ਕੇਜਰੀਵਾਲ ਦੀ ਨੀਅਤ ਦੇਖ ਲੋਕ ਠੱਗਿਆ ਮਹਿਸੂਸ ਕਰਦੇ ਨੇ : ਪ੍ਰੋ. ਸਰਚਾਂਦ

Tuesday, Mar 22, 2022 - 10:05 AM (IST)

ਕੇਜਰੀਵਾਲ ਦੀ ਨੀਅਤ ਦੇਖ ਲੋਕ ਠੱਗਿਆ ਮਹਿਸੂਸ ਕਰਦੇ ਨੇ : ਪ੍ਰੋ. ਸਰਚਾਂਦ

ਅੰਮ੍ਰਿਤਸਰ (ਜ.ਬ)- ਪੰਜਾਬ ਤੋਂ ਰਾਜ ਸਭਾ ਚੋਣਾਂ ਲਈ ਗੈਰ ਸਿੱਖਾਂ ਅਤੇ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਉਮੀਦਵਾਰ ਵਜੋਂ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਨਾਮਜ਼ਦਗੀ ’ਤੇ ਸਖ਼ਤ ਟਿੱਪਣੀ ਕਰਦਿਆਂ ਭਾਜਪਾ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ’ਆਪ’ ਦੇ ਹੱਕ ’ਚ ਵੱਡਾ ਫ਼ਤਵਾ ਦੇਣ ਵਾਲੇ ਪੰਜਾਬ ਦੇ ਲੋਕਾਂ ਦੀਆਂ ਜਜ਼ਬਾਤਾਂ ਨਾਲ ਨਾ ਕੇਵਲ ਖੇਡ ਰਿਹਾ ਸਗੋਂ ਉਨ੍ਹਾਂ ਦੇ ਪਿੱਠ ’ਚ ਛੁਰਾ ਮਾਰਦਿਆਂ ਵੱਡਾ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਿੱਖ ਚਿਹਰਿਆਂ ਨੂੰ ਅੱਗੇ ਲਿਆਉਣ ਪ੍ਰਤੀ ਗੰਭੀਰ ਯਤਨਸ਼ੀਲ ਹੈ, ਉੱਥੇ ਕੇਜਰੀਵਾਲ ਅਹਿਮ ਸੰਵਿਧਾਨਕ ਸੰਸਥਾਵਾਂ ਤੋਂ ਸਿੱਖਾਂ ਅਤੇ ਦਸਤਾਰਾਂ ਨੂੰ ਗ਼ਾਇਬ ਕਰਨ ’ਤੇ ਤੁਲਿਆ ਹੋਇਆ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਵਿਚ 58 ਫ਼ੀਸਦੀ ਸਿੱਖ ਅਬਾਦੀ ਹੈ, ‘ਆਪ’ ਬਹੁਗਿਣਤੀ ਸਿੱਖਾਂ ਦੀਆਂ ਵੋਟਾਂ ਲੈ ਕੇ ਇਕ ਵੀ ਸਿੱਖ ਨੂੰ ਰਾਜ ਸਭਾ ਵਿਚ ਨਾ ਭੇਜ ਕੇ ਸਿੱਖ ਵਿਰੋਧੀ ਹੋਣ ਦਾ ਇਕ ਵਾਰ ਫਿਰ ਸਬੂਤ ਦੇ ਦਿੱਤਾ ਹੈ। ਪੰਜਾਬ ਦੀ ਕਾਬਲੀਅਤ ਨੂੰ ਨਕਾਰਦਿਆਂ ਰਾਜ ਸਭਾ ਵਿਚ ਦਿੱਲੀ, ਬਿਹਾਰ ਤੇ ਗੁਜਰਾਤ ਦੇ ਲੋਕਾਂ ਨੂੰ ਭੇਜਿਆ ਦੀ ਤਿਆਰੀ ਪੰਜਾਬ ਨਾਲ ਬੇਇਨਸਾਫ਼ੀ ਹੈ। ਕੇਜਰੀਵਾਲ ਦੀ ਨੀਅਤ ਨੇ ਪੰਜਾਬੀਆਂ ਨੂੰ ਪੂਰੀ ਤਰਾਂ ਨਿਰਾਸ਼ ਕੀਤਾ ਹੈ। ਕੇਜਰੀਵਾਲ ਦਾ ਪਹਿਲਾ ਝਟਕਾ ਅਸਹਿ ਨਿਕਲਿਆ। ਟਰੇਲਰ ਦੇਖ ਫ਼ਿਲਮ ਕਿਹੋ ਜਿਹੀ ਹੋਵੇਗੀ ਇਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ, ਇਸ ਲਈ ਪੰਜਾਬ ਦੇ ਲੋਕ ਅੱਜ ਆਪਣੇ ਆਪ ਨੂੰ ਠਗਿਆ ਗਿਆ ਮਹਿਸੂਸ ਕਰ ਰਹੇ ਹਨ। ਲੋਕ ਇਹ ਵੀ ਮਹਿਸੂਸ ਕਰ ਰਹੇ ਹਨ ਕਿ ਪੰਜਾਬ ਤੇ ਪੰਜਾਬੀਅਤ ‘ਆਪ’ ਜਾਂ ਕੇਜਰੀਵਾਲ ਦੇ ਹੱਥਾਂ ’ਚ ਸੁਰੱਖਿਅਤ ਨਹੀਂ ਰਹਿ ਸਕਦਾ। 

ਉਨ੍ਹਾਂ ਕਿਹਾ ਕਿ ’ਆਪ’ ਦੇ ਫ਼ੈਸਲੇ ਕਾਰਨ ਪੰਜਾਬ ਦੇ ਇਤਿਹਾਸ ’ਚ ਅੱਜ ਦਾ ਦਿਨ ਪੰਜਾਬ ਲਈ ਕਾਲਾ ਦਿਨ ਸਾਬਤ ਹੋਇਆ ਹੈ। ਉਨ੍ਹਾਂ ਇਸ ਗਲ ਦੀ ਵੀ ਅਲੋਚਨਾ ਕੀਤੀ ਕਿ ਵੋਟਾਂ ਆਮ ਲੋਕਾਂ ਤੋਂ ਲਈਆਂ ਗਈਆਂ ਪਰ ਰਾਜ ਸਭਾ ਵਿਚ ਧਨਾਢ ਤੇ ਬਾਹਰਲੇ ਲੋਕਾਂ ਨੂੰ ਭੇਜਿਆ ਜਾ ਰਿਹਾ ਹੈ। ਪੰਜਾਬ ਤੋਂ ਬਾਹਰਲੇ ਲੋਕ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਤੇ ਮਸਲਿਆਂ ਨਾਲ ਕਿਵੇਂ ਇਨਸਾਫ਼ ਕਰ ਸਕਣਗੇ, ਜਿਨ੍ਹਾਂ ’ਚੋਂ ਬਹੁਤਿਆਂ ਨੂੰ ਤਾਂ ਪੰਜਾਬੀ ਬੋਲਣੀ ਵੀ ਨਹੀਂ ਆਉਂਦੀ, ਨਾ ਪੰਜਾਬੀ ਕਦਰਾਂ ਕੀਮਤਾਂ ਦਾ ਹੀ ਉਨ੍ਹਾਂ ਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਬਦ ਨੀਅਤ ਇੰਜ ਹੀ ਰਹੀ ਤਾਂ ਰਾਜ ਸਭਾ ਵਿਚ ਪੰਜਾਬ ਦਿਸਣਾ ਬੰਦ ਹੋ ਜਾਵੇਗਾ।


author

rajwinder kaur

Content Editor

Related News