ਕੇਜਰੀਵਾਲ ਦਾ ਪਾਣੀਆਂ ਸਬੰਧੀ ਬਿਆਨ ਬੇਤੁਕਾ ਤੇ ਲੋਕਾਂ ਨੂੰ ਲੜਾਉਣ ਵਾਲਾ: ਬੈਂਸ (ਵੀਡੀਓ)
Saturday, Aug 11, 2018 - 03:05 PM (IST)
ਮਾਲੇਰਕੋਟਲਾ (ਯਾਸੀਨ)— ਕੇਜਰੀਵਾਲ ਦਾ ਬਿਆਨ 'ਸੁਪਰੀਮ ਕੋਰਟ ਦਾ ਪਾਣੀਆਂ ਬਾਰੇ ਜੋ ਫੈਸਲਾ ਆਵੇਗਾ, ਉਨ੍ਹਾਂ ਨੂੰ ਪ੍ਰਵਾਨ ਹੋਵੇਗਾ' ਬੜਾ ਹੀ ਬੇਤੁਕਾ ਤੇ ਲੋਕਾਂ ਨੂੰ ਆਪਸ 'ਚ ਲੜਾਉਣ ਵਾਲਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਤਾਰਾ ਕਾਨਵੈਂਟ ਸਕੂਲ ਮਾਲੇਰਕੋਟਲਾ ਵਿਖੇ ਰੱਖੀ ਪ੍ਰੈੱਸਕਾਨਫਰੰਸ ਨੂੰ ਸੰਬੋਧਨ ਕਰਦਿਆਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਬੈਂਸ ਨੇ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਈਸਟ ਇੰਡੀਆ ਕੰਪਨੀ ਦੀ ਤਰ੍ਹਾਂ ਲੋਕਾਂ ਨੂੰ ਪਾਣੀਆਂ ਦੇ ਮਸਲੇ 'ਤੇ ਲੜਾਉਣਾ ਚਾਹੁੰਦਾ ਹੈ। ਉਨ੍ਹਾਂ ਹੋਰ ਕਿਹਾ ਕਿ ਉਹ ਪਾਣੀ ਦੀ ਇਕ ਬੂੰਦ ਵੀ ਕਿਸੇ ਨੂੰ ਮੁਫਤ 'ਚ ਨਹੀਂ ਦੇਣਗੇ ਅਤੇ ਪੰਜਾਬ ਦੇ ਰੀਪੇਰੀਅਨ ਕਾਨੂੰਨ ਅਨੁਸਾਰ ਰਾਜਸਥਾਨ ਵੱਲ 16 ਲੱਖ ਕਰੋੜ ਬਕਾਇਆ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਰੈਫਰੈਂਡਮ 2020 ਦੇ ਪਿੱਛੇ ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਹਨ, ਜਿਨ੍ਹਾਂ ਨੂੰ 1984 ਦੇ ਕਤਲੇਆਮ ਅਤੇ ਦਰਬਾਰ ਸਾਹਿਬ 'ਤੇ ਹੋਏ ਹਮਲੇ ਦਾ ਇਨਸਾਫ ਨਹੀਂ ਮਿਲਿਆ। ਉਨ੍ਹਾਂ ਹੋਰ ਕਿਹਾ ਕਿ ਬੇਸ਼ੱਕ ਉਹ ਦੇਸ਼ ਦੀ ਅਖੰਡਤਾ 'ਚ ਵਿਸ਼ਵਾਸ ਰੱਖਦੇ ਹਨ ਅਤੇ ਉਨ੍ਹਾਂ ਦੀ ਵੋਟ ਰੈਫਰੈਂਡਮ ਦੇ ਹੱਕ 'ਚ ਨਹੀਂ ਹੋਵੇਗੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਕਿਸੇ ਖਾਸ ਤਬਕੇ ਦੀਆਂ ਭਾਵਨਾਵਾਂ ਦੀ ਕਦਰ ਨਾ ਕੀਤੀ ਜਾਵੇ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੜਾਈ ਭ੍ਰਿਸ਼ਟਾਚਾਰ ਖਿਲਾਫ ਹੈ ਅਤੇ ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਹਿੰਦੀ ਫਿਲਮ 'ਨਾਇਕ' ਦੀ ਤਰ੍ਹਾਂ ਸ਼ਾਸਨ ਦੇ ਕੇ ਦਿਖਾਉਣਗੇ।
ਇਸ ਸਮੇਂ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਇੰਚਾਰਜ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਕ੍ਰਿਪਾਲ ਸਿੰਘ ਚੌਂਦਾ, ਗੁਰਸੇਵਕ ਸਿੰਘ ਗੁਆਰਾ ਮੰਨਵੀ, ਚਰਨਜੀਤ ਸਿੰਘ ਮੰਨਵੀ, ਲਖਵਿੰਦਰ ਸਿੰਘ ਚੌਂਦਾ, ਸੁਖਚੈਨ ਸਿੰਘ ਚੌਂਦਾ, ਜਗਜੀਤ ਸਿੰਘ ਪੰਚ, ਜਰਨੈਲ ਸਿੰਘ, ਨਜ਼ੀਰ ਖਾਂ ਉਪੋਕੀ, ਮਨਦੀਪ ਸਿੰਘ ਸਲਾਰ, ਗੁਰਜੀਤ ਸਿੰਘ ਸਲਾਰ, ਕਰਮਜੀਤ ਸਿੰਘ ਭੋਗੀਵਾਲ, ਬਹਾਦਰ ਸਿੰਘ ਭੋਗੀਵਾਲ, ਬਲਜੀਤ ਸਿੰਘ, ਜੋਬਨਜੀਤ ਸਿੰਘ, ਗੁਰਜੰਟ ਸਿੰਘ, ਮੋਹਣ ਖਾਂ, ਇਕਬਾਲ ਸਿੰਘ ਮੰਨਵੀ, ਨਾਰੰਗ ਸਿੰਘ ਲਾਡੇਵਾਲ, ਸੁਖਪਾਲ ਸਿੰਘ ਧੀਰੋਮਾਜਰਾ ਤੋਂ ਇਲਾਵਾ ਵੱਡੀ ਗਿਣਤੀ 'ਚ ਪਾਰਟੀ ਵਰਕਰ ਮੌਜੂਦ ਸਨ।