ਕੇਜਰੀਵਾਲ ਵਲੋਂ ਮੁਆਫੀ ਮੰਗਣ ਨਾਲ ਅਕਾਲੀ ਅਤੇ ''ਆਪ'' ਦਾ ਗੁਪਤ ਸਮਝੌਤਾ ਉਜਾਗਰ ਹੋਇਆ

03/17/2018 1:06:55 AM

ਜਲੰਧਰ (ਧਵਨ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਮਾਣਹਾਨੀ ਦੇ ਮਾਮਲੇ 'ਚ ਮੁਆਫੀ ਮੰਗਣ ਦੇ ਮੁੱਦੇ 'ਤੇ ਗਰਮਾਈ ਸਿਆਸਤ ਨੂੰ ਦੇਖਦੇ ਹੋਏ ਕਿਹਾ ਹੈ ਕਿ ਕੇਜਰੀਵਾਲ ਨੂੰ ਮਜੀਠੀਆ ਤੋਂ ਨਹੀਂ, ਸਗੋਂ ਸਮੁੱਚੇ ਪੰਜਾਬੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਜਾਖੜ ਨੇ ਇਕ ਬਿਆਨ 'ਚ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਗਾਤਾਰ ਪੰਜਾਬੀਆਂ ਨੂੰ ਗੁੰਮਰਾਹ ਕਰਦੇ ਰਹੇ ਜਦਕਿ ਸਚਾਈ ਹੁਣ ਸਾਹਮਣੇ ਆ ਗਈ ਹੈ। ਵਿਧਾਨ ਸਭਾ 'ਚ ਵੀ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵਿਧਾਇਕ ਕਾਂਗਰਸ ਵਿਰੁੱਧ ਬੈਠਦੇ ਹਨ।
ਜਾਖੜ ਨੇ ਕਿਹਾ ਕਿ ਕੇਜਰੀਵਾਲ ਵਲੋਂ ਮਜੀਠੀਆ ਤੋਂ ਮੁਆਫੀ ਮੰਗਣ ਨਾਲ ਇਹ ਸਿੱਧ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਗੁਪਤ ਸਮਝੌਤਾ ਹੋਇਆ ਸੀ ਤਾਂ ਕਿ ਅਕਾਲੀ ਸਰਕਾਰ ਵਿਰੁੱਧ ਸੱਤਾ ਵਿਰੋਧੀ ਵੋਟਾਂ ਦੀ ਵੰਡ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਕਾਂਗਰਸ ਵੱਲ ਜਾਣ ਤੋਂ ਰੋਕਿਆ ਜਾ ਸਕੇ ਪਰ ਪੰਜਾਬੀ ਸੂਝਵਾਨ ਸਨ ਜਿਨ੍ਹਾਂ ਨੇ ਅਕਾਲੀ ਦਲ ਅਤੇ 'ਆਪ' ਦਰਮਿਆਨ ਹੋਏ ਗੁਪਤ ਸਮਝੌਤੇ ਨੂੰ ਨਕਾਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਰਾਂ ਨੂੰ ਤਰਜੀਹ ਦਿੱਤੀ।
ਉਨ੍ਹਾਂ ਕੇਜਰੀਵਾਲ ਵਲੋਂ ਮੁਆਫੀ ਮੰਗੇ ਜਾਣ ਤੋਂ ਬਾਅਦ ਕੀਤੇ ਜਾ ਰਹੇ ਡਰਾਮੇ 'ਤੇ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਹੁਣ ਭਾਵੇਂ 'ਆਪ' ਨੇਤਾ ਇਹ ਕਹਿਣ ਕਿ ਉਨ੍ਹਾਂ ਨੂੰ ਭਰੋਸੇ 'ਚ ਨਹੀਂ ਲਿਆ ਗਿਆ ਪਰ ਅਸਲੀਅਤ ਇਹ ਹੈ ਕਿ ਇਹ ਡਰਾਮਾ ਵੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਰਚਿਆ ਗਿਆ ਹੈ।
ਜਾਖੜ ਨੇ ਕਿਹਾ ਕਿ ਪੰਜਾਬੀ ਚੰਗੀ ਤਰ੍ਹਾਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਸਮਝ ਚੁੱਕੇ ਹਨ। ਉਹ ਜਾਣਦੇ ਹਨ ਕਿ ਅਕਾਲੀਆਂ ਨੇ ਆਪਣੀ ਸਰਕਾਰ ਬਚਾਉਣ ਲਈ ਕੀ ਕੁਝ ਹੱਥਕੰਡੇ ਨਹੀਂ ਅਪਣਾਏ ਪਰ ਫਿਰ ਵੀ ਲੋਕਾਂ ਨੇ ਇਕ ਪਾਸੇ ਦਾ ਫੈਸਲਾ ਲੈਂਦੇ ਹੋਏ ਕਾਂਗਰਸ 'ਚ ਭਰੋਸਾ ਜਤਾਇਆ।  ਸੂਬੇ ਤੋਂ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਵਚਨਬੱਧਤਾ ਪ੍ਰਗਟ ਕਰਦੇ ਹੋਏ ਜਾਖੜ ਨੇ ਕਿਹਾ ਕਿ ਜਾਂਚ ਦਾ ਕੰਮ ਚਲ ਰਿਹਾ ਹੈ ਅਤੇ ਸਚਾਈ ਸਾਹਮਣੇ ਆਏਗੀ। ਸਾਰੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ ਦੀਆਂ ਸੀਖਾਂ ਪਿੱਛੇ ਭੇਜਿਆ ਜਾਵੇਗਾ।
ਕੈਪਟਨ ਸਰਕਾਰ ਨੇ ਇਕ ਸਾਲ 'ਚ ਕਈ ਪ੍ਰਾਪਤੀਆਂ ਹਾਸਲ ਕੀਤੀਆਂ
ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਇਕ ਸਾਲ ਦੌਰਾਨ ਕਈ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਕਾਂਗਰਸ ਸਰਕਾਰ ਨੂੰ ਸਾਬਕਾ ਅਕਾਲੀ ਸਰਕਾਰ ਤੋਂ ਖਾਲੀ ਖਜ਼ਾਨਾ ਮਿਲਿਆ ਸੀ। ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਦਿਖਾਈ ਗਈ ਸਖਤੀ ਕਾਰਨ ਕਾਨੂੰਨ-ਵਿਵਸਥਾ ਦੀ ਹਾਲਤ ਸੁਧਰੀ ਹੈ। ਕਈ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਜੇਲ ਦੀਆਂ ਸੀਖਾਂ ਪਿਛੇ ਭੇਜਿਆ ਗਿਆ ਹੈ। ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਗਿਆ ਹੈ ਅਤੇ ਨੌਜਵਾਨਾਂ ਨੂੰ ਸਮਾਰਟਫੋਨ ਜਲਦੀ ਮਿਲਣੇ ਸ਼ੁਰੂ ਹੋ ਜਾਣਗੇ। ਇਸੇ ਤਰ੍ਹਾਂ ਦਲਿਤਾਂ ਅਤੇ ਹੋਰ ਵਰਗਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਵੀ ਪੂਰਾ ਕਰ ਦਿੱਤਾ ਜਾਵੇਗਾ।


Related News