ਕਰਤਾਰਪੁਰ ਲਾਂਘਾ : ਪਾਕਿ ਵਲੋਂ ਲਾਏ ਟੈਕਸ ਮਾਮਲੇ ਨੂੰ ਮੋਦੀ ਕੋਲ ਚੁੱਕਣਗੇ ਕੈਪਟਨ

09/23/2019 6:29:34 PM

ਜਲੰਧਰ,(ਧਵਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ 'ਤੇ ਲਾਏ ਗਏ ਸੇਵਾ ਟੈਕਸ ਦਾ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਚੁੱਕਣਗੇ । ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ 'ਤੇ ਸੇਵਾ ਟੈਕਸ ਲਾਇਆ ਹੋਇਆ ਹੈ, ਇਸ ਨੂੰ ਲੈ ਕੇ ਮੁੱਖ ਮੰਤਰੀ ਪਹਿਲਾਂ ਹੀ ਪ੍ਰਧਾਨ ਮੰਤਰੀ ਨੂੰ ਖ਼ਤ ਲਿਖ ਚੁੱਕੇ ਹਨ ।

ਸਰਕਾਰੀ ਤਰਜਮਾਨ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਪ੍ਰਧਾਨ ਮੰਤਰੀ ਨਾਲ ਹੋਣ ਵਾਲੀ ਆਪਣੀ ਅਗਲੀ ਮੀਟਿੰਗ 'ਚ ਸਿੱਖ ਸ਼ਰਧਾਲੂਆਂ 'ਤੇ ਲਗਾਏ ਗਏ ਜਜ਼ੀਏ ਦੇ ਮਾਮਲੇ ਨੂੰ ਚੁੱਕਣਗੇ । ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਲਈ ਇਹ ਸੇਵਾ ਟੈਕਸ ਲਾਉਣਾ ਜਾਇਜ਼ ਨਹੀਂ ਹੈ। ਕੈਪਟਨ ਨੇ ਪਹਿਲਾਂ ਹੀ ਵਿਦੇਸ਼ ਮੰਤਰੀ ਨੂੰ ਬੇਨਤੀ ਕੀਤੀ ਹੋਈ ਹੈ ਕਿ ਉਹ ਪਾਕਿਸਤਾਨ ਦੇ ਨਾਲ ਹੋਣ ਵਾਲੀ ਅਗਲੀ ਦੁੱਵਲੀ ਮੀਟਿੰਗ 'ਚ ਇਸ ਮਾਮਲੇ ਬਾਰੇ ਵਿਚਾਰ ਕਰਨ ਕਿਉਂਕਿ ਸ੍ਰੀ ਕਰਤਾਰਪੁਰ ਸਾਹਿਬ ਗੁਰੂਦੁਆਰੇ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਲੱਖਾਂ 'ਚ ਹੋਣੀ ਹੈ । ਸਿੱਖ ਭਾਈਚਾਰਾ ਮੰਗ ਕਰ ਰਿਹਾ ਹੈ ਕਿ ਇਸ ਸੇਵਾ 'ਤੇ ਟੈਕਸ ਨਹੀਂ ਲੱਗਣਾ ਚਾਹੀਦਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਦੇਖਦੇ ਹੋਏ ਪਾਕਿਸਤਾਨ ਸਰਕਾਰ ਨੂੰ ਪੰਜਾਬੀਆਂ ਦੇ ਜਜ਼ਬਿਆਂ ਦਾ ਸਤਿਕਾਰ ਕਰਦੇ ਹੋਏ ਇਹ ਸੇਵਾ ਟੈਕਸ ਵਾਪਸ ਲੈਣਾ ਚਾਹੀਦਾ ਹੈ । ਇਸ ਨੂੰ ਲੈ ਕੇ ਭਾਰਤ 'ਚ ਸਖ਼ਤ ਵਿਰੋਧ ਹੋ ਰਿਹਾ ਹੈ । ਕੈਪਟਨ ਨੇ ਬੀਤੇ ਦਿਨੀਂ ਹੀ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਜਾਇਜ਼ਾ ਲਿਆ ਸੀ । ਉਹ ਡੇਰਾ ਬਾਬਾ ਨਾਨਕ ਵੀ ਗਏ ਸਨ, ਜਿੱਥੇ ਪੰਜਾਬੀਆਂ ਨੇ ਇਹ ਮਾਮਲਾ ਮੁੱਖ ਮੰਤਰੀ ਕੋਲ ਚੁੱਕਿਆ ਸੀ । ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ 20 ਡਾਲਰ ਸੇਵਾ ਟੈਕਸ ਲਾਉਣ ਦਾ ਐਲਾਨ ਕੀਤਾ ਹੋਇਆ ਹੈ।


Related News