ਕਰਤਾਰਪੁਰ ਸਾਹਿਬ ਲਾਂਘਾ ਬਾਰੇ ਸਵਾਮੀ ਨੂੰ ਚਿੰਤਾ ਕਰਨ ਦੀ ਲੋੜ ਨਹੀਂ : ਸਿਰਸਾ
Sunday, Aug 25, 2019 - 09:10 PM (IST)
ਨਵੀਂ ਦਿੱਲੀ (ਚਾਵਲਾ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਇਸ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਮੈਂਬਰ ਪਾਰਲੀਮੈਂਟ ਸ੍ਰੀ ਸੁਬਰਾਮਣੀਅਮ ਸਵਾਮੀ ਦੇ ਬਿਆਨ 'ਤੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ ਤੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਦੇ ਕੰਮ ਤੋਂ ਉਹ ਦੂਰ ਰਹਿਣ ਅਤੇ ਪ੍ਰਾਜੈਕਟ ਬਾਰੇ ਆਪਣੀ ਸਲਾਹ ਆਪਣੇ ਕੋਲ ਰੱਖਣ ਕਿਉਂਕਿ ਸਿੱਖ ਹਮੇਸ਼ਾ ਪੂਰੇ ਜੋਸ਼ ਤੇ ਸਮਰਪਣ ਨਾਲ ਦੇਸ਼ ਦੀ ਸੇਵਾ ਕਰਨ ਲਈ ਜਾਣੇ ਜਾਂਦੇ ਹਨ।
ਸ਼੍ਰੀ ਸਵਾਮੀ ਦੇ ਬਿਆਨ 'ਤੇ ਵਿਚਾਰ ਪ੍ਰਗਟ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਿੱਖ ਨਾ ਕਦੇ ਅੱਤਵਾਦੀ ਸੀ ਤੇ ਨਾ ਹੀ ਹੋਣਗੇ। ਉਨ੍ਹਾਂ ਕਿਹਾ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਸਦੀਆਂ ਤੋਂ ਸਿੱਖਾਂ ਨੇ ਹਮੇਸ਼ਾ ਦੇਸ਼ ਪ੍ਰਤੀ ਪੂਰਨ ਵਫਾਦਾਰੀ ਤੇ ਸਮਰਪਣ ਦੀ ਭਾਵਨਾ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਦੇਸ਼ ਵਾਸਤੇ ਹਮੇਸ਼ਾ ਅੱਗੇ ਹੋ ਕੇ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਵੱਲ ਉਂਗਲ ਚੁੱਕ ਕੇ ਸਵਾਮੀ ਨੇ ਆਪਣੀ ਨਾਸਮਝੀ ਦਰਸਾਈ ਹੈ ਤੇ ਸਾਬਤ ਕੀਤਾ ਹੈ ਕਿ ਉਨ੍ਹਾਂ ਨੂੰ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰਾਜੈਕਟ ਬਾਰੇ ਉੱਕਾ ਹੀ ਕੋਈ ਜਾਣਕਾਰੀ ਨਹੀਂ ਹੈ।
ਸ਼੍ਰੀ ਸਿਰਸਾ ਨੇ ਸਵਾਮੀ ਨੂੰ ਚੇਤੇ ਕਰਵਾਇਆ ਕਿ ਕਰਤਾਰਪੁਰ ਸਾਹਿਬ ਲਾਂਘੇ ਦਾ ਪ੍ਰਾਜੈਕਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲਕਦਮੀ ਹੈ ਅਤੇ ਖੁਫੀਆ ਰਿਪੋਰਟਾਂ ਤੇ ਜ਼ਮੀਨੀ ਹਕੀਕਤਾਂ ਬਾਰੇ ਉਨ੍ਹਾਂ ਨਾਲੋਂ ਜ਼ਿਆਦਾ ਹੋਰ ਕੋਈ ਜਾਣਕਾਰੀ ਨਹੀਂ ਰੱਖ ਸਕਦਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਹਮੇਸ਼ਾ ਦੇਸ਼ ਸਬੰਧੀ ਦਰਪੇਸ਼ ਖਤਰਿਆਂ ਦੀ ਜਾਣਕਾਰੀ ਹੁੰਦੀ ਹੈ ਅਤੇ ਸ਼੍ਰੀ ਸਵਾਮੀ ਨੂੰ ਪ੍ਰਾਜੈਕਟ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਡੀ. ਐੱਸ. ਜੀ. ਐੱਮ. ਸੀ. ਦੇ ਪ੍ਰਧਾਨ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਇਹ ਸਿਰਫ ਗੁਰੂ ਨਾਨਕ ਦੇਵ ਜੀ ਦਾ ਆਸ਼ੀਰਵਾਦ ਹੈ, ਜਿਸ ਸਦਕਾ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰਾਜੈਕਟ ਵੱਲ ਤੁਰੀਆਂ ਹਨ। ਉਨ੍ਹਾਂ ਕਿਹਾ ਕਿ ਇਹ ਲਾਂਘਾ ਲੋਕਾਂ ਨੂੰ ਉਸ ਗੁਰੂ ਨਾਨਕ ਸਾਹਿਬ ਦੇ ਸਥਾਨ ਦੇ ਦਰਸ਼ਨ ਕਰਵਾਏਗਾ, ਜਿਨ੍ਹਾਂ ਨੇ ਲੋਕਾਂ ਨੂੰ ਸਰਬ ਸਾਂਝੀਵਾਲਤਾ ਤੇ ਇਕ ਹੀ ਈਸ਼ਵਰ ਦੀ ਸੰਤਾਨ ਹੋਣ ਦਾ ਉਪਦੇਸ਼ ਦਿੱਤਾ।
ਸਿਰਸਾ ਨੇ ਕਿਹਾ ਕਿ ਸਿੱਖ ਭਾਈਚਾਰਾ ਤੇ ਸਾਰੇ ਅਮਨ ਪਸੰਦ ਲੋਕ ਸ਼੍ਰੀ ਸਵਾਮੀ ਵੱਲੋਂ ਗੈਰ-ਜ਼ਿੰਮੇਵਾਰਾਨਾ ਬਿਆਨ ਦੇਣ ਦੀ ਜ਼ੋਰਦਾਰ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਪ੍ਰਾਜੈਕਟ ਦੇ ਖਿਲਾਫ ਇਕ ਸ਼ਬਦ ਵੀ ਬਰਦਾਸ਼ਤ ਨਹੀਂ ਕਰਾਂਗੇ, ਜਿਸ ਦੇ ਪੂਰਾ ਹੋਣ ਦੀਆਂ ਅਰਦਾਸਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਸ਼ਵ ਭਰ ਵਿਚ ਵਸਦੇ ਲੱਖਾਂ ਸ਼ਰਧਾਲੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੇ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਨੇ ਸਵਾਮੀ ਨੂੰ ਸਲਾਹ ਦਿੱਤੀ ਕਿ ਉਹ ਕਿਸੇ ਵੀ ਭਾਈਚਾਰੇ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਉਸ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰ ਲਿਆ ਕਰਨ।