ਪੰਜਾਬ ਦੇ ਚੋਣ ਹਲਕਿਆਂ ''ਚ ਅੱਜ ਸ਼ਾਮ ਤੋਂ ਸ਼ਰਾਬ ਦੀ ਵਿੱਕਰੀ ''ਤੇ ਰੋਕ

Saturday, Oct 19, 2019 - 02:57 PM (IST)

ਪੰਜਾਬ ਦੇ ਚੋਣ ਹਲਕਿਆਂ ''ਚ ਅੱਜ ਸ਼ਾਮ ਤੋਂ ਸ਼ਰਾਬ ਦੀ ਵਿੱਕਰੀ ''ਤੇ ਰੋਕ

ਚੰਡੀਗੜ੍ਹ (ਭੁੱਲਰ) : ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਸਮੂਹ ਵਿਭਾਗ ਮੁਖੀਆਂ ਤੇ ਡਿਪਟੀ ਕਮਿਸ਼ਨਰਾਂ ਨੂੰ ਸੂਬੇ ਦੇ 4 ਵਿਧਾਨ ਸਭਾ ਹਲਕਿਆਂ ਲਈ ਪੈਣ ਵਾਲੀਆਂ ਵੋਟਾਂ ਵਾਲੇ ਦਿਨ ਤੋਂ 48 ਘੰਟੇ ਪਹਿਲਾਂ 'ਡਰਾਈ ਡੇਅ' ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਵੋਟਾਂ ਵਾਲੇ ਦਿਨ (21 ਅਕਤੂਬਰ) ਤੋਂ 48 ਘੰਟੇ ਪਹਿਲਾਂ ਜ਼ਿਮਨੀ ਚੋਣ ਵਾਲੇ ਹਲਕਿਆਂ ਨਾਲ ਲੱਗਦੇ ਇਲਾਕਿਆਂ ਤੋਂ 3 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਸ਼ਰਾਬ ਦੀ ਵਿੱਕਰੀ 'ਤੇ ਪੂਰਨ ਤੌਰ 'ਤੇ ਪਾਬੰਦੀ ਹੋਵੇਗੀ ਜੋ ਕਿ 19 ਅਕਤੂਬਰ ਦੀ ਸ਼ਾਮ ਤੋਂ ਸ਼ੁਰੂ ਹੋ ਕੇ ਪੋਲਿੰਗ ਖਤਮ ਹੋਣ ਦੇ ਸਮੇਂ ਭਾਵ ਸ਼ਾਮ 6:30 ਵਜੇ ਤੱਕ ਲਾਗੂ ਰਹੇਗੀ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ 'ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰਿਆਣਾ ਰਾਜ ਨਾਲ ਲੱਗਦੀ ਪੰਜਾਬ ਰਾਜ ਦੀ ਸਰਹੱਦ ਤੋਂ 3 ਕਿਲੋਮੀਟਰ ਦੇ ਖੇਤਰਾਂ 'ਚ ਵੀ ਸ਼ਰਾਬ ਦੀ ਵਿੱਕਰੀ 'ਤੇ ਪਾਬੰਦੀ ਰਹੇਗੀ।

ਦੱਸਣਯੋਗ ਹੈ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ ਹੋ ਰਹੀਆਂ ਜ਼ਿਮਣੀ ਚੋਣਾਂ ਲਈ 21 ਅਕਤੂਬਰ 2019 ਨੂੰ ਪੈਣ ਵਾਲੀਆਂ ਵੋਟਾਂ ਸਬੰਧੀ ਪ੍ਰਚਾਰ ਲਈ ਤੈਅ ਸਮਾਂ 19 ਅਕਤੂਬਰ ਸ਼ਾਮ 6 ਵਜੇ ਖਤਮ ਹੋ ਜਾਵੇਗੀ। ਇਸ ਦੌਰਾਨ ਚੋਣਾਂ ਦੇ ਮੱਦੇਨਜ਼ਰ ਵੋਟ ਦੇ ਅਧਿਕਾਰੀ ਦੇ ਵਰਤੋਂ ਫਗਵਾੜਾ, ਮੁਕੇਰੀਆਂ, ਦਾਖਾ ਅਤੇ ਜਲਾਲਾਬਾਦ ਹਲਕੇ ਦੇ ਵੋਟਰ ਵਿਸ਼ੇਸ਼ ਛੁੱਟੀ ਲੈ ਸਕਣਗੇ।


author

Anuradha

Content Editor

Related News