PM ਮੋਦੀ ਦੇ ਦੌਰੇ ਤੋਂ ਪਹਿਲਾਂ ਏਅਰਫੋਰਸ ਦੀ ਕੰਧ 'ਤੇ ਲਿਖੇ ਖ਼ਾਲਿਸਤਾਨ ਦੇ ਨਾਅਰੇ, ਹਰਕਤ 'ਚ ਸੁਰੱਖਿਆ ਏਜੰਸੀਆਂ
Tuesday, Aug 23, 2022 - 02:09 PM (IST)
ਕੁਰਾਲੀ (ਬਠਲਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿੰਡ ਫਿਰੋਜ਼ਪੁਰ ਬੰਗਰ 'ਚ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਦਾ ਰਸਮੀ ਉਦਘਾਟਨ ਕਰਨ ਲਈ 24 ਅਗਸਤ ਨੂੰ ਇੱਥੇ ਪੁੱਜ ਰਹੇ ਹਨ। ਪ੍ਰਧਾਨ ਮੰਤਰੀ ਦੇ ਇਸ ਦੌਰੇ ਤੋਂ ਪਹਿਲਾਂ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪਨੂੰ ਦੇ ਸਮਰਥਕਾਂ ਵੱਲੋਂ ਸਿਸਵਾਂ ਮੁੱਲਾਂਪੁਰ ਮਾਰਗ 'ਤੇ ਏਅਰਫੋਰਸ ਦੀ ਕੰਧ 'ਤੇ ਖ਼ਾਲਿਸਤਾਨ ਦੇ ਨਾਅਰੇ ਲਿਖੇ ਮਿਲੇ। ਇਸ ਤੋਂ ਬਾਅਦ ਦੇਸ਼ ਦੀਆਂ ਸਾਰੀਆਂ ਸੁਰੱਖਿਆ ਏਜੰਸੀਆਂ ਹਰਕਤ 'ਚ ਆ ਗਈਆਂ ਹਨ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਕੰਧ ਤੋਂ ਇਨ੍ਹਾਂ ਨਾਅਰਿਆਂ ਨੂੰ ਸਾਫ਼ ਕਰ ਦਿੱਤਾ ਗਿਆ ਹੈ।
ਇਲਾਕੇ 'ਚ ਸੁਰੱਖਿਆ ਪੱਖੋਂ ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮ ਥਾਂ-ਥਾਂ ਤਾਇਨਾਤ ਕੀਤੇ ਗਏ ਹਨ। ਪੁਲਸ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਨੂੰ ਉਤਾਰਨ ਲਈ ਦੋ ਹੈਲੀਪੈਡ ਬਣਾ ਦਿੱਤੇ ਗਏ ਹਨ। ਹਸਪਤਾਲ ਦਾ ਉਦਘਾਟਨ ਕਰਨ ਮਗਰੋਂ ਰੈਲੀ ਕਰਨ ਲਈ ਹਰ ਸਹੂਲਤ ਵਾਲਾ ਆਲੀਸ਼ਾਨ ਪੰਡਾਲ ਬਣਾਇਆ ਗਿਆ ਹੈ। ਮੁੱਲਾਂਪੁਰ ਗਰੀਬਦਾਸ-ਮਾਜਰਾ 6 ਮਾਰਗੀ ਸੜਕ ਸਮੇਤ ਓਮੈਕਸ ਰਾਣੀਮਾਜਰਾ ਵੱਲ ਨੂੰ ਜਾਂਦੀ ਸੜਕ ਨੂੰ ਸਜਾਇਆ ਜਾ ਰਿਹਾ ਹੈ। ਸੜਕ 'ਤੇ ਪਈ ਮਿੱਟੀ ਨੂੰ ਟਰੈਕਟਰ-ਟਰਾਲੀਆਂ ਰਾਹੀਂ ਚੁਕਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ PR ਲੈਣ ਵਾਲੇ ਪੰਜਾਬ ਦੇ ਅਧਿਕਾਰੀਆਂ ਲਈ ਅਹਿਮ ਖ਼ਬਰ, ਸਖ਼ਤ ਹੋਈ ਮਾਨ ਸਰਕਾਰ
ਬਿਜਲੀ ਦੇ ਖੰਭਿਆਂ 'ਤੇ ਖਰਾਬ ਲਾਈਟਾਂ ਠੀਕ ਕਰਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਸਫ਼ਾਈ ਮੁਹਿੰਮ ਨੂੰ ਦੇਖਦਿਆਂ ਲੋਕਾਂ ਨੇ ਤੰਜ ਕੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਵਾਰ-ਵਾਰ ਪੰਜਾਬ 'ਚ ਗੇੜਾ ਮਾਰਦੇ ਰਹਿਣ ਤਾਂ ਜੋ ਸਮੇਂ-ਸਮੇਂ ਸੜਕਾਂ ਦੀ ਮੁਰੰਮਤ ਅਤੇ ਸਫ਼ਾਈ ਹੋ ਸਕੇ। ਜ਼ਿਲ੍ਹਾ ਪੁਲਸ ਮੁਖੀ ਵਿਵੇਕਸ਼ੀਲ ਸੋਨੀ, ਮੁੱਲਾਂਪੁਰ ਜ਼ੋਨ ਦੇ ਡੀ. ਐੱਸ. ਪੀ. ਧਰਮਵੀਰ ਸਿੰਘ ਤੇ ਥਾਣਾ ਮੁੱਲਾਂਪੁਰ ਗਰੀਬਦਾਸ ਦੇ ਐੱਸ. ਐੱਚ. ਓ. ਸਤਿੰਦਰ ਸਿੰਘ ਅਨੁਸਾਰ ਸੁਰੱਖਿਆ ਪੱਖੋਂ ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮ ਥਾਂ-ਥਾਂ ਤਾਇਨਾਤ ਕੀਤੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ