ਸੁਧੀਰ ਸੂਰੀ ਕਤਲਕਾਂਡ ਤੇ ਬੀਬੀ ਜਗੀਰ ਕੌਰ ’ਤੇ ਖੁੱਲ੍ਹ ਕੇ ਬੋਲੇ ਸੁਖਪਾਲ ਖਹਿਰਾ (ਵੀਡੀਓ)

Saturday, Nov 05, 2022 - 08:55 PM (IST)

ਜਲੰਧਰ (ਬਿਊਰੋ) : ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਕਈ ਭਖ਼ਦੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ। ਇਸ ਦੌਰਾਨ ਖਹਿਰਾ ਨੇ ਬੀਤੇ ਦਿਨ ਸੁਧੀਰ ਸੂਰੀ ਦੇ ਹੋਏ ਕਤਲ ਨੂੰ ਲੈ ਕੇ ਕਿਹਾ ਕਿ ਪੰਜਾਬ ’ਚ ‘ਲਾਅ ਐਂਡ ਆਰਡਰ’ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਨੂੰ 8-9 ਮਹੀਨੇ ਬੀਤ ਗਏ ਹਨ। ਉਨ੍ਹਾਂ ਦੇ ਪਿਤਾ ਦਾ ਕਤਲਕਾਂਡ ਦੀ ਜਾਂਚ ਨੂੰ ਲੈ ਕੇ ਬਿਆਨ ਆਉਣਾ ਕਿ ਉਹ ਮੂਸੇਵਾਲਾ ਦੇ ਕਤਲ ਦੀਆਂ ਤਾਰਾਂ ਕਿੱਥੇ ਜੁੜੀਆਂ ਹਨ, ਬਾਰੇ ਚੰਗੀ ਤਰ੍ਹਾਂ ਜਾਣਦੇ ਹਨ। ਮੂਸੇਵਾਲਾ ਦੇ ਪਿਤਾ ਕਤਲਕਾਂਡ ਦੀ ਜਾਂਚ ਨੂੰ ਲੈ ਕੇ ਸੰਤੁਸ਼ਟ ਨਹੀਂ ਹਨ। ਇਸ ਨੂੰ ਲੈ ਕੇ ਪੂਰੀ ਦੁਨੀਆ ਦਾ ਪ੍ਰੈਸ਼ਰ ਪਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਕਮਿਟਮੈਂਟ ਕੀਤੀ ਕਿ ਮੈਂ ਇਸ ਕਤਲਕਾਂਡ ਨੂੰ ਹੱਲ ਕਰਾਵਾਂਗਾ। ਉਨ੍ਹਾਂ ਕਿਹਾ ਕਿ ਇਸ ਤੋਂ ਸਾਬਿਤ ਹੋ ਰਿਹਾ ਹੈ ਕਿ ਪੰਜਾਬ ਦੇ ‘ਲਾਅ ਐਂਡ ਆਰਡਰ’ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੰਟਰੋਲ ਨਹੀਂ ਹੈ। ਸੁਧੀਰ ਸੂਰੀ ਦਾ ਕਤਲ ਵੀ ਇਸੇ ਗੱਲ ਨੂੰ ਸਾਬਿਤ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਬੀਬੀ ਜਗੀਰ ਕੌਰ ਕੇਂਦਰ ਦੀ ਭਾਜਪਾ ਦੇ ਹੱਥਾਂ ’ਚ ਖੇਡ ਰਹੀ ਹੈ : ਸੁਖਬੀਰ ਬਾਦਲ

ਬੀਬੀ ਜਗੀਰ ਕੌਰ ਬਾਰੇ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਜੋ ਲਿਫਾਫਾ ਕਲਚਰ ਦੀ ਗੱਲ ਉਠਾਈ ਹੈ, ਉਹ ਸਿਧਾਂਤਕ ਗੱਲ ਹੈ। ਇਹ ਸਭ ਅਕਾਲੀ ਦਲ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਉਮੀਦਵਾਰ ਐਲਾਨਣ ਤੋਂ ਬਾਅਦ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਉਂਝ ਮੇਰੇ ਕੋਲ ਕੋਈ ਸਬੂਤ ਤਾਂ ਨਹੀਂ ਹੈ ਪਰ ਬੀਬੀ ਜਗੀਰ ਕੌਰ ਭਾਜਪਾ ਦੀ ਗੇਮ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਅਕਾਲੀਆਂ ਨੇ ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ  ’ਤੇ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਕਿ ਲਾਲਪੁਰਾ ਸਾਡੇ ਐੱਸ. ਐੱਸ. ਪੀ. ਰਹਿ ਕੇ ਗਏ ਹਨ। ਉਸ ਸਮੇਂ ਬਾਦਲ ਪਰਿਵਾਰ ਦੀ ਸਰਕਾਰ ਸੀ ਤੇ ਬੀਬੀ ਜਗੀਰ ਕੌਰ ਦੇ ਉਨ੍ਹਾਂ ਨਾਲ ਵਧੀਆ ਸਬੰਧ ਸਨ। ਖਹਿਰਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਲਾਲਪੁਰਾ ਨੇ ਬੀਬੀ ਜਗੀਰ ਕੌਰ ਨੂੰ ਕੋਈ ਸਬਜ਼ਬਾਗ ਦਿਖਾ ਕੇ ਭਾਜਪਾ ਨਾਲ ਗੱਲ ਕਰਵਾਈ ਹੈ, ਭਾਜਪਾ ਕੋਲ ਨਾ ਤਾਂ ਮੈਂਬਰ ਹਨ ਤੇ ਹੋ ਸਕਦਾ ਹੈ ਕਿ ਪੈਸੇ ਦੀ ਗੱਲ ਕਹਿ ਕੇ ਬਾਦਲ ਦੇ ਮੈਂਬਰ ਤੋੜਨ ਦੀ ਗੱਲ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਦਾ ਬਿਆਨ ਤਾਂ ਸਹੀ ਹੋਣਾ ਸੀ, ਜੇ ਉਹ ਅਕਾਲੀ ਦਲ ਦੇ ਕਿਸੇ ਸਿਧਾਂਤ ਨੂੰ ਲੈ ਕੇ ਬਾਦਲਾਂ ’ਤੇ ਸਵਾਲ ਚੁੱਕਦੇ। ਉਹ ਬੇਅਦਬੀ , ਬਹਿਬਲ ਕਲਾਂ ਕਾਂਡ ਤੇ ਡੇਰਾ ਸੱਚਾ ਸੌਦਾ ਨਾਲ ਬਾਦਲਾਂ ਦੀ ਗਿੱਠਮਿੱਠ ਨੂੰ ਲੈ ਕੇ ਸਵਾਲ ਚੁੱਕਦੇ ਤਾਂ ਵਧੀਆ ਹੁੰਦਾ। ਲਿਫਾਫਾ ਕਲਚਰ ਵਾਲਾ ਮੁੱਦਾ ਚੁੱਕਣ ਨਾਲ ਉਨ੍ਹਾਂ ਨੂੰ ਕੋਈ ਹਮਦਰਦੀ ਨਹੀਂ ਮਿਲੀ। ਬੀਬੀ ਜਗੀਰ ਕੌਰ ਨੂੰ ਮੁਅੱਤਲ ਕਰਨ ’ਤੇ ਬੋਲਦਿਆਂ ਕਿਹਾ ਕਿ ਇਹ ਬਹੁਤ ਵੱਡਾ ਕਦਮ ਚੁੱਕਿਆ ਗਿਆ ਹੈ। ਪਾਰਟੀ ’ਚ ਗੱਲ ਰੱਖਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਬਹੁਤ ਕੁਰਬਾਨੀਆਂ ਦੇ ਕੇ ਐੱਸ. ਜੀ. ਪੀ. ਸੀ. ਬਣਾਈ ਗਈ ਸੀ ਤੇ ਉਸ ’ਚੋਂ ਹੀ ਸ਼੍ਰੋਮਣੀ ਅਕਾਲੀ ਦਲ ਨਿਕਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲਕਾਂਡ : NIA ਨੇ ਗਾਇਕਾ ਜੈਨੀ ਜੌਹਲ ਤੋਂ ਕੀਤੀ ਪੁੱਛਗਿੱਛ

ਸੁਖਪਾਲ ਖਹਿਰਾ ਨੇ ਵਿਰੋਧੀ ਧਿਰ ਦੀ ਭੂਮਿਕਾ ’ਤੇ ਬੋਲਦਿਆਂ ਕਿਹਾ ਕਿ ਕਾਂਗਰਸ ਨੇ ਫ਼ੌਜਾ ਸਿੰਘ ਸਰਾਰੀ ਦੇ ਮੁੱਦੇ ’ਤੇ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਪੂਰੇ ਜ਼ੋਰ ਨਾਲ ਉਸ ਦਾ ਅਸਤੀਫ਼ਾ ਮੰਗਿਆ। ਉਨ੍ਹਾਂ ਦੀ ਆਡੀਓ ਪੂਰੇ ਦੇਸ਼ ’ਚ ਵਾਇਰਲ ਹੋ ਚੁੱਕੀ ਹੈ। 2 ਵਿਧਾਇਕਾਂ ਸਰਬਜੀਤ ਕੌਰ ਮਾਣੂੰਕੇ ਤੇ  ਗੁਰਦਿੱਤ ਸੇਖੋਂ ਖ਼ਿਲਾਫ਼ ਇਨਕੁਆਰੀ ਬਿਠਾਉਣ ’ਤੇ ਬੋਲਦਿਆਂ ਕਿਹਾ ਕਿ ਇਸ ਦੇ ਕੋਈ ਮਾਇਨੇ ਨਹੀਂ ਹਨ, ਜਦਕਿ ਤੁਹਾਨੂੰ ਪਤਾ ਹੈ ਕਿ ਤੁਹਾਡੀ ਕੈਬਨਿਟ ’ਚ ਭ੍ਰਿਸ਼ਟ ਮੰਤਰੀ ਬੈਠਾ ਹੈ। ਉਨ੍ਹਾਂ ਕਿਹਾ ਕਿ ਸਾਡਾ ਕੰਮ ਹੈ ਵਿਰੋਧ ਕਰਨਾ। ਉਨ੍ਹਾਂ ਕਿਹਾ ਕਿ ਡਾ. ਵਿਜੇ ਸਿੰਗਲਾ ਨੂੰ 5 ਮਿੰਟ ’ਚ ਕੱਢ ਦਿੱਤਾ ਗਿਆ, ਜਦਕਿ ਫ਼ੌਜਾ ਸਿੰਘ ਸਰਾਰੀ ’ਤੇ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਵਿਜੇ ਸਿੰਗਲਾ ਨੂੰ ਸੰਗਰੂਰ ਚੋਣ ਕਾਰਨ ਬਲੀ ਦਾ ਬੱਕਰਾ ਬਣਾਇਆ ਗਿਆ ਸੀ। ਇਹ ਲੋਕ ਭ੍ਰਿਸ਼ਟਾਚਾਰ ਨੂੰ ਲੈ ਕੇ ਗੰਭੀਰ ਨਹੀਂ ਹਨ ਕਿਉਂਕਿ ਇਸ ਮੰਤਰੀ ’ਤੇ ਭ੍ਰਿਸ਼ਟਾਚਾਰ ਸਾਫ ਤੌਰ ’ਤੇ ਸਾਹਮਣੇ ਆਇਆ ਹੈ। ਇਸ ਨੂੰ ਕਿਉਂ ਬਚਾਇਆ ਜਾ ਰਿਹਾ ਹੈ, ਹੋ ਸਕਦਾ ਹੈ ਕਿ ਇਨ੍ਹਾਂ ਤੋਂ ਦਿੱਲੀ ਵਾਲਿਆਂ ਨੇ ਪੈਸੇ ਲਏ ਹੋਣ।

ਇਨ੍ਹਾਂ ਨੇ ਰਾਜ ਸਭਾ ’ਚ ਟਿਕਟਾਂ ਦੇ ਪੈਸੇ ਲਏ ਹਨ। ਇਨ੍ਹਾਂ ਨੇ ਵਿਧਾਨ ਸਭਾ ਟਿਕਟਾਂ ਬਦਲੇ ਵੀ ਪੈਸੇ ਲਏ ਹਨ। ਹੁਣ ਜੋ ਵੀ ਐਕਸਾਈਜ਼ ਪਾਲਿਸੀ ਦਾ ਘਟਨਾਚੱਕਰ ਚੱਲ ਰਿਹਾ ਹੈ, ਉਸ ਨੂੰ ਲੈ ਕੇ ਆਪ ਆਗੂਆਂ ’ਤੇ ਕਿੰਨੇ ਵੱਡੇ ਇਲਜ਼ਾਮ ਲੱਗ ਰਹੇ ਹਨ। ਇਹ ਸਰਕਾਰ ਦਿਖਾਉਣਾ ਚਾਹੁੰਦੀ ਹੈ ਕਿ ਕੱਟੜ ਈਮਾਨਦਾਰ ਹੈ, ਜੋ ਹੈ ਨਹੀਂ । ਇਹ ਕੈਮਰੇ ਅੱਗੇ ਕੱਟੜ ਈਮਾਨਦਾਰ ਹੈ। ਖਹਿਰਾ ਨੇ ਕਿਹਾ ਕਿ ਪਿਛਲੇ 7 ਮਹੀਨਿਆਂ ’ਚ ਪੰਜਾਬ ਦੇ ਖ਼ਜ਼ਾਨੇ ਦਾ ਉਜਾੜਾ ਕੀਤਾ ਜਾ ਰਿਹਾ ਹੈ ਤੇ ਖ਼ਜ਼ਾਨੇ ’ਚੋਂ ਕੇਜਰੀਵਾਲ ਨੂੰ ਫਿਕਸਿਡ ਵਿੰਗ ਪਲੇਨ ਲੈ ਕੇ ਦਿੱਤਾ ਜਾ ਰਿਹਾ ਹੈ। ਭਗਵੰਤ ਮਾਨ ਕੋਲ ਤਾਂ ਹੈਲੀਕਾਪਟਰ ਹੈ ਹੀ। ਸਾਡੀ ਸਰਕਾਰ ਦਾ ਉਜਾੜਾ ਕਰਕੇ ਇਕ ਜਹਾਜ਼ ਕੇਜਰੀਵਾਲ ਨੂੰ ਲੀਜ਼ ’ਤੇ ਲੈ ਕੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਸ਼ਤਿਹਾਬਾਜ਼ੀ ’ਤੇ ਇਸ ਸਰਕਾਰ ਨੇ ਪੈਸਾ ਬਰਬਾਦ ਕੀਤਾ, ਓਨਾ ਕਿਸੇ ਰਵਾਇਤੀ ਪਾਰਟੀ ਨੇ ਨਹੀਂ ਕੀਤਾ। ਕਾਂਗਰਸ ਦੀ ਹਿਮਾਚਲ ’ਚ ਪ੍ਰਫਾਰਮੈਂਸ ਵਧੀਆ ਹੈ ਤੇ ਉਥੇ ਸਰਕਾਰ ਵੀ ਬਣਾਵਾਂਗੇ। ‘ਆਪ’ ਉਥੋਂ ਭੱਜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ’ਚ ਵੀ ਕਾਂਗਰਸ ਤੇ ਭਾਜਪਾ ਦਰਮਿਆਨ ਮੁਕਾਬਲਾ ਹੈ। ਇਹ ਦੂਜੇ ਸੂਬਿਆਂ ’ਚ ਜਾ ਕੇ ਕਹਿ ਰਹੇ ਹਨ ਕਿ 7 ਮਹੀਨਿਆਂ ’ਚ ਪੰਜਾਬ ’ਚ ਬਹੁਤ ਬਦਲਾਅ ਲਿਆਂਦਾ, ਜੋ ਕਿ ਸਭ ਝੂਠ ਹੈ।

ਅੰਮ੍ਰ਼ਿਤਪਾਲ ਸਿੰਘ ਸਬੰਧੀ ਪੁੱਛੇ ਸਵਾਲ ’ਤੇ ਖਹਿਰਾ ਨੇ ਕਿਹਾ ਕਿ ਇਹ ਵਖਰੇਵੇਂ ਜੋ ਹੋ ਰਹੇ ਹਨ, ਇਹ ਸਾਡੇ ਸਮਾਜ ਲਈ ਮਾੜੀ ਗੱਲ ਹੈ। ਪੰਜਾਬ ਇਕ ਇਸ ਤਰ੍ਹਾਂ ਦਾ ਸੂਬਾ ਹੈ, ਜਿਥੇ ਗੁਰੂ ਸਾਹਿਬਾਨ ਨੇ ਸਭ ਦਾ ਮਾਣ-ਸਤਿਕਾਰ ਕਰਨਾ ਸਿਖਾਇਆ ਹੈ। ਉਨ੍ਹਾਂ ਕਿਹਾ ਕਿ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਸਭ ਧਰਮਾਂ ਦੀ ਬਾਣੀ ਦਰਜ ਹੋ ਗਈ, ਤਾਂ ਨਫ਼ਰਤ ਦੀ ਭਾਵਨਾ ਦੀ ਤਾਂ ਕੋਈ ਗੁੰਜਾਇਸ਼ ਹੀ ਨਹੀਂ ਸੀ। ਇਸ ਤਰ੍ਹਾਂ ਦੇ ਮਾਮਲਿਆਂ ’ਚ ਏਜੰਸੀਆਂ ਬਹੁਤ ਵੱਡਾ ਰੋਲ ਅਦਾ ਕਰਦੀਆਂ ਹਨ ਤੇ ਜਾਤ-ਪਾਤ ਦਾ ਵਖਰੇਵਾਂ ਪੈਦਾ ਕਰਦੀਆਂ ਹਨ। ਇਹ ਦੰਗੇ ਤੇ ਕਤਲੋਗਾਰਤ ਕਰਵਾ ਸਕਦੀਆਂ ਹਨ। ਖਹਿਰਾ ਨੇ ਕਿਹਾ ਕਿ ਇਸ ’ਚ ਕਿਤੇ ਨਾ ਕਿਤੇ ਸਿੱਖ ਧਾਰਮਿਕ ਆਗੂਆਂ ਦਾ ਵੀ ਫੇਲ੍ਹੀਅਰ ਨਜ਼ਰ ਆ ਰਿਹਾ ਹੈ। ਐੱਸ. ਜੀ. ਪੀ. ਸੀ. ਨੂੰ ਬਾਦਲ ਪਰਿਵਾਰ ਦੇ ਫਾਇਦੇ ਵਾਸਤੇ ਵਰਤਣਾ, ਜਿਸ ਦਾ ਖ਼ਮਿਆਜ਼ਾ ਸਾਨੂੰ ਇਸ ਤਰ੍ਹਾਂ ਭੁਗਤਣਾ ਪੈਂਦਾ ਹੈ। ਜੇ ਸਾਡੀ ਧਾਰਮਿਕ ਲੀਡਰਸ਼ਿਪ ਬਿਲਕੁਲ ਆਜ਼ਾਦ ਤੇ ਪ੍ਰਪੱਕ ਹੋਵੇ ਤਾਂ ਉਸ ਦੀ ਹਰ ਇਕ ਗੱਲ ਦੀ ਪਾਲਣਾ ਹੋ ਸਕਦੀ ਹੈ ਪਰ ਉਨ੍ਹਾਂ ਨੂੰ ਪਤਾ ਹੈ ਕਿ ਇਹ ਹੁਣ ਕਿਸੇ ਬੰਦੇ ਦੇ ਹੱਥਠੋਕੇ ਹਨ, ਉਸ ਦਾ ਨੁਕਸਾਨ ਹੋ ਰਿਹਾ ਹੈ।  
 


Manoj

Content Editor

Related News