2 ਨੌਜਵਾਨਾਂ ਨੇ ਇਕੱਠਿਆ ਲਿਆ ਫਾਹਾ, ਹੋਈ ਮੌਤ

04/17/2019 8:42:01 PM

ਤਰਨ ਤਾਰਨ(ਰਮਨ)— ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਖਵਾਸਪੁਰ ਵਿਖੇ ਆਪਣੇ ਘਰ ਅੰਦਰ ਹੀ ਦੋ ਨੌਜਵਾਨਾਂ ਵੱਲੋ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਦੁੱਖ ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦੀ ਸੂਚਨਾਂ ਮਿਲਦੇ ਹੀ ਡੀ.ਐਸ.ਪੀ ਗੋਇੰਦਵਾਲ ਰਜਿੰਦਰਪਾਲ ਸਿੰਘ, ਥਾਣਾ ਗੋਇੰਦਵਾਲ ਦੇ ਮੁੱਖੀ ਇਸਪੈਕਟਰ ਸੁਖਰਾਜ ਸਿੰਘ, ਏ.ਐੱਸ.ਆਈ ਬਲਰਾਜ ਸਿੰਘ ਮੌਕੇ ਤੇ ਪੁੱਜ ਗਏ ਜਿਨਾਂ ਨੇ ਲਾਸ਼ਾਂ ਨੂੰ ਕਬਜੇ ਵਿਚ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ । ਜਿਕਰਯੋਗ ਹੈ ਕਿ ਇਨ੍ਹਾਂ ਮੌਤਾਂ ਦਾ ਮੁੱਖ ਕਾਰਨ ਨਸ਼ੇ ਨੂੰ ਮੰਨਿਆ ਜਾ ਰਿਹਾ ਹੈ ਜਿਸ ਦੀ ਪੁਲਸ ਵੱਲੋ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਖਵਾਸਪੁਰ ਨਿਵਾਸੀ ਬਲਬੀਰ ਸਿੰਘ ਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ ਜਿਸ ਦਾ ਬੇਟਾ ਪਿੰਦਰ ਸਿੰਘ (23) ਇੱਕਲਾ ਹੀ ਘਰ ਵਿਚ ਰਹਿੰਦਾ ਸੀ ਅਤੇ ਉਹ ਨਸ਼ੇ ਦਾ ਆਦੀ ਹੋ ਚੁੱਕਾ ਸੀ । ਪਿੰਦਰ ਸਿੰਘ ਦੀ ਯਾਰੀ ਕੁੱਝ ਨਸ਼ੇੜੀ ਕਿਸਮ ਦੇ ਨੌਜਵਾਨਾਂ ਨਾਲ ਹੋਣ ਕਾਰਨ ਉਸ ਦੇ ਘਰ ਵਿਚ ਅਕਸਰ ਨਸ਼ੇੜੀਆਂ ਦਾ ਆਉਣਾ ਜਾਣਾ ਲੱਗਾ ਰਹਿਦਾ ਸੀ। ਅੱਜ ਪਿੰਦਰ ਸਿੰਘ ਦਾ ਦੋਸਤ ਹਰਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਫਤਿਆਬਾਦ ਪਿੰਡ ਖਵਾਸਪੁਰ ਵਿਖੇ ਪਿੰਦਰ ਸਿੰਘ ਦੇ ਘਰ ਨੂੰ ਬਾਹਰੋ ਤਾਲਾ ਮਾਰ ਕੇ ਕੰਧ ਟੱਪ ਅੰਦਰ ਦਾਖਲ ਹੋ ਗਏ। ਆਸ ਪੜੌਸ ਰਹਿੰਦੇ ਲੋਕਾਂ ਦੇ ਦੱਸਣ ਮੁਤਾਬਕ ਦੋਵਾਂ ਦੀਆਂ ਲਾਸ਼ਾ ਕਮਰੇ ਅੰਦਰ ਛੱਤ ਨਾਲ ਲੱਟਕ ਰਹੀਆਂ ਸਨ ਜਿਨਾਂ ਨੂੰ ਵੇਖ ਤੁਰੰਤ ਪੁਲਸ ਨੂੰ ਸੂਚਨਾਂ ਦਿੱਤੀ ਗਈ। ਪੁਲਸ ਦੇ ਹਾਜਰੀ ਵਿਚ ਦੋਵਾਂ ਦੀਆਂ ਲਾਸ਼ਾ ਕਮਰੇ ਵਿਚ ਲੱਟਕ ਰਹੀਆਂ ਸਨ ਜਿਨਾਂ ਦੇ ਨਜਦੀਕ ਕੁਅਝ ਸਰਿੰਜਾ ਅਤੇ ਸੂਈਆਂ ਸਮਤੇ ਹੋਰ ਨਸ਼ੇ ਦਾ ਸਾਮਾਨ ਖਿਲੱਰਿਆ ਪਿਆ ਸੀ। ਇਸ ਘਟਨਾਂ ਸਬੰਧੀ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਦੋਵੇ ਨੌਜਵਾਨ ਨਸ਼ੇ ਦੇ ਆਦੀ ਹੋ ਚੁੱਕੇ ਸਨ ਜਿਨਾਂ ਦੀ ਯਾਰੀ ਦੋਸਤੀ ਨਸ਼ੇੜੀ ਕਿਸਮ ਦੇ ਨੌਜਵਾਨਾਂ ਨਾਲ ਹੋਣ ਕਾਰਨ ਉਹ ਅਕਸਰ ਇਸ ਘਰ ਵਿਚ ਨਸ਼ਾ ਕਰਨ ਆਉਂਦੇ ਸਨ।ਮੌਕੇ ਤੇ ਪੁੱਜੇ ਥਾਣਾ ਮੁੱਖੀ ਸਬ ਇੰਸਪੈਕਟਰ ਸੁਖਰਾਜ ਸਿੰਘ ਅਤੇ ਏ.ਐਸ.ਆਈ ਬਲਰਾਜ ਸਿੰਘ ਨੇ ਦੋਵਾਂ ਲਾਸ਼ਾ ਨੂੰ ਕਬਜੇ ਵਿਚ ਲੈਦੇ ਹੋਏ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਭੇਜ ਦਿੱਤਾ, ਜਿਨਾਂ ਦਾ ਵੀਰਵਾਰ ਨੂੰ ਪੋਸਟਮਾਰਟਮ ਕੀਤਾ ਜਾਵੇਗਾ। ਇਸ ਸਬੰਧੀ ਡੀ.ਐਸ.ਪੀ ਗੋਇੰਦਵਾਲ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੇ ਮਾਮਲਾ ਦਰਜ ਸਬੰਧੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।ਜਿਕਰਯੋਗ ਹੈ ਕਿ ਇਨ੍ਹਾਂ ਨੌਜਵਾਨਾਂ ਦੀ ਮੌਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅੱਜ ਵੀ ਨੌਜਵਾਨ ਨਸ਼ੇ ਦਾ ਸ਼ਿਕਾਰ ਹੋ ਆਪਣੀ ਜਿੰਦਗੀ ਤਬਾਹ ਕਰ ਰਹੇ ਹਨ। ਜਿਸ ਨਾਲ ਜ਼ਿਲ੍ਹੇ ਵਿਚ ਨਸ਼ੇ ਤੇ ਕੰਟਰੋਲ ਕਰਨ ਸਬੰਧੀ ਮੁਹਿੰਮ ਦੀ ਪੋਲ ਖੁੱਲਦੀ ਸਾਫ ਵਖਾਈ ਦੇ ਰਹੀ ਹੈ।


satpal klair

Content Editor

Related News