ਖਡੂਰ ਸਾਹਿਬ : ਭਾਵੁਕ ਹੋਣ ਕਰਕੇ ਵੋਟਰ ਪੰਥਕ ਉਮੀਦਵਾਰਾਂ ਨੂੰ ਦਿੰਦੇ ਹਨ ਪਹਿਲ

Tuesday, Apr 02, 2019 - 12:01 PM (IST)

ਖਡੂਰ ਸਾਹਿਬ : ਭਾਵੁਕ ਹੋਣ ਕਰਕੇ ਵੋਟਰ ਪੰਥਕ ਉਮੀਦਵਾਰਾਂ ਨੂੰ ਦਿੰਦੇ ਹਨ ਪਹਿਲ

ਵੈਰੋਵਾਲ (ਸਰਮੁੱਖ ਸਿੰਘ ਗਿੱਲ) : ਪੰਜਾਬ 'ਚੋਂ ਸਭ ਤੋਂ ਚਰਚਿਤ ਲੋਕ ਸਭਾ ਸੀਟ ਇਸ ਵੇਲੇ ਹਲਕਾ ਖਡੂਰ ਸਾਹਿਬ ਦੀ ਮੰਨੀ ਜਾ ਰਹੀ ਹੈ ਤੇ ਇਸ ਸੀਟ 'ਤੇ ਹਰ ਵਾਰ ਪੰਥਕ ਪੱਤਾ ਖੇਡ ਕੇ ਅਕਾਲੀ ਦਲ ਜੇਤੂ ਹੁੰਦਾ ਰਿਹਾ ਹੈ ਤੇ ਇਸ ਵਾਰ ਇਸ ਹਲਕੇ ਦੇ ਲੋਕਾਂ ਨੇ ਜੇਲ 'ਚ ਬੰਦ ਹੁੰਦਾ ਸਿਮਰਜੀਤ ਸਿੰਘ ਮਾਨ ਨੂੰ ਇਕ ਤਰਫਾ ਵੱਡੀ ਜਿੱਤ ਦਿਵਾਈ ਸੀ ਪਰ ਇਸ ਵਾਰ 9 ਵਿਧਾਨ ਸਭਾ ਹਲਕਿਆਂ 'ਚ ਕਾਂਗਰਸ ਦੇ ਵਿਧਾਇਕ ਹੋਣ ਕਰਕੇ ਜਿਥੇ ਕਾਂਗਰਸ ਪਾਰਟੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਮਜ਼ਬੂਤ ਮੰਨ ਰਹੀ ਹੈ । ਉਥੇ ਸ਼੍ਰੋਮਣੀ ਅਕਾਲੀ ਦਲ ਵਲੋਂ ਬੀਬੀ ਜਗੀਰ ਕੌਰ ਨੂੰ ਚੋਣ ਮੈਦਾਨ 'ਚ ਉਤਾਰ ਕੇ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਥੇ ਹੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਸਾਬਕਾ ਫੌਜ ਮੁਖੀ ਜਨਰਲ ਜੇ.ਜੇ. ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ ਤੇ ਇਸ ਹਲਕੇ 'ਤੇ ਬ੍ਰਹਮਪੁਰਾ ਦੇ ਪਿਛਲੇ ਮਜ਼ਬੂਤ ਆਧਾਰ ਨੂੰ ਮੁੱਖ ਬਣਾ ਕੇ ਚੋਣ ਲੜੀ ਜਾ ਰਹੀ ਹੈ। ਪੀ.ਡੀ.ਏ. ਵਲੋਂ ਵੀ ਮਨੁੱਖੀ ਅਧਿਕਾਰਾਂ ਲਈ ਲੜਾਈ ਲੜਦੇ ਸ਼ਹੀਦ ਹੋਏ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਇਸ ਦਾ ਪੀ.ਡੀ.ਏ. ਨੂੰ ਵੱਡਾ ਫਾਇਦਾ ਮਿਲ ਸਕਦਾ ਹੈ ਕਿਉਂਕਿ ਇਸ ਹਲਕੇ ਦੇ ਲੋਕ ਭਾਵੁਕ ਹੋਣ ਕਰਕੇ ਸਿਮਰਜੀਤ ਸਿੰਘ ਮਾਨ ਵਾਂਗ ਬੀਬੀ ਖਾਲੜਾ ਦੇ ਹੱਕ 'ਚ ਵੀ ਭੁਗਤ ਸਕਦੇ ਹਨ, ਜਿਸ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਵੀ ਇਸ ਹਲਕੇ ਤੋਂ ਪੰਥਕ ਉਮੀਦਵਾਰ ਵਜੋਂ ਮੌਜੂਦਾ ਵਿਧਾਇਕ ਰਮਨਜੀਤ ਸਿੰਘ ਸਿੱਕੀ, ਜਿਸ ਨੇ ਗੁਰੂ ਗ੍ਰੰਥ ਸਾਹਿਬ ਬੇਅਦਬੀ ਵੇਲੇ ਆਪਣੇ ਆਪਣੀ ਵਿਧਾਇਕੀ ਦੀ ਪ੍ਰਵਾਹ ਨਾ ਕਰਦੇ ਹੋਏ ਅਸਤੀਫਾ ਦੇ ਦਿੱਤਾ ਸੀ, ਨੂੰ ਚੋਣ ਲੜਾ ਸਕਦੀ ਹੈ। ਉਥੇ ਹੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਜੋ ਸਿੱਖੀ ਸਰੂਪ ਦੇ ਧਾਰਨੀ ਹਨ, ਵੀ ਪਿਛਲੇ ਪਿਛਲੇ ਦਿਨੀਂ ਪੰਥਕ ਉਮੀਦਵਾਰ ਦੀ ਮੰਗ ਕਰ ਚੁੱਕੇ ਹਨ। ਇਸ ਹਲਕੇ ਤੋਂ ਜਸਵੀਰ ਸਿੰਘ ਡਿੰਪਾ ਵਲੋਂ ਵੀ ਮੀਡੀਆ ਰਾਹੀਂ ਬਿਆਨਬਾਜ਼ੀ ਕਰਕੇ ਆਪਣੀ ਦਾਅਵੇਦਾਰੀ ਪੱਕੀ ਕਹੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਆਪਣੇ ਵਲੋਂਇਸ ਪੰਥਕ ਹਲਕੇ ਤੋਂ ਕਿਸ ਉਮੀਦਵਾਰ ਨੂੰ ਉਤਾਰਦੀ ਹੈ। 

ਪਹਿਲਾਂ ਤਰਨਤਾਰਨ ਲੋਕ ਸਭਾ ਹਲਕਾ ਸੀ ਖਡੂਰ ਸਾਹਿਬ 
ਇਸ ਹਲਕੇ ਖਡੂਰ ਸਾਹਿਬ ਤਰਨਤਾਰਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤੇ 2009 'ਚ ਇਸ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਦਾ ਨਾਮ ਮਿਲਿਆ। ਇਸ ਹਲਕੇ 'ਚ 9 ਵਿਧਾਨ ਸਭਾ ਹਲਕੇ ਜਿਨ੍ਹਾਂ 'ਚ ਬਾਬਾ ਬਕਾਲਾ, ਖਡੂਰ ਸਾਹਿਬ, ਜੰਡਿਆਲਾ ਗੁਰੂ, ਤਰਨਤਾਰਨ, ਖੇਮਕਰਨ, ਪੱਟੀ, ਜ਼ੀਰਾ, ਸੁਲਤਾਨਪੁਰ ਲੋਧੀ ਤੇ ਕਪੂਰਥਲਾ ਆਉਂਦੇ ਹਨ ਤੇ ਇਹ ਚਾਰ ਜ਼ਿਲਿਆਂ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਤੇ ਕਪੂਰਥਲਾ 'ਚ ਫੈਲਿਆ ਹੋਇਆ ਹੈ।

ਕਿਹੜੇ-ਕਿਹੜੇ ਉਮੀਦਵਾਰ ਜਿੱਤ ਚੁੱਕੇ ਨੇ ਇਸ ਹਲਕੇ ਤੋਂ ਚੋਣ 

1953-1967 ਸੁਰਜੀਤ ਸਿੰਘ ਮਜੀਠੀਆ ਕਾਂਗਰਸ 
1967-1977  ਗੁਰਦਿਆਲ ਸਿੰਘ ਢਿੱਲੋਂ ਕਾਂਗਰਸ 
1977-1980 ਮੋਹਨ ਸਿੰਘ ਤੂੜ ਅਕਾਲੀ ਦਲ, ਬਾਦਲ 
1980- 1984 ਲਹਿਣਾ ਸਿੰਘ ਤੂੜ ਅਕਾਲੀ ਦਲ, ਬਾਦਲ 
1984-1989 ਤਰਲੋਚਨ ਸਿੰਘ ਤੂੜ ਅਕਾਲੀ ਦਲ, ਬਾਦਲ 
1989  ਸਿਮਰਜੀਤ ਸਿੰਘ ਮਾਨ  ਅਕਾਲੀ ਦਲ, ਬਾਦਲ 
1991-1996 ਸੁਰਿੰਦਰ ਸਿੰਘ ਕੈਰੋਂ ਕਾਂਗਰਸ 
1996-1998 ਮੇਜਰ ਸਿੰਘ ਉਬੋਕੇ ਅਕਾਲੀ ਦਲ, ਬਾਦਲ 
1998-2004 ਤਰਲੋਚਨ ਸਿੰਘ ਤੂੜ  ਅਕਾਲੀ ਦਲ, ਬਾਦਲ 
2004-2014 ਰਤਨ ਸਿੰਘ ਅਜਨਾਲਾ ਅਕਾਲੀ ਦਲ, ਬਾਦਲ 
2014-2019 ਰਣਜੀਤ ਸਿੰਘ ਬ੍ਰਹਮਪੁਰਾ ਅਕਾਲੀ ਦਲ, ਬਾਦਲ   


 


author

Baljeet Kaur

Content Editor

Related News