ਪੰਜਾਬ ’ਚ ਸਰਕਾਰ ਡੇਗਣ ਦੀ ਹੋ ਰਹੀ ਕੋਸ਼ਿਸ਼, ਕੇਜਰੀਵਾਲ ਦਾ ਵੱਡਾ ਖ਼ੁਲਾਸਾ
Monday, Mar 11, 2024 - 06:49 PM (IST)
ਮੋਹਾਲੀ (ਰਮਨਦੀਪ ਸੋਢੀ) : ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ। ਅੱਜ ਮੋਹਾਲੀ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਦੋ ਸਾਲ ਪਹਿਲਾਂ ਸਾਨੂੰ ਆਮ ਲੋਕਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਅਤੇ ਨਾਮੀ ਲੀਡਰਾਂ ਨੂੰ ਹਰਾ ਕੇ ਇਤਿਹਾਸ ਰਚਿਆ ਸੀ, ਜਿਸ ਵਿਚ ਸਾਨੂੰ 117 ’ਚੋਂ 92 ਸੀਟਾਂ ਹਾਸਲ ਹੋਈਆਂ। ਅਸੀਂ ਪੰਜਾਬ ਦੀ ਜਨਤਾ ਦਾ ਅਹਿਸਾਨ ਨਹੀਂ ਚੁਕਾ ਸਕਦੇ ਪਰ ਪੰਜਾਬੀਆਂ ਲਈ ਵਿਕਾਸ ਕਰਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕ ਸਕਦੇ ਹਾਂ। ਇਸ ਲਈ ਪੰਜਾਬ ਸਰਕਾਰ 24 ਘੰਟੇ ਕੰਮ ਕਰ ਰਹੀ। ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਦੇ ਮੰਤਰੀ ਅਤੇ ਵਿਧਾਇਕ 24 ਘੰਟੇ ਲੋਕਾਂ ਦੀ ਸੇਵਾ ਕਰ ਰਹੇ ਹਨ। ਅੱਜ ਦੋ ਸਾਲ ਬਾਅਦ ਵੀ ਪੰਜਾਬ ਦੇ ਬੱਚੇ-ਬੱਚੇ ਤੋਂ ਪੁੱਛ ਲਵੋ ਸਾਰੇ ਇਕੋ ਗੱਲ ਕਹਿੰਦੇ ਹਨ ਕਿ 75 ਸਾਲਾਂ ਵਿਚ ਅਜਿਹੀ ਸਰਕਾਰ ਨਹੀਂ ਦੇਖੀ ਹੈ। ਭਗਵੰਤ ਮਾਨ ਦੇ ਚਿਹਰੇ ’ਤੇ ਪੰਜਾਬ ਦੇ ਚੋਣ ਮੈਦਾਨ ਵਿਚ ਉੱਤਰ ਰਹੀ ਆਮ ਆਦਮੀ ਪਾਰਟੀ ਨੇ ਆਪਣਾ ਨਵਾਂ ਸਲੋਗਨ ‘ਸੰਸਦ ਵਿਚ ਵੀ ਭਗਵੰਤ ਮਾਨ, ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ’ ਵੀ ਜਾਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਨੂੰ ਲੈ ਕੇ ਅਹਿਮ ਖ਼ਬਰ, ਵੱਡਾ ਫ਼ੈਸਲਾ ਲੈਣ ਦੀ ਤਿਆਰੀ ਸਰਕਾਰ
ਸਰਕਾਰ ਡੇਗਣ ਦੀਆਂ ਹੋ ਰਹੀਆਂ ਕੋਸ਼ਿਸ਼ਾਂ
ਕੇਜਰੀਵਾਲ ਨੇ ਕਿਹਾ ਕਿ ਅੱਜ ਪੰਜਾਬ ਵਿਚ ਸਰਕਾਰ ਡੇਗਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਰੋਜ਼ਾਨਾ ਸਾਡੇ ਵਿਧਾਇਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਕੱਲਾ ਭਗਵੰਤ ਮਾਨ ਕੇਂਦਰ ਸਰਕਾਰ ਅਤੇ ਗਵਰਨਰ ਨਾਲ ਲੜ ਰਿਹਾ ਹੈ। ਹੁਣ ਪੰਜਾਬੀਆਂ ਦਾ ਫਰਜ਼ ਬਣਦਾ ਹੈ ਕਿ ਉਹ ਪੰਜਾਬ ਦੀਆਂ 13 ਸੀਟਾਂ ਜਿਤਾ ਕੇ ਭਗਵੰਤ ਮਾਨ ਦੇ ਹੱਥ ਮਜ਼ਬੂਤ ਕਰਨ। ਪੰਜਾਬ ਦੀ ਜਨਤਾ ਸਾਡੀ ਮਾਲਕ ਹੈ ਅਸੀਂ ਸੇਵਕ ਹਾਂ। ਅਸੀਂ ਆਪਣੇ ਮਾਲਕਾਂ (ਪੰਜਾਬ ਦੀ ਜਨਤਾ) ਤੋਂ ਹੋਰ ਮੰਗਣ ਆਏ ਹਾਂ, ਵਿਧਾਨ ਸਭਾ ਚੋਣਾਂ ਵਾਂਗ ਲੋਕ ਸਭਾ ਚੋਣਾਂ ਵਿਚ ਵੀ 13 ਸੀਟਾਂ ਜਿਤਾਓ। ਅਸੀਂ ਆਪਣੇ ਲਈ ਨਹੀਂ ਤੁਹਾਡੇ ਲਈ 13 ਸੀਟਾਂ ਮੰਗ ਰਹੇ ਹਾਂ। ਪੰਜਾਬ ਦੀ ਤਰੱਕੀ ਲਈ 13 ਸੀਟਾਂ ਮੰਗ ਰਹੇ ਹਾਂ। ਸਾਡੇ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਤੰਗ ਕੀਤਾ ਜਾ ਰਿਹਾ ਹੈ। 8 ਹਜ਼ਾਰ ਕਰੋੜ ਰੁਪਿਆ ਕੇਂਦਰ ਨੇ ਰੋਕਿਆ ਹੋਇਆ ਹੈ। ਜੇ ਇਹ ਪੈਸਾ ਜਾਰੀ ਹੋ ਜਾਵੇ ਤਾਂ ਪੰਜਾਬ ਹੋਰ ਤਰੱਕੀ ਕਰੇਗਾ। ਪੰਜਾਬ ਦੇ ਕੰਮਾਂ ਨੂੰ ਰੋਕਣ ਲਈ ਗਵਰਨਰ ਟੰਗਾਂ ਫਸਾ ਰਿਹਾ ਹੈ। ਇਥੋਂ ਤਕ ਕਿ ਕੇਂਦਰ ਨੇ ਸਾਡੇ ਸ਼ਹੀਦਾਂ ਦੀਆਂ ਝਾਕੀਆਂ ਰਿਜੈਕਟ ਕਰ ਦਿੱਤੀਆਂ। ਕੇਂਦਰ ਨਾਲ ਲੜਨ ਲਈ ਭਗਵੰਤ ਮਾਨ ਦਾ ਸਾਥ ਦਿਓ, ਜੇ ਲੋਕ ਸਭਾ ਚੋਣਾਂ ਜਿੱਤ ਲਈਆਂ ਤਾਂ ਭਗਵੰਤ ਮਾਨ ਦੇ ਹੱਥ ਮਜ਼ਬੂਤ ਹੋਣਗੇ। ਸਿਰਫ ਰਿੰਕੂ ਨੇ ਲੋਕ ਸਭਾ ਵਿਚ ਪੰਜਾਬ ਦੀ ਆਵਾਜ਼ ਬੁਲੰਦ ਕੀਤੀ, ਜਦੋਂ ਪੰਜਾਬ ਦੀਆਂ ਝਾਕੀਆਂ ਰਿਜੈਕਟ ਕੀਤੀਆਂ ਗਈਆਂ ਤਾਂ ਸਿਰਫ ਰਿੰਕੂ ਨੇ ਇਸ ਦਾ ਵਿਰੋਧ ਕੀਤਾ ਜਦਕਿ ਬਾਕੀ 12 ਸਾਂਸਦਾਂ ਨੇ ਵਿਰੋਧ ਤਕ ਨਹੀਂ ਕੀਤਾ। ਜੇ 13 ਐੱਮਪੀ ਆਮ ਆਦਮੀ ਪਾਰਟੀ ਦੇ ਜਿੱਤ ਗਏ ਤਾਂ ਅਸੀਂ ਸੰਸਦ ਅੰਦਰ ਇਨ੍ਹਾਂ ਦੇ ਨੱਕ ਵਿਚ ਦੰਮ ਕਰ ਦਿਆਂਗੇ।
ਇਹ ਵੀ ਪੜ੍ਹੋ : ਸਦਨ ’ਚ ਬੋਲੇ ਮੁੱਖ ਮੰਤਰੀ ਮਾਨ, ਫਰਜ਼ ਤੋਂ ਭੱਜੀ ਕਾਂਗਰਸ, ਚੋਣਾਂ ’ਚ ਜਨਤਾ ਸਿਖਾਏਗੀ ਸਬਕ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8