ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ''ਤੇ ਲਿਖੇ ''ਖਾਲਿਸਤਾਨ ਜ਼ਿੰਦਾਬਾਦ'' ਦੇ ਨਾਅਰੇ
Saturday, Apr 06, 2019 - 03:20 PM (IST)
ਤਰਨਤਾਰਨ (ਰਮਨ) : ਖਾਲਿਸਤਾਨੀ ਸਮਰਥਕਾਂ ਵਲੋਂ ਇਕ ਤਾਜ਼ਾ ਮਿਸਾਲ ਪੇਸ਼ ਕਰਦੇ ਹੋਏ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਨਜ਼ਦੀਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਨੇੜੇ ਟਰੱਕ ਲੇਅ ਬਾਈ ਵਿਖੇ 'ਖਾਲਿਸਤਾਨ ਜ਼ਿੰਦਾਬਾਦ' ਅਤੇ 'ਰੈਫਰੈਂਡਮ 2020' ਦੇ ਨਾਅਰੇ ਲਿਖੇ ਗਏ ਹਨ, ਜਿਸ ਦੀ ਜਾਣਕਾਰੀ ਮਿਲਦੇ ਹੀ ਜ਼ਿਲਾ ਪੁਲਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਨਾਅਰਿਆਂ ਨੂੰ ਵੇਖ ਲੋਕਾਂ 'ਚ ਕਈ ਤਰ੍ਹਾਂ ਦੀਆਂ ਗੱਲਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਆਏ ਦਿਨ ਜ਼ਿਲਾ ਤਰਨਤਾਰਨ ਦੇ ਵੱਖ-ਵੱਖ ਕਸਬਿਆਂ 'ਚ 'ਖਾਲਿਸਤਾਨ ਜ਼ਿੰਦਾਬਾਦ' ਵਰਗੇ ਨਾਅਰੇ ਆਮ ਹੀ ਲਿਖੇ ਜਾਂਦੇ ਰਹੇ ਹਨ। ਇਸ ਤੋਂ ਬਾਅਦ ਹੁਣ ਫਿਰ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਮਾਰਗ ਵਿਖੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੀ 150 ਗਜ਼ ਦੀ ਦੂਰੀ 'ਤੇ 'ਖਾਲਿਸਤਾਨ ਜ਼ਿੰਦਾਬਾਦ', 'ਰੈਫਰੈਂਡਮ 2020' ਦੇ ਕਾਲੇ ਰੰਗ 'ਚ ਨਾਅਰੇ ਲਿਖੇ ਨਜ਼ਰ ਆ ਗਏ ਹਨ। ਇਨ੍ਹਾਂ ਨਾਅਰਿਆਂ ਸਬੰਧੀ ਪੁਲਸ ਨੂੰ ਪਤਾ ਨਹੀਂ ਲੱਗਾ ਹੈ। ਇਸ ਸਬੰਧੀ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਮੀਤ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ ਨੇ ਦੱਸਿਆ ਕਿ ਇਹ ਸਭ ਪੁਲਸ ਦੀ ਨਕਾਮੀ ਦਾ ਨਤੀਜਾ ਹੈ, ਜੋ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਸ਼ਰੇਆਮ ਲਿਖੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਤੋਂ ਰੋਕਣ ਲਈ ਪੁਲਸ ਨੂੰ ਚੰਗੇ ਕਦਮ ਚੁੱਕਣ ਦੀ ਲੋੜ ਹੈ।
ਮਾਮਲੇ ਦੀ ਤੁਰੰਤ ਜਾਂਚ ਕੀਤੀ ਜਾਵੇਗੀ : ਐੱਸ. ਪੀ.
ਐੱਸ. ਪੀ. ਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿਕਿਸੇ ਨੂੰ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।