ਖਹਿਰਾ ਦੀ ਰੈਲੀ ਭੰਗ ਕਰਨ ਲਈ ਕੇਜਰੀਵਾਲ ਦੀ ਤਗੜੀ ਚਾਲ!

Thursday, Aug 02, 2018 - 08:45 AM (IST)

ਖਹਿਰਾ ਦੀ ਰੈਲੀ ਭੰਗ ਕਰਨ ਲਈ ਕੇਜਰੀਵਾਲ ਦੀ ਤਗੜੀ ਚਾਲ!

ਨਵੀਂ ਦਿੱਲੀ/ਚੰਡੀਗੜ੍ਹ : ਜਿੱਥੇ ਇਕ ਪਾਸੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਬਠਿੰਡਾ 'ਚ ਕਨਵੈਂਸ਼ਨ ਕਰਨ ਲਈ ਬਜਿੱਦ ਹਨ, ਉੱਥੇ ਹੀ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਠਾਣ ਲਈ ਹੈ ਕਿ ਇਸ ਰੈਲੀ ਨੂੰ ਕਿਸੇ ਵੀ ਹਾਲਤ 'ਚ ਸਿਰੇ ਨਹੀਂ ਚੜ੍ਹਨ ਦੇਣਗੇ। ਇਸੇ ਲਈ ਖਹਿਰਾ ਦੀ ਰੈਲੀ ਨੂੰ ਭੰਗ ਕਰਨ ਲਈ ਕੇਜਰੀਵਾਲ ਨੇ ਤਗੜੀ ਚਾਲ ਚੱਲਦਿਆਂ ਅੱਜ ਦੇ ਹੀ ਦਿਨ ਪੰਜਾਬ ਵਿਧਾਇਕਾਂ ਦੀ ਬੈਠਕ ਫਿਰ ਸੱਦ ਲਈ ਹੈ।
ਇਸ ਤੋਂ ਸਾਫ ਜ਼ਾਹਰ ਹੈ ਕਿ ਕੇਜਰੀਵਾਲ ਨਹੀਂ ਚਾਹੁੰਦੇ ਕਿ ਕੋਈ ਵੀ ਵਿਧਾਇਕ ਖਹਿਰਾ ਦੀ ਕਨਵੈਂਸ਼ਨ 'ਚ ਪੁੱਜ ਸਕੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੇਜਰੀਵਾਲ ਪੰਜਾਬ ਦੇ ਵਿਧਾਇਕਾਂ ਨਾਲ 2 ਮੀਟਿੰਗਾਂ ਕਰ ਚੁੱਕੇ ਹਨ ਅਤੇ ਅੱਜ ਉਨ੍ਹਾਂ ਦੀ ਇਨ੍ਹਾਂ ਵਿਧਾਇਕਾਂ ਨਾਲ ਤੀਜੀ ਮੀਟਿੰਗ ਹੈ। 
ਜ਼ਿਕਰਯੋਗ ਹੈ ਕਿ ਜਿੱਥੇ 'ਆਮ ਆਦਮੀ ਪਾਰਟੀ' ਨੇ ਖਹਿਰਾ ਦੀ ਇਸ ਕਨਵੈਂਸ਼ਨ ਨੂੰ ਪਾਰਟੀ ਵਿਰੋਧੀ ਕਰਾਰ ਦਿੱਤਾ ਹੈ, ਉੱਥੇ ਹੀ ਖਹਿਰਾ ਨੇ ਵਾਰ-ਵਾਰ ਇਹ ਗੱਲ ਦੁਹਰਾਈ ਹੈ ਕਿ ਇਸ ਕਨਵੈਂਸ਼ਨ 'ਚ ਪਾਰਟੀ ਵਿਰੋਧੀ ਕੋਈ ਗੱਲ ਨਹੀਂ ਕੀਤੀ ਜਾਵੇਗੀ, ਸਗੋਂ ਪੰਜਾਬ ਦੇ ਹਿੱਤਾਂ ਦੀ ਹੀ ਗੱਲ ਹੋਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਸੁਖਪਾਲ ਖਹਿਰਾ ਦੀ ਇਹ ਕਨਵੈਂਸ਼ਨ ਕਿੰਨੀ ਕੁ ਸਫਲ ਹੁੰਦੀ ਹੈ ਅਤੇ ਕਿਹੜੇ-ਕਿਹੜੇ ਵਿਧਾਇਕ ਜਾਂ ਅਹੁਦੇਦਾਰ ਖਹਿਰਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਨਵੈਂਸ਼ਨ 'ਚ ਖੜ੍ਹੇ ਹੁੰਦੇ ਹਨ।


Related News