ਕਰਨਾਟਕ ''ਚ 224 ''ਚੋਂ 90 ਸੀਟਾਂ ''ਤੇ ਹਾਰ-ਜਿੱਤ ਮੁਸਲਿਮ ਭਾਈਚਾਰੇ ਦੇ ਹੱਥਾਂ ''ਚ

04/12/2018 7:03:09 AM

ਜਲੰਧਰ (ਧਵਨ) - ਕਰਨਾਟਕ 'ਚ ਕੁਲ 224 ਵਿਧਾਨ ਸਭਾ ਦੀਆਂ ਸੀਟਾਂ 'ਚੋਂ 90 ਸੀਟਾਂ 'ਤੇ ਹਾਰ-ਜਿੱਤ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਹੱਥਾਂ 'ਚ ਰਹੇਗੀ। ਕਰਨਾਟਕ ਦੇ ਚੋਣ ਗਣਿਤ ਨੂੰ ਜੇਕਰ ਦੇਖਿਆ ਜਾਵੇ ਤਾਂ ਸੂਬੇ 'ਚ ਮੁਸਲਿਮ ਆਬਾਦੀ ਲੱਗਭਗ 16 ਫੀਸਦੀ ਹੈ। ਸਿਆਸੀ ਆਬਜ਼ਰਵਰਾਂ ਦਾ ਮੰਨਣਾ ਹੈ ਕਿ 30 ਸ਼ਹਿਰੀ ਸੀਟਾਂ ਸਿੱਧੇ ਤੌਰ 'ਤੇ ਮੁਸਲਿਮ ਭਾਈਚਾਰੇ ਦੀਆਂ ਵੋਟਾਂ 'ਤੇ ਨਿਰਭਰ ਕਰਦੀਆਂ ਹਨ। ਮੁਸਲਿਮ ਭਾਈਚਾਰੇ ਦੇ ਲੋਕ ਜਿਸ ਨੂੰ ਵੀ ਆਪਣੀ ਵੋਟ ਦੇਣਗੇ, ਉਸ ਪਾਰਟੀ ਦੀ ਜਿੱਤ ਤੈਅ ਮੰਨੀ ਜਾਏਗੀ। ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਿੰਗ 12 ਮਈ ਨੂੰ ਹੋਣੀ ਹੈ। ਮੁਸਲਿਮ ਭਾਈਚਾਰੇ ਨੂੰ ਲੁਭਾਉਣ ਲਈ ਕਾਂਗਰਸ, ਜਨਤਾ ਦਲ (ਸੈਕੂਲਰ) ਤੇ ਭਾਜਪਾ ਤਿੰਨੋਂ ਹੀ ਪਾਰਟੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ 26 ਮੁਸਲਿਮ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ ਜਿਸ 'ਚੋਂ 10 ਉਮੀਦਵਾਰ ਵਿਧਾਇਕ ਬਣਨ 'ਚ ਸਫਲ ਹੋਏ ਸਨ।
ਸਿਆਸੀ ਆਬਜ਼ਰਵਰਾਂ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਮੌਜੂਦਾ ਮੁੱਖ ਮੰਤਰੀ ਸਿੱਧਰਮੱਈਆ ਨੂੰ ਘੱਟਗਿਣਤੀ ਹਿਤੈਸ਼ੀ ਮੁੱਖ ਮੰਤਰੀ ਦੇ ਤੌਰ 'ਤੇ ਚੋਣ ਮੈਦਾਨ 'ਚ ਉਤਾਰਿਆ ਹੋਇਆ ਹੈ। ਭਾਜਪਾ ਦੂਜੇ ਪਾਸੇ ਦਾਅਵਾ ਕਰ ਰਹੀ ਹੈ ਕਿ ਉਸ ਦੀਆਂ ਨੀਤੀਆਂ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਣ ਦੀਆਂ ਹਨ। ਦੂਜੇ ਪਾਸੇ ਜੇ. ਡੀ. ਐੱਸ. ਦਾ ਦਾਅਵਾ ਹੈ ਕਿ ਮੁਸਲਿਮ ਭਾਈਚਾਰਾ ਉਸ ਦਾ ਸਾਥ ਦੇਵੇਗਾ। ਮੌਜੂਦਾ ਸਿਆਸੀ ਵਾਤਾਵਰਣ ਨੂੰ ਦੇਖਿਆ ਜਾਵੇ ਤਾਂ ਮੁਸਲਿਮ ਭਾਈਚਾਰੇ ਦਾ ਝੁਕਾਅ ਜ਼ਿਆਦਾਤਰ ਕਾਂਗਰਸ ਵੱਲ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਜੇ. ਡੀ. ਐੱਸ. ਵੀ ਮੁਸਲਿਮ ਭਾਈਚਾਰੇ ਵੱਲ ਕੁਝ ਵੋਟਾਂ ਲੈਣ 'ਚ ਸਫਲ ਰਹੇਗੀ। ਭਾਜਪਾ ਵੀ ਮੁਸਲਿਮ ਭਾਈਚਾਰੇ 'ਤੇ ਡੋਰੇ ਪਾ ਰਹੀ ਹੈ ਪਰ ਇਸ ਦੇ ਬਾਵਜੂਦ ਮੁਸਲਿਮ ਭਾਈਚਾਰਾ ਮੁੱਖ ਮੰਤਰੀ ਸਿੱਧਰਮੱਈਆ ਸਰਕਾਰ ਵਲੋਂ ਪਿਛਲੇ 5 ਸਾਲਾਂ 'ਚ ਅਪਣਾਈਆਂ ਗਈਆਂ ਨੀਤੀਆਂ ਨਾਲ ਸਹਿਮਤ ਦਿਖਾਈ ਦੇ ਰਿਹਾ ਹੈ। ਮੁਸਲਿਮ ਭਾਈਚਾਰੇ ਦੇ ਇਲਾਵਾ ਸਿੱਧਰਮੱਈਆ 'ਤੇ ਜੈਨ, ਈਸਾਈ, ਦਲਿਤ ਤੇ ਹੋਰ ਪੱਛੜੇ ਵਰਗ ਦੇ ਲੋਕ ਵੀ ਦੁਬਾਰਾ ਦਾਅ ਖੇਡਦੇ ਦੱਸੇ ਜਾ ਰਹੇ ਹਨ।


Related News