ਖਾਲਿਸਤਾਨ ਕਮਾਂਡੋ ਫੋਰਸ ਦੇ ਨਾਂ ''ਤੇ ਭੇਜੀ ਧਮਕੀ ਭਰੀ ਚਿੱਠੀ

07/27/2019 9:33:08 AM

ਲੰਬੀ/ਮਲੋਟ (ਜੁਨੇਜਾ)—ਮਲੋਟ ਉਪਮੰਡਲ ਦੇ ਪਿੰਡ ਲਾਲਬਾਈ ਨੇੜੇ ਢਾਣੀ 'ਤੇ ਰਹਿ ਰਹੇ ਇਕ ਕਿਸਾਨ ਨੂੰ ਧਮਕੀ ਭਰੀ ਚਿੱਠੀ ਭੇਜ ਕੇ ਉਸ ਤੋਂ ਖਾਲਿਸਤਾਨ ਕਮਾਂਡੋ ਫੋਰਸ ਦੇ ਨਾਂ 'ਤੇ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਗਿੱਦੜਬਾਹਾ ਰੋਡ 'ਤੇ ਇਸ ਢਾਣੀ 'ਤੇ ਰਹਿ ਰਹੇ ਕਿਸਾਨ ਪਰਿਵਾਰ ਨੂੰ ਮਿਲੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਸਾਡਾ ਆਪ ਜੀ ਨਾਲ ਕੋਈ ਵੈਰ-ਵਿਰੋਧ ਨਹੀਂ, ਸਾਡੀ ਲੜਾਈ ਜੁਰਮੀ ਸਰਕਾਰਾਂ ਨਾਲ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਮੰਗ ਪੂਰੀ ਹੋਵੇ ਅਤੇ ਖਾਲਿਸਤਾਨ ਬਣੇ ਪਰ ਉਸਨੂੰ ਪੂਰਾ ਕਰਨ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਅਤੇ ਫੰਡ ਦੀ ਜ਼ਰੂਰਤ ਹੈ, ਇਸ ਲਈ 2 ਲੱਖ ਸਹਾਇਤਾ ਫੰਡ ਦੇਣ ਦੀ ਕ੍ਰਿਪਾਲਤਾ ਕੀਤੀ ਜਾਵੇ। ਇਸ ਤੋਂ ਬਾਅਦ ਚਿੱਠੀ 'ਚ ਫਿਰੌਤੀ ਦੇਣ ਬਾਰੇ ਲਿਖਿਆ ਹੈ ਅਤੇ ਇਸ ਸਬੰਧੀ ਕਿਸੇ ਨੂੰ ਜਾਣਕਾਰੀ ਦੇਣ 'ਤੇ ਹਰਜਾਨਾ ਭਰਨ ਦੀ ਧਮਕੀ ਵੀ ਦਿੱਤੀ ਹੈ। ਇਹ ਿਚੱਠੀ ਇਕ ਚਿੱਟੇ ਰੰਗ ਦੇ ਪਲੇਨ ਪੇਜ 'ਤੇ ਕਾਲੇ ਪੈੱਨ ਨਾਲ ਲਿਖੀ ਹੋਈ ਹੈ। ਅੰਤ ਵਿਚ ਖਾਲਿਸਤਾਨ ਕਮਾਂਡੋ ਫੋਰਸ ਲਿਖ ਕੇ ਦਸਤਖਤ ਕੀਤੇ ਹਨ।

ਇਹ ਚਿੱਠੀ ਸੱਚਮੁੱਚ ਕਿਸੇ ਅੱਤਵਾਦੀ ਜਥੇਬੰਦੀ ਦੀ ਹੈ ਜਾਂ ਕਿਸੇ ਲੁਟੇਰਾ ਗਿਰੋਹ ਦਾ ਕੰਮ ਹੈ, ਇਸ ਬਾਰੇ ਕੋਈ ਪਤਾ ਨਹੀਂ ਲੱਗਾ ਪਰ ਜਦੋਂ ਇਸ ਸਬੰਧੀ ਲੰਬੀ ਥਾਣੇ ਦੇ ਐੱਸ. ਐੱਚ. ਓ. ਬਿਕਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਚਿੱਠੀ ਦੀ ਪੁਸ਼ਟੀ ਕੀਤੀ ਪਰ ਵਧੇਰੇ ਜਾਣਕਾਰੀ ਦੇਣ ਤੋਂ ਅਸਮਰੱਥਤਾ ਪ੍ਰਗਟਾਈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਲੋਟ ਵਿਚ ਵੀ ਕਿਸੇ ਅੱਤਵਾਦੀ ਜਥੇਬੰਦੀ ਦੇ ਲੈਟਰਪੈਡ 'ਤੇ ਆੜ੍ਹਤੀ ਪਾਸੋਂ 50 ਲੱਖ ਰੁਪਏ ਮੰਗਣ ਦਾ ਮਾਮਲਾ ਸਾਹਮਣੇ ਆਇਆ ਸੀ ਪਰ ਪੁਲਸ ਨੇ ਉਸ ਮਾਮਲੇ 'ਚ ਇਕ ਪਿਓ-ਪੁੱਤਰ ਸਮੇਤ ਚਾਰ ਜ਼ਿੰਮੇਵਾਰ ਲੋਕਾਂ ਨੂੰ ਕਾਬੂ ਕਰ ਲਿਆ ਸੀ, ਜਿਹੜੇ ਲੋਕਾਂ ਨੂੰ ਲੁੱਟਣ ਲਈ ਧਮਕੀ ਭਰੀਆਂ ਚਿੱਠੀਆਂ ਭੇਜ ਰਹੇ ਸਨ।


Shyna

Content Editor

Related News