ਲੁਧਿਆਣਾ 'ਚ ਫਸੇ 'ਕਸ਼ਮੀਰੀਆਂ' ਕੋਲੋਂ ਨਹੀਂ ਝੱਲੀ ਜਾ ਰਹੀ ਗਰਮੀ, ਡੀ. ਸੀ. ਨੂੰ ਕੀਤੀ ਅਪੀਲ
Monday, Apr 27, 2020 - 04:06 PM (IST)
ਲੁਧਿਆਣਾ (ਨਰਿੰਦਰ) : ਪੰਜਾਬ 'ਚ ਕਰਫ਼ਿਊ ਜਾਰੀ ਹੈ ਅਤੇ ਇਸ ਦੌਰਾਨ ਕਈ ਸੂਬਿਆਂ ਦੇ ਲੋਕ ਵੀ ਆਪੋ-ਆਪਣੇ ਕੰਮ ਕਾਰ ਦੇ ਸਿਲਸਿਲੇ 'ਚ ਵੱਖ-ਵੱਖ ਸੂਬਿਆਂ 'ਚ ਹੀ ਫਸ ਗਏ ਹਨ। ਲੁਧਿਆਣਾ 'ਚ ਵੀ ਵੱਡੀ ਗਿਣਤੀ 'ਚ ਜੰਮੂ ਕਸ਼ਮੀਰ ਦੇ 250 ਤੋਂ ਵੱਧ ਲੋਕ ਆਪਣੇ ਪਰਿਵਾਰਾਂ ਸਣੇ ਫਸੇ ਹੋਏ ਹਨ। ਇਹ ਲੋਕ ਸਰਦੀਆਂ ਦੇ ਮੌਸਮ 'ਚ ਇੱਥੇ ਆ ਕੇ ਸ਼ਾਲ, ਗਰਮ ਕੱਪੜੇ ਅਤੇ ਮੇਵੇ ਵੇਚਦੇ ਹਨ ਪਰ ਕਰਫਿਊ ਦੌਰਾਨ ਇੱਥੇ ਫਸੇ ਲੋਕਾਂ ਨੂੰ ਹੁਣ ਨਾ ਤਾਂ ਸਮੇਂ ਸਿਰ ਰਾਸ਼ਨ ਮਿਲ ਰਿਹਾ ਹੈ ਅਤੇ ਨਾ ਹੀ ਇਨ੍ਹਾਂ ਤੋਂ ਪੰਜਾਬ ਦੀ ਗਰਮੀ ਝੱਲੀ ਜਾ ਰਹੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਨਹੀਂ ਰੁਕ ਰਿਹੈ ਕੋਰੋਨਾ ਦਾ ਕਹਿਰ, ਨਵੇਂ ਕੇਸ ਤੋਂ ਬਾਅਦ 40 ਹੋਈ ਗਿਣਤੀ
ਇਸ ਲਈ ਇਹ ਲੋਕ ਸੋਮਵਾਰ ਨੂੰ ਡੀ. ਸੀ. ਦਫਤਰ ਪੁੱਜੇ ਅਤੇ ਡਿਪਟੀ ਕਮਿਸ਼ਨਰ ਅਤੇ ਪ੍ਰਸ਼ਾਸਨ ਨੂੰ ਆਪਣੇ ਸੂਬੇ 'ਚ ਵਾਪਸ ਜਾਣ ਦੀ ਗੁਹਾਰ ਲਾਈ। ਜੰਮੂ ਕਸ਼ਮੀਰ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਵਾਰ ਪ੍ਰਸ਼ਾਸਨ ਵੱਲੋਂ ਰਾਸ਼ਨ ਮੁਹੱਈਆ ਕਰਵਾਇਆ ਗਿਆ ਸੀ ਪਰ ਉਸ ਤੋਂ ਬਾਅਦ ਕੋਈ ਵੀ ਉਨ੍ਹਾਂ ਦੀ ਸਾਰ ਲੈਣ ਨਹੀਂ ਪਹੁੰਚਿਆ। ਉਨ੍ਹਾਂ ਨੇ ਕਿਹਾ ਕਿ ਰਮਜ਼ਾਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ ਅਤੇ ਅਜਿਹੇ 'ਚ ਉਹ ਆਪਣੇ ਪਰਿਵਾਰਾਂ ਕੋਲ ਜਾਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਮਨਰੇਗਾ ਅਧੀਨ ਕੰਮ ਕਰਨ ਵਾਲਿਆਂ ਲਈ ਖਾਸ ਐਡਵਾਇਜਡ਼ਰੀ ਜਾਰੀ
ਉਨ੍ਹਾਂ ਨੇ ਕਿਹਾ ਕਿ ਡੀ. ਸੀ. ਦਫਤਰ ਉਹ ਗੱਲਬਾਤ ਕਰਨ ਆਏ ਹਨ ਪਰ ਹਾਲੇ ਤੱਕ ਉਨ੍ਹਾਂ ਨੂੰ ਕੋਈ ਭਰੋਸਾ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਉਹ ਰਾਸ਼ਨ ਤੋਂ ਮੁਥਾਜ਼ ਹਨ ਅਤੇ ਉਨ੍ਹਾਂ ਕੋਲ ਪੈਸੇ ਖਤਮ ਹੋ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬ ਦੀ ਗਰਮੀ ਦੇ ਮੌਸਮ 'ਚ ਵੀ ਇਕ ਕਮਰੇ 'ਚ 5-6 ਜਣੇ ਰਹਿਣ ਲਈ ਮਜਬੂਤ ਹਨ। ਇਨ੍ਹਾਂ ਕਸ਼ਮੀਰੀਆਂ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਆਪਣੇ ਸੂਬੇ 'ਚ ਜਾ ਕੇ ਇਕਾਂਤਵਾਸ 'ਚ ਵੀ ਰਹਿਣ ਨੂੰ ਤਿਆਰ ਹਨ ਪਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਆਪਣੇ ਸੂਬੇ 'ਚ ਵਾਪਸ ਭੇਜਿਆ ਜਾਵੇ।
ਇਹ ਵੀ ਪੜ੍ਹੋ : ਕੋਰੋਨਾ ਕਰਫਿਊ ਦੌਰਾਨ ਵੀ ਚੋਰਾਂ ਦੇ ਹੌਂਸਲੇ ਬੁਲੰਦ, ਬੈਂਕ ਦੀ ਖਿੜਕੀ ਤੋੜ ਕੀਤੀ ਚੋਰੀ
ਮਾਛੀਵਾੜਾ ’ਚ ਫਸੇ 26 ਕਸ਼ਮੀਰੀਆਂ ਨੇ ਵੀ ਲਾਈ ਗੁਹਾਰ
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ ’ਚ ਵੀ ਫਸੇ 26 ਕਸ਼ਮੀਰੀਆਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਕਿ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਘਰ ਭੇਜਿਆ ਜਾਵੇ। ਨੇੜ੍ਹਲੇ ਪਿੰਡ ਤੱਖਰਾਂ-ਖੋਖਰਾਂ ਦੇ ਨਿਵਾਸੀ ਹਸਨ, ਜੋ ਕਿ ਗੁੱਜਰ ਭਾਈਚਾਰੇ ਨਾਲ ਸਬੰਧ ਰੱਖਦਾ ਹੈ, ਨੇ ਪੱਤਰਕਾਰਾਂ ਨੂੰ ਦੱਸਿਆ ਕਿ 23 ਮਾਰਚ ਨੂੰ ਉਸਦੀ ਲੜਕੀ ਦਾ ਵਿਆਹ ਸੀ, ਜਿਸ ’ਚ ਸ਼ਿਰੱਕਤ ਕਰਨ ਲਈ ਉਨ੍ਹਾਂ ਦੇ ਕਈ ਰਿਸ਼ਤੇਦਾਰ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਤੋਂ ਆਏ ਹੋਏ ਸਨ ਪਰ ਅਚਾਨਕ ਕਰਫਿਊ ਲੱਗਣ ਕਾਰਨ ਵਿਆਹ ਸਮਾਗਮ ਵੀ ਨਾ ਹੋ ਸਕਿਆ ਅਤੇ ਉਹ ਇੱਥੇ ਫਸ ਗਏ। ਇਸ ਤੋਂ ਇਲਾਵਾ ਕਈ ਹੋਰ ਕਸ਼ਮੀਰੀ ਮਾਛੀਵਾੜਾ ਇਲਾਕੇ ’ਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਇੱਥੋਂ ਤੱਕ ਕਈ ਬਜ਼ੁਰਗ ਆਪਣੀਆਂ ਅੱਖਾਂ ਦਾ ਆਪ੍ਰੇਸ਼ਨ ਕਰਵਾਉਣ ਲਈ ਪਿਛਲੇ 2 ਮਹੀਨੇ ਤੋਂ ਆਏ ਹੋਏ ਹਨ, ਜੋ ਕਿ ਵਾਪਸ ਆਪਣੇ ਘਰ ਪਰਤਣ ਲਈ ਉਤਾਵਲੇ ਹਨ।
ਹਸਨ ਨੇ ਦੱਸਿਆ ਕਿ ਕਰਫਿਊ ਕਾਰਨ ਜਿੱਥੇ ਉਸਦੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਔਖਾ ਹੋਇਆ ਪਿਆ ਹੈ, ਉਥੇ ਹੁਣ ਰਿਸ਼ਤੇਦਾਰਾਂ ਨੂੰ ਵੀ ਬੜੀ ਮੁਸ਼ਕਿਲ ਨਾਲ ਰੋਟੀ ਦਾ ਪ੍ਰਬੰਧ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਤੋਂ ਆਏ ਉਸ ਦੇ ਰਿਸ਼ਤੇਦਾਰ ਮਾਛੀਵਾੜਾ ਇਲਾਕੇ ਦੇ ਵੱਖ-ਵੱਖ ਪਿੰਡਾਂ ’ਚ ਫਸੇ ਹੋਏ ਹਨ ਅਤੇ ਉਨ੍ਹਾਂ ਵਲੋਂ ਡੋਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਵੀ ਭੇਜਿਆ ਸੀ ਕਿ ਇੱਥੇ ਫਸੇ ਕਰੀਬ 26 ਕਸ਼ਮੀਰੀਆਂ ਨੂੰ ਵਾਪਸ ਘਰ ਭੇਜਣ ਦਾ ਇੰਤਜ਼ਾਮ ਕੀਤਾ ਜਾਵੇ। ਹਸਨ ਨੇ ਦੱਸਿਆ ਕਿ ਅਜੇ ਤੱਕ ਜੰਮੂ-ਕਸ਼ਮੀਰ ਪ੍ਰਸਾਸ਼ਨ ਵਲੋਂ ਕੋਈ ਵੀ ਜਵਾਬ ਨਹੀਂ ਆਇਆ, ਇਸ ਲਈ ਉਹ ਭਾਰਤ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਇਨ੍ਹਾਂ 26 ਵਿਅਕਤੀਆਂ ਨੂੰ ਕਸ਼ਮੀਰ ਵਾਪਿਸ ਭੇਜਣ ਦਾ ਇੰਤਜ਼ਾਮ ਕੀਤਾ ਜਾਵੇ।