ਡਰਾਮੇਬਾਜ਼ੀ ਬੰਦ ਕਰਕੇ ਪੰਜਾਬ ਵਰਗੇ ਖੇਤੀ ਬਿੱਲ ਲਾਗੂ ਕਰੇ ਕੇਜਰੀਵਾਲ: ਜਾਖੜ
Monday, Jan 04, 2021 - 01:42 AM (IST)
ਜਲੰਧਰ, (ਜ. ਬ.)– ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਦੇ ਸੰਘਰਸ਼ ਵਿਚ ਉਨ੍ਹਾਂ ਦੇ ਨਾਲ ਹੋਣ ਦੇ ਡਰਾਮੇ ਦੀ ਬਜਾਏ ਉਨ੍ਹਾਂ ਨੂੰ ਪੰਜਾਬ ਵਰਗੇ ਖੇਤੀ ਬਿਲ ਦਿੱਲੀ ਵਿਧਾਨ ਸਭਾ ਵਿੱਚ ਪਾਸ ਕਰਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅਜੇ ਤਕ 2015 ਦਾ ਉਹ ਵੇਲਾ ਨਹੀਂ ਭੁੱਲੇ ਜਦੋਂ ਜੋਗਿੰਦਰ ਸਿੰਘ ਨਾਂ ਦੇ ਇਕ ਬੇਬੱਸ ਕਿਸਾਨ ਨੇ ਆਪ ਦੀ ਰੈਲੀ ਵਿਚ ਫਾਂਸੀ ਲਾ ਲਈ ਸੀ ਪਰ ਕੇਜਰੀਵਾਲ ਨੇ ਇਸ ਦੁਖਦਾਈ ਘਟਨਾ ਦੇ ਬਾਅਦ ਵੀ ਆਪਣਾ ਭਾਸ਼ਣ ਬੰਦ ਨਹੀਂ ਕੀਤਾ ਸੀ।
ਸੂਬਾ ਕਾਂਗਰਸ ਪ੍ਰਧਾਨ ਨੇ ਕੇਜਰੀਵਾਲ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਡਰਾਮੇਬਾਜ਼ੀ ਬੰਦ ਕਰੇ ਕਿਉਂਕਿ ਕਿਸਾਨਾਂ ਨੂੰ ਉਨ੍ਹਾਂ ਵੱਲੋਂ ਭੇਜੇ ਭੋਜਨ ਅਤੇ ਸ਼ੌਚਾਲਿਆ ਨਹੀਂ ਚਾਹੀਦੇ ਸਗੋਂ ਉਨ੍ਹਾਂ ਨੂੰ ਕਾਲੇ ਕਾਨੂੰਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਆਮ ਆਦਮੀ ਪਾਰਟੀ ਨੂੰ ਭਾਜਪਾ ਦੀ ਬੀ ਟੀਮ ਦੱਸਦੇ ਹੋਏ ਜਾਖੜ ਨੇ ਦਿੱਲੀ ਦੇ ਮੁੱਖ ਮੰਤਰੀ ਤੋਂ ਪੁੱਛਿਆ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੇ ਸੂਬੇ ਵਿੱਚ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਅਸਰ ਨੂੰ ਘੱਟ ਕਰਨ ਲਈ ਕੋਈ ਕਾਨੂੰਨ ਅਜੇ ਤੱਕ ਕਿਉਂ ਨਹੀਂ ਬਣਾਇਆ। ਉਨ੍ਹਾਂ ਕਿਹਾ ਕਿ ਇਹ ਤਾਂ ਹਾਸੋਹੀਣੀ ਗੱਲ ਹੈ ਕਿ ਆਪਣੇ ਸੂਬੇ ਵਿੱਚ ਕੇਂਦਰ ਸਰਕਾਰ ਨੇ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਵਾਲਾ ਮੁੱਖ ਮੰਤਰੀ ਵੀ ਇਨ੍ਹਾਂ ਕਾਨੂੰਨਾਂ ਤੋਂ ਪੀਡ਼ਤ ਕਿਸਾਨਾਂ ਦਾ ਹਮਦਰਦ ਹੋਣ ਦਾ ਢੌਂਗ ਕਰ ਰਿਹਾ ਹੈ ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਵਿਧਾਨ ਸਭਾ ਵਿਚ ਕਾਨੂੰਨ ਬਣਾ ਕੇ ਇੱਕ ਰਸਤਾ ਦਿਖਾਇਆ ਹੈ ਉਨ੍ਹਾਂ ਪੁੱਛਿਆ ਕਿ ਕੇਜਰੀਵਾਲ ਨੂੰ ਕੌਣ ਰੋਕ ਰਿਹਾ ਹੈ ਜੋ ਉਹ ਪੰਜਾਬ ਵਰਗੇ ਬਣਾਏ ਕਾਨੂੰਨ ਦਿੱਲੀ ਵਿਚ ਨਹੀਂ ਬਣਾ ਰਹੇ ਹਨ ਜਾਖੜ ਨੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਫੈਲਾਏ ਜਾ ਰਹੇ ਇਸ ਝੂਠ ਲਈ ਉਨ੍ਹਾਂ ਦੀ ਨਿੰਦਾ ਕੀਤੀ, ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਭਾਰਤ ਸਰਕਾਰ ਦੀ ਕਮੇਟੀ ਵਿਚ ਸ਼ਾਮਲ ਸਨ, ਜਿਸ ਨੇ ਖੇਤੀ ਸੁਧਾਰਾਂ ’ਤੇ ਚਰਚਾ ਕੀਤੀ।