ਖਾਲਿਸਤਾਨ ਦੇ ਮੁੱਦੇ ''ਤੇ 16 ਦੇਸ਼ਾਂ ਦੇ ਗਰਮ-ਖਿਆਲੀ ਸੰਗਠਨ ਇਕਜੁੱਟ

Tuesday, Mar 06, 2018 - 07:04 AM (IST)

ਖਾਲਿਸਤਾਨ ਦੇ ਮੁੱਦੇ ''ਤੇ 16 ਦੇਸ਼ਾਂ ਦੇ ਗਰਮ-ਖਿਆਲੀ ਸੰਗਠਨ ਇਕਜੁੱਟ

ਚੰਡੀਗੜ੍ਹ(ਭੁੱਲਰ)-ਕੈਨੇਡਾ ਸਮੇਤ ਕਈ ਦੇਸ਼ਾਂ 'ਚ ਭਾਰਤੀ ਸਿਆਸਤਦਾਨਾਂ ਤੇ ਸ਼ਾਸਕਾਂ 'ਤੇ ਗੁਰਦੁਆਰਿਆਂ 'ਚ ਜਾਣ ਦੀ ਰੋਕ ਲਾਉਣ ਤੋਂ ਬਾਅਦ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਗਰਮ-ਖਿਆਲੀ ਸਿੱਖ ਸੰਗਠਨ ਖਾਲਿਸਤਾਨ ਦੇ ਮੁੱਦੇ 'ਤੇ ਇਕਜੁੱਟ ਹੋ ਗਏ ਹਨ। ਜਾਣਕਾਰੀ ਅਨੁਸਾਰ ਬੇਅੰਤ ਸਿੰਘ ਹੱਤਿਆਕਾਂਡ 'ਚ ਜੇਲ 'ਚ ਬੰਦ ਅਤੇ ਪੰਜਾਬ ਦੇ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਵਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਨਿਰਦੇਸ਼ਾਂ ਅਨੁਸਾਰ ਸਿੱਖ ਮੁੱਦਿਆਂ 'ਤੇ ਵਿਸ਼ਵ ਸਿੱਖ ਸੰਸਦ ਸਥਾਪਿਤ ਕਰਨ ਲਈ 3 ਤੇ 4 ਮਾਰਚ ਨੂੰ ਬਰਮਿੰਘਮ ਵਿਖੇ ਹੋਈ ਦੋ ਦਿਨਾ ਵਿਸ਼ਵ ਸਿੱਖ ਕਾਨਫਰੰਸ 'ਚ ਖਾਲਿਸਤਾਨ ਦਾ ਸਮਰਥਨ ਕੀਤਾ ਗਿਆ ਹੈ। ਇਸ ਕਾਨਫਰੰਸ ਵਿਚ ਸਿੱਖ ਸੰਗਠਨਾਂ ਤੋਂ ਇਲਾਵਾ ਦੁਨੀਆ ਭਰ ਦੇ ਗੁਰਦੁਆਰਿਆਂ ਦੇ ਪ੍ਰਤੀਨਿਧੀਆਂ ਨੂੰ ਸੱਦਿਆ ਗਿਆ ਸੀ। ਇਸ ਵਿਚ ਭਾਰਤ 'ਚੋਂ ਵੀ ਪ੍ਰਤੀਨਿਧੀ ਸ਼ਾਮਲ ਹੋਏ। ਜਾਣਕਾਰੀ ਅਨੁਸਾਰ ਕਾਨਫਰੰਸ ਵਿਚ ਆਸਟ੍ਰੇਲੀਆ, ਨਿਊਜ਼ੀਲੈਂਡ, ਭਾਰਤੀ ਪੰਜਾਬ, ਜਰਮਨ, ਹਾਲੈਂਡ, ਇਟਲੀ, ਕੈਨੇਡਾ, ਅਮਰੀਕਾ ਆਦਿ ਸਣੇ 16 ਦੇਸ਼ਾਂ ਦੇ ਪ੍ਰਤੀਨਿਧੀ ਪਹੁੰਚੇ ਸਨ। ਇਸ ਦੌਰਾਨ ਭਵਿੱਖ ਦੀ ਰਣਨੀਤੀ ਬਾਰੇ ਸਹਿਮਤੀ ਬਣਨ ਤੋਂ ਬਾਅਦ ਪੰਜਾਬ ਦੀ 15 ਮੈਂਬਰੀ ਕਮੇਟੀ ਗਠਿਤ ਕਰਕੇ ਇਸ ਦਾ ਐਲਾਨ ਵਿਸਾਖੀ ਮੌਕੇ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਤੋਂ ਇਸ ਕਾਨਫਰੰਸ ਵਿਚ ਚੰਡੀਗੜ੍ਹ ਦੇ ਐਡਵੋਕੇਟ ਅਮਰ ਸਿੰਘ ਚਾਹਲ ਪਹੁੰਚੇ ਅਤੇ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਵਿਸ਼ੇਸ਼ ਸੰਦੇਸ਼ ਭੇਜਿਆ। ਇਸ ਤੋਂ ਇਲਾਵਾ ਦਮਦਮੀ ਟਕਸਾਲ ਦੇ ਪ੍ਰਤੀਨਿਧੀ ਰਾਮ ਸਿੰਘ, ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ, ਵੇਦਾਂਤੀ ਪੰਜ ਪਿਆਰਿਆਂ ਦੇ ਮੁਖੀ ਸਤਨਾਮ ਸਿੰਘ ਖੰਡਾ, ਮਨੁੱਖੀ ਅਧਿਕਾਰ ਸੰਗਠਨ ਦੇ ਨਵਕਿਰਨ ਸਿੰਘ ਐਡਵੋਕੇਟ ਨੇ ਵੀ ਕਾਨਫਰੰਸ ਲਈ ਆਪਣੇ ਵਲੋਂ ਸਮਰਥਨ ਦੇ ਪੱਤਰ ਭੇਜੇ ਸਨ। ਯੂ. ਐੱਸ. ਏ. ਤੋਂ ਸਵਰਨਜੀਤ ਸਿੰਘ, ਦਲਜੀਤ ਸਿੰਘ, ਸਟੋਕਟਨ ਤੋਂ ਡਾ. ਪ੍ਰੀਤਪਾਲ ਸਿੰਘ, ਡਾ. ਅਮਰਜੀਤ ਸਿੰਘ, ਕੁਲਦੀਪ ਸਿੰਘ, ਰਿਚਮੰਡ ਹਿੱਲ ਤੋਂ ਕਰਨੈਲ ਸਿੰਘ, ਡਾ. ਸ਼ਮਸ਼ੇਰ ਸਿੰਘ, ਡਾ. ਹਰਦਮ ਸਿੰਘ ਆਜ਼ਾਦ, ਡਾ. ਅੰਮ੍ਰਿਤ ਸਿੰਘ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਹਰਦਿਆਲ ਸਿੰਘ ਯੂਨਾਈਟਿਡ ਸਿੱਖਸ, ਗੁਰਦੇਵ ਸਿੰਘ ਮਾਨ, ਬੀਬੀ ਸਰਬਜੀਤ ਕੌਰ, ਬੀਬੀ ਗੁਰਮੀਤ ਕੌਰ, ਬੇਅੰਤ ਸਿੰਘ, ਬਲਜਿੰਦਰ ਸਿੰਘ ਸੀਐਟਲ, ਨਰਿੰਦਰ ਸਿੰਘ ਵਰਜੀਨੀਆ, ਜਸਜੀਤ ਸਿੰਘ ਖਾਲਸਾ, ਸੰਪੂਰਨ ਸਿੰਘ ਹਿਊਸਟਨ, ਜਸਵੰਤ ਸਿੰਘ ਹੋਠੀ, ਨਰਿੰਦਰ ਸਿੰਘ ਵਰਜੀਨੀਆ ਸ਼ਾਮਲ ਹੋਏ। ਕਾਨਫਰੰਸ ਦੇ ਮੁੱਖ ਆਯੋਜਕਾਂ 'ਚ ਸ਼ਾਮਲ ਭਾ. ਹਿੰਮਤ ਸਿੰਘ ਯੂ. ਐੱਸ. ਏ. ਨੇ ਇਸ ਕਾਨਫਰੰਸ ਦੀ ਸਫ਼ਲਤਾ 'ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਖਾਲਸੇ ਦੇ ਸਿਰਜਣਾ ਦਿਵਸ ਤੱਕ ਸਿੱਖ ਸੰਸਦ ਸਥਾਪਿਤ ਕਰਨ ਦਾ ਟੀਚਾ ਪੂਰਾ ਕਰ ਲਿਆ ਜਾਵੇਗਾ।


Related News