ਲਹਿੰਦੇ ਪੰਜਾਬ 'ਚ ਵੀ ਕਰਤਾਰਪੁਰ ਲਾਂਘੇ ਨੂੰ ਲੈ ਕੇ 'ਚੜ੍ਹਿਆ ਚਾਅ'
Tuesday, Nov 27, 2018 - 05:29 PM (IST)

ਜਲੰਧਰ (ਜਸਬੀਰ ਵਾਟਾਂਵਾਲੀ)— ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੀ ਸ਼ੁਰੂਆਤ ਨੇ ਜਿੱਥੇ ਚੜ੍ਹਦੇ ਪੰਜਾਬ 'ਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਉਥੇ ਹੀ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਵੀ ਇਸ ਲਾਂਘੇ ਨੂੰ ਲੈ ਕੇ ਚਾਅ ਚੜ੍ਹੇ ਹੋਏ ਹਨ। ਕਰਤਾਰਪੁਰ ਸਾਹਿਬ ਦਾ ਸਬੰਧ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਣ ਕਾਰਨ ਸਿੱਖ ਭਾਈਚਾਰੇ 'ਚ ਇਸ ਨੂੰ ਲੈ ਕੇ ਉਤਸ਼ਾਹ ਪੈਦਾ ਹੋਣਾ ਸੁਭਾਵਿਕ ਹੈ। ਇਸ ਦੇ ਨਾਲ-ਨਾਲ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਸੁਆਗਤ ਦੋਹਾਂ ਦੇਸ਼ਾਂ ਦੇ ਬਹੁਤ ਸਾਰੇ ਸ਼ਾਤੀਂ ਪਸੰਦ ਲੋਕਾਂ ਨੇ ਵੀ ਕੀਤਾ। ਭਾਵੇਂ ਕਿ ਚੜ੍ਹਦੇ ਪੰਜਾਬ 'ਚ ਇਸ ਲਾਂਘੇ ਦਾ ਕਰੈਡਿਟ ਲੈਣ ਦੇ ਚੱਕਰ 'ਚ ਘਟੀਆ ਸਿਆਸਤ ਦਾ ਮੁਜ਼ਾਹਰਾ ਵੀ ਦੇਖਣ ਨੂੰ ਮਿਲਿਆ ਪਰ ਇਸ ਦੇ ਬਾਵਯੂਦ ਇਹ ਲਾਂਘਾ ਦੋਹਾਂ ਦੇਸ਼ਾਂ ਦੀ ਨੇੜਤਾ ਅਤੇ ਨਿੱਘੇ ਰਿਸ਼ਤਿਆਂ ਦੀ ਉਮੀਦ ਲੈ ਕੇ ਸਾਡੇ ਸਾਹਮਣੇ ਖੜ੍ਹਾ ਹੈ।
ਹਿੰਦੁਸਤਾਨ ਇਕ ਕਦਮ ਅੱਗੇ ਵਧੇਗਾ ਤਾਂ ਅਸੀਂ ਦੋ ਕਦਮ ਅੱਗੇ ਵਧਾਂਗੇ : ਇਮਰਾਨ ਖਾਨ
ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੇ ਭਾਰਤ ਵੱਲੋਂ ਮਿਲੇ ਹਾਂ-ਪੱਖੀ ਹੁੰਗਾਰੇ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਖੁਸ਼ੀ ਦਾ ਪ੍ਰਗਟਾਵਾ ਕੁਝ ਇਸ ਤਰ੍ਹਾਂ ਕੀਤਾ। ਉਨ੍ਹਾਂ ਕਿਹਾ ਕਿ ''ਜੇਕਰ ਹਿੰਦੁਸਤਾਨ ਦੀ ਸਰਕਾਰ ਤਿਆਰ ਹੈ ਤਾਂ ਅਸੀਂ ਵੀ ਬਿਲਕੁਲ ਤਿਆਰ ਹਾਂ, ਜੇਕਰ ਹਿੰਦੁਸਤਾਨ ਦੀ ਸਰਕਾਰ ਇਕ ਕਦਮ ਅੱਗੇ ਵਿਧਾਏਗੀ ਤਾਂ ਅਸੀਂ ਦੋ ਕਦਮ ਅੱਗੇ ਵਧਾਵਾਂਗੇ।
ਇਮਰਾਨ ਦੀ ਇਸ ਟਿੱਪਣੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ''ਖਾਨ ਸਾਹਿਬ ਨੇ ਕਿਹਾ ਕਿ ਤੁਸੀਂ ਇਕ ਕਦਮ ਅੱਗੇ ਵਧੋ ਅਤੇ ਅਸੀਂ ਦੋ ਕਦਮ ਅੱਗੇ ਆਵਾਂਗੇ, ਇਹ ਬਿਆਨ ਹੀ ਬਹੁਤ ਕੁਝ ਆਖ ਜਾਂਦਾ ਹੈ, ਕਈ ਵਾਰ ਸਾਗਰ ਗਾਗਰ 'ਚ ਪੈ ਜਾਂਦਾ ਹੈ, ਬਾਬਾ ਨਾਨਕ ਸਾਹਿਬ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਵਾਲਾ ਲਾਂਘਾ ਖੁੱਲ੍ਹਣਾ ਬਹੁਤ ਵੱਡੀ ਗੱਲ ਹੈ। ਮੈਨੂੰ ਕਾਇਨਾਤ 'ਚ ਸਭ ਕੁਝ ਈ ਮਿਲ ਗਿਆ ਹੈ, ਮਤਲਬ ਇਕ ਲਾਈਨ 'ਚ ਏਨਾ ਕੁਝ ਮੈਨੂੰ ਦੇ ਗਏ।''
ਕਰਤਾਰਪੁਰ ਵਰਗਾ ਕੋਈ ਹੋਰ ਸਥਾਨ ਨਹੀਂ : ਗਿਆਨੀ ਗੋਬਿੰਦ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਕਰਤਾਰਪੁਰ ਸਾਹਿਬ
ਲਾਂਘਾ ਖੋਲ੍ਹੇ ਜਾਣ ਦੀ ਖੁਸ਼ੀ 'ਚ ਲਹਿੰਦੇ ਪੰਜਾਬ 'ਚ ਵੱਸਦੇ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਨੇ ਕਿਹਾ ਕਿ ਤੁਸੀਂ ਲੋਕ ਆਜ਼ਾਦ ਹੋ, ਤੁਸੀਂ ਲੋਕ ਆਜ਼ਾਦ ਰਹੋ। ਇਸ ਮੁਲਕ ਪਾਕਿਸਤਾਨ 'ਚ ਆਪਣੀ-ਆਪਣੀ ਇਬਾਦਤ ਗਾਹ, ਮਸਜਿਦਾਂ-ਮੰਦਰਾਂ 'ਚ ਜਾਣ ਲਈ, ਪਰਚਮ-ਏ-ਸਿਤਾਰ-ਏ-ਹਿਲਾਲ 'ਚ ਚਿੱਟਾ ਰੰਗ ਘੱਟ ਗਿਣਤੀਆਂ (ਅਕਲੀਅਤਾਂ) ਨੂੰ ਜ਼ਾਹਰ ਕਰਦਾ ਏ, ਸ਼ਾਇਰ-ਏ-ਮਸ਼ਰਿਕ ਅੱਲਾਮਾ ਇਕਬਾਲ ਨੇ ਬਾਨੀ-ਏ-ਸਿੱਖ ਮੱਤ ਜਨਾਬ ਬਾਬਾ ਗੁਰੂ ਨਾਨਕ ਸਾਹਿਬ ਹੋਰਾਂ ਲਈ ਕਿਹਾ ਸੀ;
''ਆਸ਼ਕਾਰ ਉਸ ਨੇ ਕੀਆ ਜੋ ਜ਼ਿੰਦਗੀ ਕਾ ਰਾਜ਼ ਥਾ, ਹਿੰਦ ਕੁ ਲੇਕਿਨ ਖ਼ਿਆਲੀ ਫ਼ਲਸਫ਼ਾ ਪਰ ਨਾਜ਼ ਥਾ''
ਪਾਕਿਸਤਾਨ ਦੇ ਕੋਨੇ-ਕੋਨੇ ਬਿਲਖਸੂਸ ਪੰਜਾਬ 'ਚ ਸਿੱਖ ਬਰਾਦਰੀ ਅਮਨ ਅਤੇ ਸਕੂਨ ਨਾਲ ਰਹਿ ਰਹੀ ਹੈ ਅਤੇ ਇਨ੍ਹਾਂ ਦੇ ਵੱਖ-ਵੱਖ ਗੁਰੂਦਵਾਰੇ ਸਾਰੇ ਪਾਕਿਸਤਾਨ 'ਚ ਕਈ ਸਦੀਆਂ ਤੋਂ ਮੌਜੂਦ ਹਨ। ਉਨ੍ਹਾਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਵੀ ਹਕੂਮਤ ਦੀ ਹੈ ਪਰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਜੋ ਕਿ ਭਾਰਤ ਗਰਦਾਸਪੁਰ ਬਾਰਡਰ ਦੇ ਨੇੜੇ ਅਤੇ ਲਾਹੌਰ ਤੋਂ 120 ਕਿਲੋਮੀਟਰ ਦੂਰ ਤਹਿਸੀਲ ਸ਼ੁਕਰਗੜ੍ਹ ਦੇ ਜ਼ਿਲਾ ਨਾਰੋਵਾਲ 'ਚ ਸਥਿਤ ਹੈ, ਕਾਫੀ ਖਾਸ ਅਹਿਮੀਅਤ ਦਾ ਰੱਖਦਾ ਹੈ। ਕੋਈ ਏਦਾਂ ਦਾ ਮੁਕਾਮ ਕਰਤਾਰਪੁਰ ਸਾਹਿਬ ਤੋਂ ਇਲਾਵਾ ਨਹੀਂ ਹੈ, ਜਿਸ ਨੂੰ ਉਨ੍ਹਾਂ ਨਾਂ ਦਿੱਤਾ ਹੋਵੇ। ਕੋਈ ਏਦਾਂ ਦਾ ਮੁਕਾਮ ਨਹੀਂ ਹੈ, ਜਿੱਥੇ ਉਹ 18 ਸਾਲ ਜਾਂ ਇਸ ਤੋਂ ਜ਼ਿਆਦਾ ਰਹੇ ਹੋਣ। ਇਸ ਦੇ ਨਾਲ-ਨਾਲ ਇਹ ਵਾਹਿਦ ਮੁਕਾਮ ਹੈ, ਜਿੱਥੋਂ ਬਾਬਾ ਜੀ ਨੇ ਚਲਾਣਾ ਕੀਤਾ।
ਅਗਲਾ ਇਤਿਹਾਸ ਇਹ ਹੈ ਕਿ ਇਥੇ ਸਿੱਖ ਧਰਮ ਦੇ ਜੋ ਦੂਜੇ ਗੁਰੂ ਬਣੇ ਸਨ, ਉਨ੍ਹਾਂ ਬਾਬਾ ਨਾਨਕ ਜੀ ਦੀ 7 ਸਾਲ ਸੇਵਾ ਕੀਤੀ ਸੀ ਅਤੇ ਉਸ ਦਾ ਮੁਤਬਾਦਲ ਸਾਨੂੰ ਕਿਤੇ ਨਹੀਂ ਮਿਲ ਸਕਦਾ, ਅੱਗੇ ਵਾਲਾ ਇਤਿਹਾਸ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਗੁਰੂ ਗੱਦੀ ਅਤੇ ਆਪਣੀ ਜ਼ਿੰਮੇਵਾਰੀ 18 ਸਤੰਬਰ 1539 ਨੂੰ ਦੂਜੇ ਗੁਰੂ ਸਾਹਿਬ ਨੂੰ ਸੌਂਪ ਕੇ ਸਿੱਖਾਂ ਦਾ ਦੂਜਾ ਗੁਰੂ ਬਣਾਇਆ, ਜਿਸ ਦਾ ਮੁਤਬਾਦਲ ਸਾਨੂੰ ਕਿਤੇ ਨਹੀਂ ਮਿਲ ਸਕਦਾ। ਜਿੱਥੇ ਇੰਡੀਆ ਵਾਲਿਆਂ ਨੇ ਦਰਸ਼ਨੀ ਅਸਥਾਨ ਕਰਤਾਰਪੁਰ ਸਾਹਿਬ ਬਣਾਇਆ ਹੋਇਆ ਹੈ, ਉਥੇ ਖੜ੍ਹੇ ਹੋ ਕੇ ਜਦੋਂ ਉਹ ਕਰਤਾਰਪੁਰ ਸਾਹਿਬ ਦੇ ਮਨ ਕਰਕੇ ਦਰਸ਼ਨ ਕਰਦੇ ਹਨ ਤਾਂ ਉਨ੍ਹਾਂ ਦੇ ਅਹਿਸਾਸਾਂ ਨੂੰ ਬਿਆਨ ਕਰਨਾ ਔਖਾ ਹੈ।
ਪਾਕਿਸਤਾਨ ਹਕੂਮਤ ਨੇ ਇਸ ਤਰ੍ਹਾਂ ਵੱਟੀ ਤਿਆਰੀ
ਇਸ ਸਬੰਧੀ ਪੱਤਰਕਾਰ ਬਾਬਰ ਜਲੰਧਰੀ ਨੇ ਪਾਕਿਸਤਾਨ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਬਾਰੇ ਲਿਖਿਆ ਹੈ ਕਿ ਹਕੂਮ-ਏ-ਪਾਕਿਸਤਾਨ ਨੇ ਵਧੀਆ ਹੁਕਮ-ਏ-ਅਮਲੀ ਅਪਣਾਉਂਦੇ ਹੋਏ ਗੁਰਦਆਰਾ ਕਰਤਾਰਪੁਰ ਸਾਹਿਬ ਦੀ ਕਾਰ ਸੇਵਾ ਅਤੇ ਬਾਰਡਰ ਤੋਂ ਗੁਰਦੁਆਰਾ ਤੱਕ ਬਿਨਾ ਵੀਜ਼ਾ ਖਸੂਸੀ ਪਰਮਿਟ ਦੇ ਜ਼ਰੀਏ ਆਉਣ ਲਈ ਮਨਸੂਬਾ ਬੰਦੀ ਕੀਤੀ ਹੈ। ਇਸ ਮਨਸੂਬੇ ਦੇ ਜ਼ਰੀਏ ਪਹਿਲੀ ਮਰਹਲੇ 'ਚ ਬਾਰਡਰ ਨੇੜੇ ਬਾਰਡਰ ਟਰਮੀਨਲ ਦੀ ਤਾਮੀਰ, ਰਾਵੀ ਦੇ ਅਤੇ ਪੁਲ ਦੀ ਤਾਮੀਰ ਗੁਰਦੁਆਰਿਆਂ ਦੀ ਕਾਰ ਸੇਵਾ ਤੋਂ ਇਲਾਵਾ ਅਹਾਤੇ 'ਚ ਜ਼ਰੂਰੀ ਸਹੂਲਤਾਂ ਦੀ ਫਰਾਹਮੀ ਸ਼ਾਮਲ ਹੈ। ਦੂਜੇ ਮਰਹਲੇ 'ਚ ਵੀਜ਼ਾ ਦੇ ਜ਼ਰੀਅਏ ਅਪੜਨ ਵਾਲੇ ਯਾਤਰੀਆਂ ਲਈ ਹੋਟਲ, ਯਾਤਰੀ ਨਿਵਾਸ ਤਾਮੀਰ ਕੀਤੇ ਜਾਵਣਗੇ।
ਬਾਰਡਰ ਟਰਮੀਨਲ ਤੱਕ ਯਾਤਰੀਆਂ ਲਈ ਪੈਦਲ ਅਤੇ ਆਪਣੀ ਜ਼ਾਤੀ ਗੱਡੀਆਂ 'ਤੇ ਆਣ ਜਾਣ ਦੀ ਸਹੂਲਤ ਵੀ ਦਿੱਤੀ ਜਾਵੇਗੀ। ਬਾਰਡਰ ਟਰਮੀਨਲ 'ਚ ਗੱਡੀਆਂ ਦੀ ਪਾਰਕਿੰਗ ਤੋਂ ਇਲਾਵਾ ਇੰਮੀਗ੍ਰੇਸ਼ਨ, ਮੈਡੀਕਲ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ, ਪਰਮਿਟ ਹਾਸਲ ਕਰਨ ਤੋਂ ਬਾਅਦ ਯਾਤਰੀਆਂ ਨੂੰ ਟਰਾਂਸਪੋਰਟ ਜ਼ਰੀਏ ਗੁਰਦੁਆਰਾ ਸਾਹਿਬ ਦੀ ਮਖ਼ਸੂਸ ਪਾਰਕਿੰਗ ਤੱਕ ਅਪੜਾਇਆ ਜਾਵੇਗਾ। ਗੁਰਦੁਆਰੇ ਦੇ ਨਾਲ ਜੁੜੀ ਪਾਰਕਿੰਗ 'ਚ ਪਰਮਿਟ 'ਤੇ ਆਉਣ ਵਾਲੇ ਯਾਤਰੀਆਂ ਨੂੰ ਬਾਕਾਇਦਾ ਬਾਈਓ ਮੀਟ੍ਰਿਕ ਤੋਂ ਬਾਅਦ ਯਾਤਰੀ ਗੁਰਦੁਆਰੇ 'ਚ ਦਾਖਲ ਹੋ ਕੇ ਦਿੱਤੇ ਗਏ ਵਕਤ 'ਚ ਮੁਕੰਮਲ ਆਜ਼ਾਦੀ ਨਾਲ ਧਾਰਮਿਕ ਰਸਮਾਂ ਪੂਰੀਆਂ ਕਰ ਸਕਣਗੇ। 22 ਨਵੰਬਰ 2018 ਨੂੰ ਹਕੁਮ-ਏ-ਪਾਕਿਸਤਾਨ ਦੇ ਮਜ਼ੱਵਜ਼ਾ ਮਨਸੂਬੇ ਤੇ ਅਕਦਾਮਾਤ ਨੂੰ ਸਿਰਾ ਹੁੰਦੇ ਹੋਏ ਭਾਰਤੀ ਹਕੂਮਤ ਨੇ ਵੀ ਕਰਤਾਰਪੁਰ ਰਾਹਦਾਰੀ ਦਾ ਬਾਕਾਇਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਯਾਤਰੀਆਂ ਨੂੰ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਦੀ ਸਹੂਲਤ ਮਿਲੇਗੀ ਅਤੇ ਉਨ੍ਹਾਂ ਦਾ ਇਕ ਪੁਰਾਣਾ ਮੁਤਾਲਬਾ ਪੂਰਾ ਹੋ ਜਾਵੇਗਾ।