ਕਰਵਾ ਚੌਥ ਤੋਂ ਜ਼ਰੂਰੀ ਹੈ ਪਤੀ ਦਾ ਇਲਾਜ, ਸਿਲਾਈ ਦਾ ਕੰਮ ਕਰ ਕਮਾਉਂਦੀ ਹੈ ਪੈਸੇ

10/17/2019 3:25:57 PM

ਤਰਨਤਾਰਨ (ਰਮਨ) - ਕਰਵਾ ਚੌਥ ਮੌਕੇ ਸੁਹਾਗਣਾਂ ਆਪਣੇ ਪਤੀ ਦੀ ਲੰਮੀ ਉਮਰ ਅਤੇ ਤੰਦਰੁਸਤੀ ਲਈ ਵਰਤ ਰੱਖਦੀਆਂ ਹਨ। ਵਰਤ ਵਾਲੇ ਹੀ ਦਿਨ ਉਹ ਭੁੱਖੇ ਪਿਆਸੇ ਰਹਿ ਆਪਣੇ ਪਤੀ ਦੀ ਸਲਾਮਤੀ ਲਈ ਪੂਜਾ ਕਰਦੀਆਂ ਹਨ ਅਤੇ ਇਸੇ ਦਿਨ ਸੁਹਾਗਣਾਂ ਬਾਜ਼ਾਰਾਂ 'ਚ ਖਰੀਦਦਾਰੀ ਕਰਨ ਲਈ ਮਹਿੰਗੇ ਕੱਪੜਿਆਂ ਤੋਂ ਲੈ ਕੇ ਸ਼ਿੰਗਾਰ ਦੇ ਸਾਮਾਨ ਲਈ ਕਈ ਹਜ਼ਾਰ ਰੁਪਏ ਖਰਚ ਕਰ ਦਿੰਦੀਆਂ ਹਨ। ਉੱਥੇ ਹੀ ਜ਼ਿਲੇ ਦੇ ਇਕ ਪਿੰਡ ਠੱਠੀ 'ਚ ਆਪਣੇ ਬੀਮਾਰ ਪਤੀ ਦੇ ਇਲਾਜ ਅਤੇ ਤੰਦਰੁਸਤੀ ਲਈ ਰੋਜ਼ਾਨਾ ਉਸ ਦੀ ਪਤਨੀ ਰੇਹੜੀ 'ਤੇ ਲਿਜਾ ਕੇ ਕਰੀਬ 20 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੋਈ ਇਕ ਵੱਖਰੀ ਮਿਸਾਲ ਪੇਸ਼ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਆਪਣਾ ਪਤਨੀ ਹੋਣ ਦਾ ਫਰਜ਼ ਨਿਭਾ ਰਹੀ ਹੈ।

ਜਾਣਕਾਰੀ ਦਿੰਦੇ ਹੋਏ ਹਰਜੀਤ ਕੌਰ ਪਤਨੀ ਸਰਬਜੀਤ ਸਿੰਘ (56) ਨੇ ਦੱਸਿਆ ਕਿ ਉਸ ਦਾ ਪਤੀ ਦੋ ਸਾਲ ਤੋਂ ਬੀਮਾਰ ਹੋ ਗਿਆ ਹੈ ਅਤੇ ਉਸ ਦਾ ਇਕ ਪਾਸਾ ਸਹੀ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ। ਪਤੀ ਦੇ ਇਲਾਜ ਲਈ ਉਹ ਸਿਵਲ ਸਰਜਨ ਤਰਨਤਾਰਨ ਤੱਕ ਪਹੁੰਚ ਕਰਦੀ ਰਹੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਉਹ ਬਹੁਤ ਗਰੀਬ ਹਨ ਅਤੇ ਸਿਲਾਈ ਦਾ ਕਾਰੋਬਾਰ ਕਰਦੀ ਹੋਈ ਆਪਣੇ ਪਤੀ ਦਾ ਇਲਾਜ ਕਰਵਾਉਣ 'ਚ ਦਿਨ ਰਾਤ ਮਿਹਨਤ ਕਰ ਰਹੀ ਹੈ। ਹਰਜੀਤ ਕੌਰ ਨੇ ਦੱਸਿਆ ਕਿ ਉਸ ਕੋਲ ਇੰਨੇ ਰੁਪਏ ਨਹੀਂ ਹਨ ਕਿ ਉਹ ਆਪਣੇ ਪਤੀ ਨੂੰ ਕਰੀਬ 10 ਕਿਲੋਮੀਟਰ ਦੂਰ ਤਰਨਤਾਰਨ ਸ਼ਹਿਰ ਵਿਖੇ ਕਿਸੇ ਵਾਹਨ 'ਤੇ ਲਿਜਾ ਸਕੇ, ਜਿਸ ਕਾਰਨ ਉਹ ਜਮਾਨੇ ਅਤੇ ਸ਼ਰਮ ਦੀ ਪਰਵਾਹ ਨਾ ਕਰਦੀ ਹੋਈ ਰੇਹੜੀ 'ਚ ਆਪਣੇ ਪਤੀ ਨੂੰ ਪਾ ਕੇ ਲੈ ਜਾਂਦੀ ਹੈ। ਰੇਹੜੀ ਨੂੰ ਪੈਦਲ ਧੱਕਾ ਮਾਰਦੀ ਹੋਈ ਹਰਜੀਤ ਕੌਰ ਨੂੰ ਤਰਨਤਾਰਨ ਪ੍ਰਾਈਵੇਟ ਡਾਕਟਰ ਤੱਕ ਪੁੱਜਣ 'ਚ ਕਰੀਬ 3 ਘੰਟੇ ਤੱਕ ਲੱਗ ਜਾਂਦੇ ਹਨ ਅਤੇ ਇਹ ਸਫਰ ਆਉਣ ਜਾਣ 'ਚ 20 ਕਿਲੋਮੀਟਰ ਬਣ ਜਾਂਦਾ ਹੈ। ਹਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਇਕ ਬੇਟਾ ਅਤੇ ਦੋ ਬੇਟੀਆਂ ਹਨ ਜਿਨ੍ਹਾਂ 'ਚੋਂ ਬੇਟੇ ਪਲਵਿੰਦਰ ਸਿੰਘ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੈ। ਵਿਆਹ ਤੋਂ ਬਾਅਦ ਨੂੰਹ ਰਾਧਿਕਾ ਨੇ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਅਤੇ ਉਨ੍ਹਾਂ ਦੀ ਕਦੇ ਕੋਈ ਸਾਰ ਨਹੀਂ ਲਈ ਜਦਕਿ ਉਸ ਦੀਆਂ ਦੋਵੇਂ ਬੇਟੀਆਂ ਵਿਆਹੀਆਂ ਹਨ।

ਪੰਜਾਬ ਸਰਕਾਰ ਵਲੋਂ ਚਲਾਈ ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ ਉਨ੍ਹਾਂ ਦਾ ਕੋਈ ਕਾਰਡ ਨਹੀਂ ਬਣਾਇਆ ਜਾ ਰਿਹਾ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਸਰਕਾਰੀ ਸਹੂਲਤ ਮਿਲ ਰਹੀ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਪ੍ਰਦੀਪ ਸੱਭਰਵਾਲ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸਾਰ ਲਈ ਜਾਵੇ ਅਤੇ ਉਸ ਦੇ ਪਤੀ ਦਾ ਸਹੀ ਇਲਾਜ ਕਰਵਾਇਆ ਜਾਵੇ। ਉੱਧਰ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ 'ਚ ਇਹ ਮਾਮਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਰੀਜ਼ ਦਾ ਇਲਾਜ ਜ਼ਰੂਰ ਕਰਵਾਉਣਗੇ। ਸਿਵਲ ਸਰਜਨ ਤੋਂ ਲਵਾਂਗਾ ਰਿਪੋਰਟ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਉਹ ਇਸ ਮਾਮਲੇ 'ਚ ਸਿਵਲ ਸਰਜਨ ਕੋਲੋਂ ਜਲਦ ਰਿਪੋਰਟ ਲੈਣਗੇ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਸ ਲੋੜਵੰਦ ਮਰੀਜ਼ ਦੀ ਮਦਦ ਪਹਿਲ ਦੇ ਆਧਾਰ 'ਤੇ ਕੀਤੀ ਜਾਵੇਗੀ ਅਤੇ ਬਣਦੀਆਂ ਸਰਕਾਰੀ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਖਰਾਬ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।


rajwinder kaur

Content Editor

Related News