ਕੇ. ਪੀ. ਬਨਾਮ ਕਾਂਗਰਸ : ਇਕ-ਦੋ ਦਿਨਾਂ ਵਿਚ ਹੋਵੇਗਾ ਵੱਡਾ ਐਲਾਨ (ਵੀਡੀਓ)

Friday, Apr 05, 2019 - 08:35 PM (IST)

ਜਲੰਧਰ, (ਅਰੁਣ)- ਜਲੰਧਰ ਲੋਕ ਸਭਾ ਹਲਕਾ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ। ਚੌਧਰੀ ਸੰਤੋਖ ਸਿੰਘ ਦੇ ਖਿਲਾਫ ਉਨ੍ਹਾਂ ਦੀ ਹੀ ਪਾਰਟੀ ਦੇ ਕੱਦਵਾਰ ਨੇਤਾ ਆਜਾਦ ਤੌਰ 'ਤੇ ਮੈਦਾਨ ਵਿਚ ਉਤਰਣ ਦਾ ਮਨ ਬਣਾਉਂਦੇ ਪ੍ਰਤੀਤ ਹੋ ਰਹੇ ਹਨ। ਇਹ ਨੇਤਾ ਕੋਈ ਹੋਰ ਨਹੀਂ ਸਗੋਂ ਜਲੰਧਰ ਪੱਛਮੀ ਤੋਂ 2 ਵਾਰ ਵਿਧਾਇਕ ਰਹੇ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੁਣੇ ਜਾ ਚੁੱਕੇ ਮਹਿੰਦਰ ਸਿੰਘ ਕੇ. ਪੀ. ਹਨ। ਜਲੰਧਰ ਲੋਕ ਸਭਾ ਚੋਣਾਂ ਲਈ ਕਾਂਗਰਸ ਵਲੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਕੇ. ਪੀ. ਆਜਾਦ ਚੋਣ ਲੜ ਸਕਦੇ ਹਨ। ਇਨ੍ਹਾਂ ਕਿਆਸਾਂ ਨੂੰ ਖੁਦ ਹੀ ਕੇ.ਪੀ. ਨੇ ਉਸ ਵੇਲੇ ਸਾਫ ਕਰ ਦਿੱਤਾ ਜਦ ਉਨ੍ਹਾਂ ਨੇ ਅੱਜ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਾਂਗਰਸ ਖਿਲਾਫ ਰੱਜ ਕੇ ਭੜਾਸ ਕੱਢੀ। ਕੇ. ਪੀ. ਨੇ ਕਿਹਾ ਕਿ ਕਾਂਗਰਸ ਨੂੰ ਟਿਕਟ ਦੀ ਵੰਡ ਦੇ ਲਏ ਗਏ ਫੈਸਲੇ ਉਤੇ ਮੁੜ ਨਜ਼ਰਸਾਨੀ ਕਰਨੀ ਚਾਹੀਦੀ ਹੈ। ਜਲੰਧਰ ਉਨ੍ਹਾਂ ਦਾ ਹਲਕਾ ਹੈ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਪਾਰਟੀ ਦੇ ਫੈਸਲੇ ਦਾ ਸਨਮਾਨ ਕਰ ਕੇ ਹੁਸ਼ਿਆਰਪੁਰ ਤੋਂ ਚੋਣ ਲੜੀ ਸੀ। ਕੇ. ਪੀ. ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕੀਤੇ ਕੰਮਾਂ ਕਾਰਨ ਹੀ ਚੌਧਰੀ ਸੰਤੋਖ ਸਿੰਘ ਦੀ ਜਿੱਤ ਹੋਈ ਸੀ। 
ਚੌਧਰੀ ਸੰਤੋਖ ਸਿੰਘ ਨੂੰ ਮਿਲੀ ਟਿਕਟ ਬਾਰੇ ਉਨ੍ਹਾਂ ਕਿਹਾ ਕਿ ਇਕ ਪਰਿਵਾਰ ਨੂੰ 3 ਟਿਕਟਾਂ ਮਿਲਿਆ ਹਨ ਤੇ ਸਾਡੇ ਪਰਿਵਾਰ ਨੇ ਵੀ ਹਲਕੇ ਲਈ ਬੇਹੱਦ ਕੰਮ ਕੀਤੇ ਹਨ। ਦੋਵਾਂ ਪਰਿਵਾਰਾਂ ਵਿਚ ਕਾਣੀ ਵੰਡ ਕੀਤੀ ਗਈ ਹੈ। ਪਾਰਟੀ ਹਾਈਕਮਾਂਡ ਵਲੋਂ ਲੋਕ ਸਭਾ ਲਈ ਟਿਕਟ ਦੀ ਵੰਡ ਵੇਲੇ ਕੀਤਾ ਗਿਆ ਫੈਸਲਾ ਬਰਦਾਸ਼ਤ ਤੋਂ ਬਾਹਰ ਹੈ। ਕੇ. ਪੀ. ਨੇ ਕਿਹਾ ਕਿ ਟਿਕਟ ਕੱਟੇ ਜਾਣ ਕਾਰਨ ਪਰਿਵਾਰ ਤੇ ਵਰਕਰਾਂ ਵਿਚ ਰੋਸ ਹੈ। ਇਕ-ਦੋ ਦਿਨਾਂ ਵਿਚ ਸਮਰਥਕਾਂ ਦਾ ਵੱਡਾ ਇਕਠ ਕਰਕੇ ਅੱਗਲਾ ਕਦਮ ਚੁੱਕਣ ਬਾਰੇ ਫੈਸਲਾ ਲਿਆ ਜਾਵੇਗਾ। ਕੇ. ਪੀ. ਨੇ ਕਿਹਾ ਕਿ ਲੋਕ ਹੁੰਗਾਰਾ ਮਿਲਿਆ ਤਾਂ ਹੌਂਦ ਬਚਾਉਣ ਲਈ ਕੋਈ ਨਾ ਕੋਈ ਕਦਮ ਤਾਂ ਜ਼ਰੂਰ ਚੁੱਕਾਂਗੇ। ਕਾਂਗਰਸ ਅੰਦਰ ਦਲਿਤਾਂ ਨੂੰ ਕੋਈ ਨਿਆਂ ਨਹੀਂ ਮਿਲ ਰਿਹਾ ਹੈ। ਦਲਿਤਾਂ ਦੀਆਂ ਸਮੱਸਿਆਵਾਂ ਚੁਕੱਣ ਵਿਚ ਕਾਂਗਰਸ ਫਾਡੀ ਸਾਬਤ ਹੋ ਰਹੀ ਹੈ। 
ਮਹਿੰਦਰ ਸਿੰਘ ਕੇ. ਪੀ. ਦਾ ਸਿਆਸੀ ਸਫਰ
ਦਲਿਤ ਰਾਜਨੀਤੀ ਵਿਚ ਮਜ਼ਬੂਤ ਪਕੜ ਰੱਖਦੇ ਮਹਿੰਦਰ ਸਿੰਘ ਕੇ. ਪੀ. ਜਲੰਧਰ ਪੱਛਮੀ ਦੇ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ 1985 ਵਿਚ ਚੋਣਾਂ ਲੜ ਕੇ ਵਿਧਾਇਕ ਬਣੇ ਸਨ। ਇਸ ਤੋਂ ਬਾਅਦ ਉਹ ਮੁੜ 2002 ਵਿਚ ਵੀ ਇਸੇ ਸੀਟ ਤੋਂ ਜਿੱਤੇ ਸਨ। ਸਾਲ 2009 ਵਿਚ ਕੇ. ਪੀ. 'ਤੇ ਵਿਸ਼ਵਾਸ ਕਰ ਕੇ ਪਾਰਟੀ ਨੇ ਉਨ੍ਹਾਂ ਨੂੰ ਪਾਰਲੀਮੈਂਟ ਚੋਣ ਲੜਾਈ ਤਾਂ ਉਨ੍ਹਾਂ ਨੇ ਇਹ ਚੋਣ ਜਿੱਤ ਲਈ।
ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੇ ਉਨ੍ਹਾਂ ਦਾ ਹਲਕਾ ਬਦਲ ਕੇ ਪਾਰਲੀਮੈਂਟ ਚੋਣ ਲਈ ਹੁਸ਼ਿਆਰਪੁਰ ਤੋਂ ਟਿਕਟ ਦੇ ਦਿੱਤੀ। ਉਹ ਸੀਟ ਹਾਰ ਗਏ। ਮਹਿੰਦਰ ਸਿੰਘ ਕੇ. ਪੀ. ਦੀ ਥਾਂ ਜਲੰਧਰ ਤੋਂ ਕਾਂਗਰਸ ਨੇ ਫਿਲੌਰ ਵਿਧਾਨ ਸਭਾ ਹਲਕੇ ਤੋਂ ਚੋਣ ਹਾਰ ਚੁੱਕੇ ਸੰਤੋਖ ਸਿੰਘ ਚੌਧਰੀ ਨੂੰ ਲੜਾਇਆ ਤਾਂ ਉਨ੍ਹਾਂ ਨੇ ਅਕਾਲੀ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ ਮਾਤ ਦਿੱਤੀ ਸੀ। ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਰਹਿ ਚੁੱਕੇ ਮਹਿੰਦਰ ਸਿੰਘ ਕੇ. ਪੀ. ਨੇ ਇਸ ਵਾਰ ਦੋਬਾਰਾ ਆਪਣੇ ਜ਼ਿਲੇ ਵਿਚ ਵਾਪਸੀ ਕੀਤੀ ਅਤੇ ਇਥੋਂ ਚੋਣ ਲੜਨ ਲਈ ਦਾਅਵਾ ਠੋਕਿਆ ਹੈ।


DILSHER

Content Editor

Related News