ਕੇਸਰੀ ਸਾਹਿਤ ਸੰਗਮ ਵਲੋਂ ਕਰਵਾਇਆ ਜਾਵੇਗਾ ਕੁਲ ਹਿੰਦ ਮੁਸ਼ਾਇਰਾ

10/06/2017 11:10:38 AM

ਜਲੰਧਰ (ਵਿਸ਼ੇਸ਼) - ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੂੰ ਸਮਰਪਿਤ 20ਵਾਂ ਕੁਲ ਹਿੰਦ ਮੁਸ਼ਾਇਰਾ 15 ਅਕਤੂਬਰ ਨੂੰ ਸਥਾਨਕ ਇੰਦਰਪ੍ਰਸਥ ਹੋਟਲ ਵਿਚ ਕਰਵਾਇਆ ਜਾਵੇਗਾ, ਜਿਸ ਵਿਚ ਦੇਸ਼ ਭਰ ਦੇ ਉਚਕੋਟੀ ਦੇ ਸ਼ਾਇਰ ਤੇ ਕਵੀ ਹਿੱਸਾ ਲੈਣਗੇ। ਇਸ ਗੱਲ ਦਾ ਐਲਾਨ ਅੱਜ ਵਰਿੰਦਰ ਸ਼ਰਮਾ ਯੋਗੀ ਦੀ ਪ੍ਰਧਾਨਗੀ ਵਿਚ ਹੋਈ ਕੇਸਰੀ ਸਾਹਿਤ ਸੰਗਮ ਦੀ ਇਕ ਬੈਠਕ ਦੌਰਾਨ ਕੀਤਾ ਗਿਆ। ਸ਼੍ਰੀ ਯੋਗੀ ਨੇ ਦੱਸਿਆ ਕਿ ਇਸ ਸਾਲ ਲਾਲਾ ਜਗਤ ਨਾਰਾਇਣ ਐਵਾਰਡ ਉਰਦੂ ਦੇ ਪ੍ਰਸਿੱਧ ਸ਼ਾਇਰ ਜਨਾਬ ਲਿਆਕਤ ਅਲੀ ਜਾਫਰੀ ਨੂੰ ਦਿੱਤਾ ਜਾਵੇਗਾ। ਹਰ ਸਾਲ ਆਯੋਜਿਤ ਹੋਣ ਵਾਲੇ ਇਸ ਮੁਸ਼ਾਇਰੇ ਵਿਚ ਸਾਹਿਤ ਦੀ ਦੁਨੀਆ ਵਿਚ ਖਾਸ ਥਾਂ ਰੱਖਣ ਵਾਲੀ ਕਿਸੇ ਹਸਤੀ ਨੂੰ ਲਾਲਾ ਜਗਤ ਨਾਰਾਇਣ ਐਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਐਵਾਰਡ ਵਿਚ ਜਿਥੇ ਸਨਮਾਨ ਪੱਤਰ, ਮੋਮੈਂਟੋ ਤੇ ਦੋਸ਼ਾਲਾ ਭੇਟ ਕੀਤਾ ਜਾਂਦਾ ਹੈ, ਉਥੇ 11 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਵੀ ਇਨਾਮ ਦਿੱਤੀ ਜਾਂਦੀ ਹੈ। ਕੇਸਰੀ ਸਾਹਿਤ ਸੰਗਮ ਦੇ ਸੀਨੀਅਰ ਉਪ ਪ੍ਰਧਾਨ ਤੇ ਮੁੱਖ ਆਯੋਜਕ ਜੋਗਿੰਦਰ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਮੁਸ਼ਾਇਰੇ ਵਿਚ ਬਿਹਾਰ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਦਿੱਲੀ, ਜੰਮੂ-ਕਸ਼ਮੀਰ, ਚੰਡੀਗੜ੍ਹ ਤੇ ਪੰਜਾਬ ਦੇ 20 ਸ਼ਾਇਰ ਆਪਣਾ ਬਿਹਤਰੀਨ ਕਲਾਮ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਗਜ਼ਲ ਗਾਇਨ ਦਾ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਬੈਠਕ ਵਿਚ ਮੁਸ਼ਾਇਰੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਤੇ ਵੱਖ-ਵੱਖ ਮੈਂਬਰਾਂ ਦੀਆਂ ਡਿਊਟੀਆਂ ਵੀ ਲਾਈਆਂ ਗਈਆਂ। ਸਭਾ ਦੇ ਜਨਰਲ ਸਕੱਤਰ ਸੁਨੀਲ ਕਪੂਰ ਨੇ ਦੱਸਿਆ ਕਿ ਬਾਹਰੋਂ ਆਉਣ ਵਾਲੇ ਸ਼ਾਇਰਾਂ ਤੋਂ ਇਲਾਵਾ ਕੇਸਰੀ ਸਾਹਿਤ ਸੰਗਮ ਨਾਲ ਜੁੜੇ ਕੁਝ ਸ਼ਾਇਰ ਵੀ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। 
ਸਭਾ ਦੇ ਸਰਪ੍ਰਸਤ ਇੰਜੀ. ਅਸ਼ੋਕ ਸ਼ਰਮਾ ਨੇ ਦੱਸਿਆ ਕਿ ਇਹ ਮੁਸ਼ਾਇਰਾ ਹਰ ਸਾਲ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ ਬਲੀਦਾਨ ਦਿਵਸ ਮੌਕੇ ਆਯੋਜਿਤ ਕੀਤਾ ਜਾਂਦਾ ਹੈ ਤੇ ਇਸ ਵਿਚ ਉਰਦੂ ਦੇ ਨਾਲ-ਨਾਲ ਹਿੰਦੀ ਤੇ ਪੰਜਾਬੀ ਦੇ ਕਵੀ ਵੀ ਹਿੱਸਾ ਲੈਂਦੇ ਹਨ। ਬੈਠਕ ਵਿਚ ਜੈ ਦੇਵ ਮਲਹੋਤਰਾ, ਕੇ. ਕੇ. ਮੋਂਗਾ, ਜੀ. ਐੱਸ. ਔਲਖ, ਸਲੀਮ ਅੰਸਾਰੀ, ਮੁਖਵਿੰਦਰ ਸਿੰਘ ਸੰਧੂ, ਪਰਮਦਾਸ ਹੀਰ, ਨਰਿੰਦਰ ਸ਼ਰਮਾ, ਮੋਹਿੰਦਰ ਠੁਕਰਾਲ, ਵੰਦਨਾ ਮਹਿਤਾ, ਕ੍ਰਿਸ਼ਨ ਮਹਿਤਾ, ਜੋਗਿੰਦਰ ਪਾਲ ਵਰਮਾ, ਰਾਜ ਕੁਮਾਰ ਕਪੂਰ, ਆਦਿਤਯ ਸ਼ਰਮਾ ਤੇ ਹਰੀਓਮ ਭਾਰਦਵਾਜ ਵੀ ਮੌਜੂਦ ਸਨ। 


Related News