ਪਾਕਿਸਤਾਨ 'ਚ ਲਾਂਘੇ 'ਤੇ ਕੰਮ ਸ਼ੁਰੂ, ਕਰਤਾਰਪੁਰ ਸਾਹਿਬ ਜਾਣਾ ਹੋਵੇਗਾ ਸੌਖਾ

Thursday, Dec 06, 2018 - 09:48 AM (IST)

ਪਾਕਿਸਤਾਨ 'ਚ ਲਾਂਘੇ 'ਤੇ ਕੰਮ ਸ਼ੁਰੂ, ਕਰਤਾਰਪੁਰ ਸਾਹਿਬ ਜਾਣਾ ਹੋਵੇਗਾ ਸੌਖਾ

ਇਸਲਾਮਾਬਾਦ, (ਏਜੰਸੀਆਂ)— ਪਾਕਿਸਤਾਨ ਕਰਤਾਰਪੁਰ ਸਾਹਿਬ ਲਾਂਘੇ ਲਈ ਆਪਣੇ ਹਿੱਸੇ ਦੀ ਜ਼ਮੀਨ 'ਚ ਨਿਰਮਾਣ ਕਾਰਜ ਆਰੰਭ ਕਰਨ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਨੈਰੋਵਾਲ ਜ਼ਿਲੇ 'ਚ ਪੈਂਦੇ ਕਰਤਾਰਪੁਰ ਸਾਹਿਬ 'ਚ ਲਾਂਘੇ ਦੀ ਉਸਾਰੀ ਲਈ ਭਾਰੀ ਮਸ਼ੀਨਾਂ ਅਤੇ ਬੱਜਰੀ, ਸੀਮੈਂਟ ਆਦਿ ਪਹੁੰਚਾ ਦਿੱਤਾ ਗਿਆ ਹੈ। ਇਹ ਲਾਂਘਾ ਕਰਤਾਰਪੁਰ 'ਚ ਗੁਰਦੁਆਰਾ ਦਰਬਾਰ ਸਾਹਿਬ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਨਾਲ ਜੋੜੇਗਾ।

ਭਾਰਤ ਵੱਲੋਂ ਗੁਰਦਾਸਪੁਰ 'ਚ ਡੇਰਾ ਬਾਬਾ ਨਾਨਕ 'ਚ ਨੀਂਹ ਪੱਥਰ ਰੱਖਣ ਮਗਰੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 28 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ। ਜਾਣਕਾਰੀ ਮੁਤਾਬਕ, ਇਸ ਨਿਰਮਾਣ ਲਈ ਸੰਬੰਧਤ ਕੰਪਨੀ ਨੇ ਭਾਰੀ ਮਸ਼ੀਨਰੀ ਅਤੇ ਕੱਚਾ ਮਾਲ ਕਰਤਾਰਪੁਰ 'ਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਗੁਰਦੁਆਰੇ ਤੋਂ ਸਰਹੱਦ ਤਕ 4.5 ਕਿਲੋਮੀਟਰ ਦੀ ਸੜਕ ਦੀ ਉਸਾਰੀ ਸ਼ੁਰੂ ਕਰ ਦਿੱਤੀ ਹੈ। ਇਸ ਪ੍ਰਾਜੈਕਟ ਤਹਿਤ ਰਾਵੀ ਦਰਿਆ 'ਤੇ ਇਕ ਪੁਲ ਦਾ ਵੀ ਨਿਰਮਾਣ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ, ਪੁਲ ਦੇ ਨਿਰਮਾਣ ਦਾ ਕੰਮ ਆਉਣ ਵਾਲੇ ਕੁਝ ਦਿਨਾਂ 'ਚ ਆਰੰਭ ਹੋ ਜਾਵੇਗਾ।

ਸ੍ਰੀ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਸਾਂਝੇ ਲਾਂਘੇ ਦੀ ਉਸਾਰੀ ਦਾ ਕੰਮ ਦੋ ਪੜਾਵਾਂ 'ਚ ਖਤਮ ਕੀਤਾ ਜਾਵੇਗਾ। 4.5 ਕਿਲੋਮੀਟਰ ਲੰਬੇ ਰਸਤੇ 'ਤੇ ਪੱਕੀ ਸੜਕ ਬਣਾਉਣ ਲਈ ਕੱਚੇ ਰਸਤੇ 'ਤੇ ਨਿਸ਼ਨਾਦੇਹੀ ਕੀਤੀ ਜਾ ਚੁੱਕੀ ਹੈ। ਰਸਤੇ 'ਤੇ ਝੰਡੀਆਂ ਲਗਾਈਆਂ ਗਈਆਂ ਹਨ ਅਤੇ ਆਰਜ਼ੀ ਗੇਟ ਬਣਾ ਲਿਆ ਗਿਆ ਹੈ।

ਕਿਹਾ ਜਾ ਰਿਹਾ ਹੈ ਕਿ ਦੋ-ਤਿੰਨ ਦਿਨਾਂ ਤਕ ਪੱਕੀ ਸੜਕ ਬਣਾਉਣ ਲਈ ਕੰਮ ਸ਼ੁਰੂ ਹੋ ਜਾਵੇਗਾ। ਅਧਿਕਾਰੀਆਂ ਮੁਤਾਬਕ ਸਰਹੱਦੀ ਟਰਮੀਨਲ ਅਤੇ 629 ਮੀਟਰ ਚੌੜੇ ਦਰਿਆ ਰਾਵੀ  'ਤੇ ਪੁਲ ਦੀ ਉਸਾਰੀ ਸ਼ੁਰੂ ਹੋਣ ਦੇ ਨਾਲ-ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ 'ਚ ਪਾਕਿ ਪੁੱਜਣ ਵਾਲੇ ਸ਼ਰਧਾਲੂਆਂ ਲਈ ਸਰਾਂ, ਹੋਟਲ, ਉਡੀਕ ਘਰ, ਇਮੀਗ੍ਰੇਸ਼ਨ ਤੇ ਸਿਹਤ ਸੇਵਾਵਾਂ ਕੇਂਦਰ ਆਦਿ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਇਨ੍ਹਾਂ ਤਿਆਰੀਆਂ ਨਾਲ ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਦੇਖੀ ਜਾ ਸਕਦੀ ਹੈ।


Related News