ਡਿੰਪਾ ਨੇ ਅਕਾਲੀਆਂ ਦਾ ਪੰਥਕ ਕਿਲਾ ਕੀਤਾ ਢਹਿ ਢੇਰੀ

05/24/2019 10:36:02 AM

ਖਡੂਰ ਸਾਹਿਬ (ਗਿੱਲ) : ਲੋਕ ਸਭਾ ਹਲਕਾ ਖਡੂਰ ਸਾਹਿਬ ਜਿਸ ਨੂੰ ਪਹਿਲਾਂ ਤਰਨਤਾਰਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਇਸ ਹਲਕੇ ਨੂੰ ਪੰਥਕ ਹਲਕਾ ਵੀ ਕਿਹਾ ਜਾਂਦਾ ਹੈ। ਇਸ ਹਲਕੇ ਤੋਂ ਕਾਂਗਰਸ ਪਾਰਟੀ ਵਲੋਂ 1991 ਵਿਚ ਸੁਰਿੰਦਰ ਸਿੰਘ ਕੈਰੋਂ ਜੇਤੂ ਰਹੇ ਸਨ। ਉਸ ਤੋਂ ਬਾਅਦ ਲਗਾਤਾਰ ਲਗਭਗ 30 ਸਾਲ ਅਕਾਲੀ ਦਲ ਦਾ ਇਸ ਹਲਕੇ ਉਪਰ ਕਬਜ਼ਾ ਬਣਿਆ ਹੋਇਆ ਸੀ ਅਤੇ ਇਸ ਹਲਕੇ ਨੂੰ ਪੰਥਕ ਹਲਕਾ ਦਾ ਨਾਮ ਦੇ ਦਿੱਤਾ ਗਿਆ ਸੀ ਅਤੇ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਥੇ. ਰਣਜੀਤ ਸਿੰਘ ਬ੍ਰਹਮਪੁਰਾ 4,67,332 ਵੋਟਾਂ, ਕਾਂਗਰਸ ਪਾਰਟੀ ਦੇ ਹਰਮਿੰਦਰ ਸਿੰਘ ਗਿੱਲ 3,66,367 ਵੋਟਾਂ ਅਤੇ ਆਪ ਦੇ ਭਾਈ ਬਲਦੀਪ ਸਿੰਘ ਨੂੰ 1,44,531 ਵੋਟਾਂ ਪਈਆਂ ਸਨ ਅਤੇ ਬ੍ਰਹਮਪੁਰਾ ਵੱਡੀ ਲੀਡ ਨਾਲ ਇਥੋਂ ਜੇਤੂ ਰਹੇ ਸਨ। ਇਸ ਪੰਥਕ ਹਲਕੇ ਤੋਂ ਇਸ ਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਸਾਢੇ ਚਾਰ ਲੱਖ ਤੋਂ ਵੱਧ ਵੋਟਾਂ ਲੈ ਕੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਅਤੇ ਅਕਾਲੀ ਦਲ ਦੇ ਇਸ ਪੰਥਕ ਕਿਲੇ ਨੂੰ ਢਹਿ ਢੇਰੀ ਕਰ ਦਿੱਤਾ ਹੈ। ਬੀਬੀ ਜਗੀਰ ਕੌਰ ਕੇਵਲ ਸਵਾ 3 ਲੱਖ ਦੇ ਕਰੀਬ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਸਵਾ 2 ਲੱਖ ਦੇ ਕਰੀਬ ਹੀ ਵੋਟਾਂ ਹਾਸਿਲ ਕਰ ਸਕੇ ਹਨ। 

ਇਸ ਹਲਕੇ ਤੋਂ ਜਦੋਂ ਜਸਬੀਰ ਸਿੰਘ ਡਿੰਪਾ ਨੂੰ ਕਾਂਗਰਸ ਪਾਰਟੀ ਨੇ ਉਮੀਦਵਾਰ ਬਣਾਇਆ ਸੀ ਉਸ ਵੇਲੇ ਵਿਰੋਧੀ ਪਾਰਟੀਆਂ ਵਲੋਂ ਉਨ੍ਹਾਂ ਦੇ ਪੱਗੜੀ ਬੰਨਣ ਅਤੇ ਹੋਰ ਕਈ ਤਰ੍ਹਾਂ ਦੇ ਨਿਸ਼ਾਨੇ ਸਾਧੇ ਜਾ ਰਹੇ ਸਨ ਤੇ ਇਸ ਹਲਕੇ ਤੋਂ ਕਾਂਗਰਸ ਦੀ ਵੱਡੀ ਹਾਰ ਦਾ ਦਾਅਵਾ ਕੀਤਾ ਜਾ ਰਿਹਾ ਸੀ ਪਰ ਡਿੰਪਾ ਵਲੋਂ ਜਿਥੇ ਵੱਡੀ ਜਿੱਤ ਪ੍ਰਾਪਤ ਕਰਕੇ ਪੱਗੜੀ ਦੀ ਲਾਜ ਰੱਖੀ, ਉਥੇ ਹਲਕਾ ਖਡੂਰ ਸਾਹਿਬ ਦਾ ਕਾਂਗਰਸੀ ਕਰਨ ਕਰਦੇ ਹੋਏ ਪੰਥਕ ਹਲਕੇ ਦਾ ਅਕਾਲੀਆਂ ਵਲੋਂ ਲਗਾਇਆ ਟੈਗ ਵੀ ਉਤਾਰ ਦਿੱਤਾ। ਜੇਕਰ ਕੁਝ ਸੂਤਰਾਂ ਦੀ ਮੰਨੀਆਂ ਤਾਂ ਅਕਾਲੀ ਦਲ ਦੀ ਹਾਰ ਵਿਚ ਸਭ ਤੋਂ ਵੱਡਾ ਰੋੜਾ ਜਥੇ ਰਣਜੀਤ ਸਿੰਘ ਬ੍ਰਹਮਪੁਰਾ ਬਣੇ ਜੋ ਅਕਾਲੀ ਦਲ ਤੋਂ ਵੱਖ ਹੋ ਕੇ ਬਾਦਲਾਂ ਦਾ ਖੁੱਲ ਕੇ ਵਿਰੋਧ ਕਰ ਰਹੇ ਹਨ। ਇਸ ਹਲਕੇ ਤੋਂ ਆਮ ਆਦਮੀ ਪਾਰਟੀ ਸਣੇ ਬਾਕੀ ਹੋਰ ਉਮੀਦਵਾਰ ਆਪਣੀਆਂ ਜਮਾਨਤਾਂ ਤੱਕ ਨਹੀਂ ਬਚਾ ਸਕੇ।


Baljeet Kaur

Content Editor

Related News