ਰਾਣਾ ਗੁਰਜੀਤ ਦੀ ਚਿੱਠੀ ''ਤੇ ਸੁਖਪਾਲ ਖਹਿਰਾ ਦਾ ਪਲਟਵਾਰ, ਦਿੱਤੀ ਵੱਡੀ ਚੁਣੌਤੀ

01/24/2022 10:10:16 PM

ਕਪੂਰਥਲਾ/ਜਲੰਧਰ (ਵੈੱਬ ਡੈਸਕ): ਜੇਲ੍ਹ 'ਚ ਬੰਦ ਭੁਲੱਥ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਨੇ ਕਪੂਰਥਲਾ ਤੋਂ ਕਾਂਗਰਸ ਦੇ ਵਿਧਾਇਕ ਅਤੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਰਾਣਾ ਗੁਰਜੀਤ ਸਿੰਘ ਨੂੰ ਦਾਗ਼ੀ ਤੇ ਹੰਕਾਰੀ ਮੰਤਰੀ ਦੱਸਦਿਆਂ ਚੁਣੌਤੀ ਦਿੱਤੀ ਹੈ ਕਿ ਮੇਰੇ(ਸੁਖਪਾਲ ਖਹਿਰਾ) ਖ਼ਿਲਾਫ਼ ਹਾਈਕਮਾਨ ਕੋਲ ਸ਼ਿਕਾਇਤ ਕਰਨ ਤੋਂ ਪਹਿਲਾਂ ਉਹ ਆਪਣਾ ਮੁੰਡਾ ਅਜ਼ਾਦ ਉਮੀਦਵਾਰ ਵਜੋਂ ਸੁਲਤਾਨਪੁਰ ਲੋਧੀ ਤੋਂ ਹਟਾਉਣ।ਸੁਖਪਾਲ ਖਹਿਰਾ ਦੀ ਫੇਸਬੁੱਕ 'ਤੇ ਇਕ ਪੋਸਟ ਪਾਈ ਗਈ ਹੈ ਜਿਸ ਵਿੱਚ ਉਨ੍ਹਾਂ ਰਾਣਾ ਗੁਰਜੀਤ 'ਤੇ ਵੱਡੇ ਇਲਜ਼ਾਮ ਮੜ੍ਹਦਿਆਂ ਕਿਹਾ ਕਿ ਕਾਂਗਰਸ ਨੂੰ ਹਰਾਉਣ ਲਈ ਇਸ ਨੇ ਆਪਣੇ ਇਕ ਕਰਿੰਦੇ ਗੋਰਾ ਗਿੱਲ ਨੂੰ ਕੈਪਟਨ ਦੀ ਪਾਰਟੀ 'ਚ ਅਤੇ ਜੋਗਿੰਦਰ ਮਾਨ ਨੂੰ 'ਆਪ' ਵਿੱਚ ਭੇਜਿਆ ਹੈ। 

ਇਹ ਵੀ ਪੜ੍ਹੋ: ਫਤਿਹਜੰਗ ਬਾਜਵਾ ਦੇ ਬੇਬਾਕ ਬੋਲ, ਦੱਸਿਆ ਕਾਂਗਰਸ 'ਚ ਕਿਸਨੇ ਕੀਤੀ ਮੋਟੀ ਕਮਾਈ (ਵੀਡੀਓ)

ਜ਼ਿਕਰਯੋਗ ਹੈ ਕਿ ਬੀਤੇ ਦਿਨ ਰਾਣਾ ਗੁਰਜੀਤ ਸਿੰਘ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਮਨੀ ਲਾਂਡਰਿੰਗ ਮਾਮਲੇ ਵਿਚ ਕਥਿਤ ਤੌਰ ’ਤੇ ਸ਼ਾਮਲ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ 'ਚੋਂ ਕੱਢਣ ਦੀ ਮੰਗ ਕੀਤੀ ਸੀ। ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿਚ ਰਾਣਾ ਨੇ ਕਿਹਾ ਸੀ ਕਿ ਖਹਿਰਾ ਮਨੀ ਲਾਂਡਰਿੰਗ ਮਾਮਲੇ ਵਿਚ ਇਸ ਸਮੇਂ ਜੇਲ੍ਹ ਵਿਚ ਹੈ। ਇਹ ਕੋਈ ਆਮ ਤੌਰ ’ਤੇ ਸਾਹਮਣੇ ਆਉਣ ਵਾਲਾ ਅਨਿਯਮਿਤ ਜਾਇਦਾਦ ਜਾਂ ਪੈਸੇ ਨਾਲ ਜੁੜਿਆ ਮਨੀ ਲਾਂਡਰਿੰਗ ਦਾ ਕੇਸ ਨਹੀਂ ਹੈ, ਸਗੋਂ ਇਹ ਡਰੱਗ ਮਨੀ ਨਾਲ ਜੁੜਿਆ ਮਾਮਲਾ ਹੈ। ਕੇਸ ਨਾਲ ਜੁੜੀ ਰਕਮ ਨੂੰ ਨਸ਼ੇ ਦੇ ਜ਼ਰੀਏ ਕਮਾਇਆ ਗਿਆ ਸੀ, ਜਿਸਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। 

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਖ਼ਿਲਾਫ਼ ਰਾਣਾ ਗੁਰਜੀਤ ਸਿੰਘ ਨੇ ਸੁੱਟਿਆ ‘ਚਿੱਠੀ ਬੰਬ’, ਕੀਤੀ ਪਾਰਟੀ ’ਚੋਂ ਕੱਢਣ ਦੀ ਮੰਗ

ਰਾਣਾ ਨੇ ਕਿਹਾ ਸੀ ਕਿ ਇਹ ਸਹੀ ਸਮਾਂ ਹੈ ਕਿ ਕਾਂਗਰਸ ਪਾਰਟੀ ਨੂੰ ਨਸ਼ੇ ਦੇ ਮੁੱਦੇ ’ਤੇ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ ਅਤੇ ਜੋ ਵਿਅਕਤੀ ਇਨ੍ਹਾਂ ਦੋਸ਼ਾਂ ਵਿਚ ਦਾਗ਼ੀ ਹੈ ਅਤੇ ਜੇਲ੍ਹ ਵਿਚ ਬੰਦ ਹੈ, ਉਸਨੂੰ ਟਿਕਟ ਨਹੀਂ ਮਿਲਣੀ ਚਾਹੀਦੀ। ਹੁਣ ਇਸ ਮਾਮਲੇ 'ਚ ਸੁਖਪਾਲ ਸਿੰਘ ਖਹਿਰਾ ਨੇ ਰਾਣਾ ਗੁਰਜੀਤ 'ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਖ਼ਿਲਾਫ਼ ਬੇਬੁਨਿਆਦ ਅਤੇ ਮਨਘੜਤ ਇਲਜ਼ਾਮ ਲਗਾਉਣ ਅਤੇ ਕਾਂਗਰਸ ਦੀ ਭੁਲੱਥ ਵਿਚ ਚਿੰਤਾ ਕਰਨ ਤੋਂ ਪਹਿਲਾਂ ਦਾਗ਼ੀ ਤੇ ਹੰਕਾਰੀ ਰਾਣਾ ਗੁਰਜੀਤ ਨੂੰ ਆਪਣਾ ਮੁੰਡਾ ਅਜ਼ਾਦ ਉਮੀਦਵਾਰ ਵਜੋਂ ਸੁਲਤਾਨਪੁਰ ਲੋਧੀ ਤੋਂ ਹਟਾਉਣਾ ਚਾਹੀਦਾ ਹੈ। ਇਸੇ ਤਰ੍ਹਾਂ ਇਸ ਦਾਗ਼ੀ ਆਗੂ ਵਿੱਚ ਇੰਨੀ ਹਿੰਮਤ ਹੋਣੀ ਚਾਹੀਦੀ ਹੈ ਕਿ ਇਹ ਜਨਤਕ ਤੌਰ 'ਤੇ ਸਵੀਕਾਰ ਕਰੇ ਕਿ ਕਾਂਗਰਸ ਨੂੰ ਹਰਾਉਣ ਲਈ ਇਸ ਨੇ ਆਪਣੇ ਇਕ ਕਰਿੰਦੇ ਗੋਰਾ ਗਿੱਲ ਨੂੰ ਕੈਪਟਨ ਦੀ ਪਾਰਟੀ 'ਚ ਅਤੇ ਜੋਗਿੰਦਰ ਮਾਨ ਨੂੰ 'ਆਪ' ਵਿੱਚ ਭੇਜਿਆ ਹੈ। ਅਸਲ ਵਿੱਚ ਇਸ ਦਾਗ਼ੀ ਆਗੂ ਦੀ ਪੂਰੀ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਕਾਂਗਰਸ ਦੀ ਪਿੱਠ ਵਿੱਚ ਛੁਰਾ ਮਾਰ ਕੇ ਇਨ੍ਹਾਂ ਸਾਰੀਆਂ ਸੀਟਾਂ 'ਤੇ ਹਰਾਇਆ ਜਾਵੇ।

 

 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News