚੁਸਤ ਲੋਕ ਅਲੱਗ-ਅਲੱਗ ਤਰੀਕਿਆਂ ਨਾਲ ਭੋਲੇ-ਭਾਲੇ ਲੋਕਾਂ ਨੂੰ ਠੱਗਣ ਵਿਚ ਕਾਮਯਾਬ ਹੋ ਜਾਂਦੇ ਹਨ, ਅਜਿਹੀ ਹੀ ਘਟਨਾ ਵਾਪਰੀ ਸੁਨੀਲ ਸਵੀਟ ਸ਼ਾਪ ਦੇ ਮਾਲਕ ਰਾਜੀਵ ਕੁਮਾਰ ਨਾਲ। ਰਾਜੀਵ ਕੁਮਾਰ ਨੇ ਦੱਸਿਆ ਕਿ ਅੱਜ ਉਸ ਦੀ ਦੁਕਾਨ 'ਤੇ ਬਜਾਜ ਮੋਟਰਸਾਈਕਲ 'ਤੇ 40 ਸਾਲ ਦੀ ਉਮਰ ਦਾ ਇਕ ਵਿਅਕਤੀ ਆਇਆ ਜੋ ਆਪਣੇ ਆਪ ਨੂੰ ਜਟਾਣਾ ਉੱਚਾ ਦੇ ਇਕ ਕੈਨੇਡੀਅਨ ਪਰਿਵਾਰ ਦਾ ਮੈਂਬਰ ਦੱਸ ਰਿਹਾ ਸੀ। ਉਸ ਨੇ ਆ ਕੇ ਰਾਜੀਵ ਕੁਮਾਰ ਨੂੰ ਗੁਲਾਬ ਜਾਮਣਾਂ ਦਾ ਰੇਟ ਪੁੱਛਿਆ ਅਤੇ ਉਕਤ ਠੱਗ ਐੱਚ. ਡੀ. ਐੱਫ. ਸੀ. ਬੈਂਕ ਅੰਦਰ ਗੇੜਾ ਮਾਰ ਕੇ ਵਾਪਸ ਆ ਗਿਆ, ਉਸ ਨੇ ਰਾਜੀਵ ਨੂੰ ਕਿਹਾ ਕਿ ਇਸ ਬੈਂਕ ਵਿਚ ਮੇਰੀ 5 ਲੱਖ ਰੁਪਏ ਦੀ ਪੇਮੈਂਟ ਆਉਣੀ ਹੈ ਜਿਸ ਕਰ ਕੇ ਬੈਂਕ ਵਾਲੇ ਮੈਨੂੰ ਕਰੰਟ ਅਕਾਊਂਟ ਖੁੱਲ੍ਹਵਾਉਣ ਲਈ ਕਹਿ ਰਹੇ ਹਨ ਪਰ ਮੇਰੇ ਕੋਲ 3 ਹਜ਼ਾਰ ਰੁਪਏ ਘੱਟ ਹਨ। ਉਸ ਨੇ ਰਾਜੀਵ ਕੁਮਾਰ ਤੋਂ ਕੈਨੇਡੀਅਨ ਭਰਾਵਾਂ ਦੇ ਨਾਮ 'ਤੇ 3 ਹਜ਼ਾਰ ਰੁਪਏ ਉਧਾਰ ਮੰਗੇ ਜੋ ਰਾਜੀਵ ਕੁਮਾਰ ਨੇ ਦੇ ਦਿੱਤੇ।

ਉਕਤ ਵਿਅਕਤੀ ਨੇ ਆਪਣਾ ਫੋਨ 'ਤੇ ਨਾਮ ਬਲਵੀਰ ਸਿੰਘ ਦੱਸਿਆ, ਜਦੋਂ ਉਕਤ ਠੱਗ ਕਿੰਨੀ ਹੀ ਦੇਰ ਵਾਪਸ ਨਾ ਪਰਤਿਆ ਤਾਂ ਰਾਜੀਵ ਕੁਮਾਰ ਨੇ ਦਿੱਤੇ ਫੋਨ ਨੰਬਰ 'ਤੇ ਫੋਨ ਕੀਤਾ ਪਰ ਉਹ ਨੰਬਰ ਜਲੰਧਰ ਦੇ ਕਿਸੇ ਬੈਂਕ ਕਰਮਚਾਰੀ ਦਾ ਨਿਕਲਿਆ। ਇਸ ਤੋਂ ਬਾਅਦ ਹੀ ਪਤਾ ਲੱਗਾ ਕਿ ਉਕਤ ਵਿਅਕਤੀ ਠੱਗ ਸੀ, ਜੋ ਠੱਗੀ ਮਾਰ ਕੇ ਤੁਰਦਾ ਬਣਿਆ। ਇਸ ਤੋਂ ਪਹਿਲਾਂ ਵੀ ਇਕ ਇਹੋ ਜਿਹੇ ਠੱਗ ਨੇ ਇਸੇ ਸਵੀਟ ਸ਼ਾਪ ਦੇ ਨੇੜੇ ਸਰੂਪ ਕਰਿਆਨਾ ਸਟੋਰ ਨੂੰ ਵੀ ਠੱਗੀ ਦਾ ਸ਼ਿਕਾਰ ਬਣਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ। ਜ਼ਿਕਰਯੋਗ ਹੈ ਕਿ ਸੁਨੀਲ ਸਵੀਟ ਤੋਂ ਮਹਿਜ਼ 50 ਗਜ਼ ਦੀ ਦੂਰੀ 'ਤੇ ਹਾਲੇ ਦਸ ਦਿਨ ਪਹਿਲਾਂ ਅਜਿਹੇ ਹੀ ਨੌਸਰਬਾਜ਼ਾਂ ਨੇ 7 ਹਜ਼ਾਰ ਰੁਪਏ ਨਾਟਕੀ ਢੰਗ ਨਾਲ ਲੁੱਟ ਲਏ ਸਨ।


Baljeet Kaur

Content Editor

Related News