ਆਪਣੀ ਜਾਨ ਹਥੇਲੀ ''ਤੇ ਰੱਖ ਕੇ ਫਾਟਕ ਪਾਰ ਕਰਦੇ ਨੇ ਵਾਹਨ ਚਾਲਕ

01/16/2018 7:55:45 AM

ਤਰਨਤਾਰਨ   (ਰਮਨ)-  ਆਪਣੀ ਜਾਨ ਹਥੇਲੀ 'ਤੇ ਰੱਖ ਕੇ ਰੇਲਵੇ ਫਾਟਕ ਪਾਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਰੋਕਣ 'ਚ ਜੀ. ਆਰ. ਪੀ. ਪੁਲਸ ਨਾਕਾਮ ਸਾਬਤ ਹੁੰਦੀ ਨਜ਼ਰ ਆ ਰਹੀ ਹੈ। ਇਸ ਭੱਜ-ਦੌੜ ਵਾਲੀ ਜ਼ਿੰਦਗੀ 'ਚ ਜਿੱਥੇ ਲੋਕਾਂ ਨੂੰ ਹੱਥਾਂ-ਪੈਰਾਂ ਦੀ ਪਈ ਹੁੰਦੀ ਹੈ ਉਥੇ ਉਹ ਆਪਣੀ ਭੱਜ-ਦੌੜ 'ਚ ਰੇਲਵੇ ਨਿਯਮਾਂ ਦੀ ਉਲੰਘਣਾ ਕਰਦੇ ਇਹ ਵੀ ਭੁੱਲ ਜਾਂਦੇ ਹਨ ਕਿ ਉਨ੍ਹਾਂ ਦਾ ਕੋਈ ਘਰ ਵਿਚ ਇੰਤਜ਼ਾਰ ਵੀ ਕਰ ਰਿਹਾ ਹੈ।  ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ 'ਚ 6 ਰੇਲਵੇ ਫਾਟਕ ਮੌਜੂਦ ਹਨ, ਜਿਨ੍ਹਾਂ ਤੋਂ ਰੋਜ਼ਾਨਾ ਖੇਮਕਰਨ ਤੋਂ ਅੰਮ੍ਰਿਤਸਰ ਅਤੇ ਬਿਆਸ ਤੋਂ ਤਰਨਤਾਰਨ ਨੂੰ ਆਉਣ-ਜਾਣ ਵਾਲੀਆਂ ਦਰਜਨ ਤੋਂ ਜ਼ਿਆਦਾ ਰੇਲ ਗੱਡੀਆਂ ਚੱਕਰ ਲਾਉਂਦੀਆਂ ਹਨ, ਜਿਨ੍ਹਾਂ ਦੇ ਆਉਣ-ਜਾਣ ਸਮੇਂ ਰੇਲਵੇ ਵਿਭਾਗ ਵੱਲੋਂ ਨਵੀਂ ਤਕਨੀਕ ਨਾਲ ਬਣੇ ਰੇਲਵੇ ਫਾਟਕ ਨੂੰ ਉਸ ਸਮੇਂ ਤੱਕ ਬੰਦ ਰੱਖਿਆ ਜਾਂਦਾ ਹੈ ਜਦੋਂ ਤੱਕ ਗੱਡੀ ਕਰੀਬ ਇਕ ਕਿਲੋਮੀਟਰ ਦੂਰ ਨਾ ਚਲੀ ਜਾਵੇ ਪਰ ਜ਼ਿਆਦਾਤਰ ਵਾਹਨ ਚਾਲਕਾਂ ਅਤੇ ਪੈਦਲ ਜਾਣ ਵਾਲੇ ਲੋਕ ਫਾਟਕ ਦੇ ਬੰਦ ਹੋਣ ਦੌਰਾਨ ਆਪਣੀ ਜਾਨ ਨੂੰ ਮੁੱਠੀ 'ਚ ਲੈ ਕੇ ਰੇਲਵੇ ਫਾਟਕ ਦੇ ਹੇਠਾਂ ਤੋਂ ਨਿਕਲਣਾ ਸ਼ੁਰੂ ਕਰ ਦਿੰਦੇ ਹਨ। ਇਸ ਦੌਰਾਨ ਜੇ ਕਿਸੇ ਦਾ ਕੋਈ ਵਾਹਨ ਰੇਲਵੇ ਲਾਈਨ 'ਚ ਫਸ ਜਾਵੇ ਤਾਂ ਵੱਡਾ ਹਾਦਸਾ ਵਾਪਰ ਸਕਦਾ ਹੈ।
ਕਿਨ੍ਹਾਂ ਸਿਰ ਹੈ ਮੁਸਾਫਰਾਂ ਦੀ ਜ਼ਿੰਮੇਵਾਰੀ  : ਖੇਮਕਰਨ ਤੋਂ ਲੈ ਕੇ ਭਗਤਾਂ ਵਾਲਾ ਰੇਲਵੇ ਸਟੇਸ਼ਨ ਤੱਕ ਮੁਸਾਫਰਾਂ ਦੀ ਜ਼ਿੰਮੇਵਾਰੀ ਸਿਰਫ ਤਿੰਨ ਕਾਂਸਟੇਬਲਾਂ ਅਤੇ ਇਕ ਏ. ਐੱਸ. ਆਈ. ਦੇ ਹਵਾਲੇ ਦੱਸੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਰੋਜ਼ਾਨਾ ਸਫਰ ਕਰਨ ਵਾਲੇ ਹਜ਼ਾਰਾਂ ਯਾਤਰੀਆਂ ਨੂੰ ਨਿਯਮਾਂ ਦੀ ਉਲੰਘਣਾ ਕਰਨ ਤੋਂ ਰੋਕਣ ਲਈ ਸਿਰਫ ਤਿੰਨ ਮੁਲਾਜ਼ਮ ਅਤੇ ਇਕ ਅਧਿਕਾਰੀ ਕਾਫੀ ਨਹੀਂ ਹੈ।
ਕੀ ਕਹਿੰਦੇ ਹਨ ਅਧਿਕਾਰੀ : ਇਸ ਸਬੰਧੀ ਆਰ. ਪੀ. ਐੱਫ. ਦੇ ਏ. ਐੱਸ. ਆਈ. ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਏਰੀਆ ਕਾਫੀ ਜ਼ਿਆਦਾ ਹੈ ਪਰ ਫਿਰ ਵੀ ਉਨ੍ਹਾਂ ਵੱਲੋਂ ਸਮੇਂ-ਸਮੇਂ 'ਤੇ ਨਿਯਮਾਂ ਨੂੰ ਤੋੜਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ।


Related News