''ਕੋਰੋਨਾ ਵਾਇਰਸ'' ਨੇ ਪਾਇਆ ਅੜਿੱਕਾ, ਟੁੱਟਿਆ ਪੰਜਾਬੀ ਨੌਜਵਾਨ ਦਾ ਖਾਸ ਸੁਪਨਾ
Wednesday, Mar 11, 2020 - 10:21 AM (IST)
ਮੋਹਾਲੀ (ਨਿਆਮੀਆਂ) : ਪੂਰੀ ਦੁਨੀਆ 'ਚ ਹਾਹਾਕਾਰ ਮਚਾਉਣ ਵਾਲੇ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਵੱਡੀ ਗਿਣਤੀ 'ਚ ਲੋਕ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ। ਇਸ ਵਾਇਰਸ ਕਾਰਨ ਜਿੱਥੇ ਹਰੇਕ ਤਰ੍ਹਾਂ ਨਾਲ ਕੰਮ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਕੋਰੋਨਾ ਵਾਇਰਸ ਕਾਰਨ ਮੋਹਾਲੀ ਦੇ ਰਹਿਣ ਵਾਲੇ ਕਰਮਵੀਰ ਸਿੰਘ ਦਾ ਖਾਸ ਸੁਪਨਾ ਟੁੱਟ ਗਿਆ। ਅਸਲ 'ਚ ਕਰਮਵੀਰ ਸਿੰਘ ਸਾਈਕਲ 'ਤੇ ਵਰਲਡ ਟੂਰ 'ਤੇ ਨਿਕਲਿਆ ਸੀ ਪਰ ਕੋਰੋਨਾ ਵਾਇਰਸ ਕਾਰਨ ਉਸ ਨੂੰ ਵਾਪਸ ਭਾਰਤ ਮੁੜਨਾ ਪਿਆ।
ਸਾਈਕਲ 'ਤੇ ਸ਼ੁਰੂ ਕੀਤਾ ਸੀ ਵਰਲਡ ਟੂਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਕਰਮਵੀਰ ਸਿੰਘ ਸਾਈਕਲ 'ਤੇ ਵਰਲਡ ਟੂਰ ਲਈ ਨਿਕਲਿਆ ਸੀ। ਕਰਮਵੀਰ ਨੂੰ 4 ਦੇਸ਼ਾਂ ਦੀ ਯਾਤਰਾ ਪੂਰੀ ਕਰਨ ਤੋਂ ਬਾਅਦ ਬੈਂਕਾਕ ਤੋਂ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ ਪਰ ਉਸ ਨੇ ਹਾਰ ਨਹੀਂ ਮੰਨੀ ਹੈ। ਕਰਮਵੀਰ ਦਾ ਕਹਿਣਾ ਹੈ ਕਿ ਉਹ ਅਗਲੇ 10 ਦਿਨਾਂ ਤੱਕ ਕੋਰੋਨਾ ਵਾਇਰਸ ਦੇ ਹਾਲਾਤ 'ਤ ਨਜ਼ਰ ਰੱਖੇਗਾ ਅਤੇ ਇਸ ਤੋਂ ਬਾਅਦ ਦੁਬਾਰਾ ਆਪਣੀ ਯਾਤਰਾ ਸ਼ੁਰੂ ਕਰੇਗਾ।
ਯਾਤਰਾ 'ਚ ਕਾਫੀ ਕੁਝ ਸਿੱਖਣ ਨੂੰ ਮਿਲਿਆ
ਕਰਮਵੀਰ ਸਿੰਘ ਦਾ ਕਹਿਣਾ ਹੈ ਕਿ ਇਹ ਸਿਰਫ ਉਸ ਦਾ ਇਕ ਪੈਸ਼ਨ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਤੱਕ ਆਪਣਾ ਵਰਲਡ ਟੂਰ ਪੂਰਾ ਕਰ ਸਕੇ। ਇਸ ਟੂਰ 'ਚ ਉਸ ਦਾ ਕੋਈ ਆਰਥਿਕ ਮਦਦਗਾਰ ਨਹੀਂ ਹੈ ਅਤੇ ਉਹ ਸਾਰਾ ਖਰਚਾ ਖੁਦ ਹੀ ਚੁੱਕ ਰਿਹਾ ਹੈ। ਕਰਮਵੀਰ ਨੇ ਅਜੇ ਤੱਕ 34 ਦਿਨਾਂ ਦਾ ਟੂਰ ਕੀਤਾ ਹੈ ਪਰ ਇਸ ਯਾਤਰਾ 'ਚ ਉਸ ਨੂੰ ਕਾਫੀ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ, ਜੋ ਜ਼ਿੰਦਗੀ ਭਰ ਉਸ ਦੇ ਕੰਮ ਆਵੇਗਾ। ਇਸ ਟੂਰ 'ਚ ਉਸ ਨੂੰ ਇਹ ਵੀ ਅਹਿਸਾਸ ਹੋਇਆ ਕਿ ਸਰਹੱਦਾਂ ਸਿਰਫ 2 ਦੇਸ਼ਾਂ ਦੇ ਵਿਚਕਾਰ ਹੋ ਸਕਦੀਆਂ ਹਨ, ਲੋਕਾਂ ਵਿਚਕਾਰ ਨਹੀਂ।
ਕੰਪਨੀ ਤੋਂ ਲਈ 300 ਦਿਨ ਦੀ ਛੁੱਟੀ
ਦੱਸਿਆ ਜਾ ਰਿਹਾ ਹੈ ਕਿ ਕਰਮਵੀਰ ਸਿੰਘ ਨੇ ਇਸ ਟੂਰ ਲਈ ਆਪਣੀ ਕੰਪਨੀ ਤੋਂ 300 ਦਿਨ ਦੀ ਛੁੱਟੀ ਲਈ ਸੀ। ਉਸ ਨੇ ਆਪਣਾ ਸਫਰ 2 ਫਰਵਰੀ ਨੂੰ ਮੋਹਾਲੀ ਤੋਂ ਸਾਈਕਲ 'ਤੇ ਸ਼ੁਰੂ ਕੀਤਾ ਸੀ। ਉਹ ਭਾਰਤ ਤੋਂ ਸਿੱਧਾ ਨੇਪਾਲ ਪੁੱਜਿਆ। ਇਸ ਤੋਂ ਬਾਅਦ ਮਿਆਂਮਾਰ ਹੁੰਦੇ ਹੋਏ ਉਸ ਨੇ ਥਾਈਲੈਂਡ 'ਚ ਐਂਟਰ ਕੀਤਾ ਅਤੇ ਇੱਥੇ ਤੱਕ ਸਭ ਕੁਝ ਸਹੀ ਚੱਲ ਰਿਹਾ ਸੀ। ਨਿਯਮਾਂ ਮੁਤਾਬਕ ਅਜਿਹੀ ਯਾਤਰਾ ਕਰਦੇ ਹੋਏ ਉਸ ਨੇ ਜਿਸ ਦੇਸ਼ 'ਚ ਐਂਟਰ ਕਰਨਾ ਹੁੰਦਾ ਹੈ, ਉੱਥੇ ਜਾ ਕੇ ਉਸ ਨੇ ਭਾਰਤੀ ਦੂਤਘਰ ਦੇ ਅਧਿਕਾਰੀਆਂ ਨਾਲ ਮਿਲਣਾ ਹੁੰਦਾ ਹੈ। ਜਦੋਂ ਉਹ ਬੈਂਕਾਕ ਸਥਿਤ ਭਾਰਤੀ ਦੂਤਘਰ ਪੁੱਜਿਆ ਤਾਂ ਅਧਿਕਾਰੀਆਂ ਨੇ ਉਸ ਦਾ ਸੁਆਗਤ ਕੀਤਾ। ਕਰਮਵੀਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਵਰਲਡ ਟੂਰ 'ਤੇ ਨਿਕਲਿਆ ਹੈ ਅਤੇ ਉਸ ਨੇ ਮਲੇਸ਼ੀਆ ਹੁੰਦੇ ਹੋਏ ਸਿੰਗਾਪੁਰ ਜਾਣਾ ਹੈ
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਵਾਇਰਸ ਦੀ ਦਸਤਕ, ਮੁੱਢਲੀ ਰਿਪੋਰਟ 'ਚ 2 ਮਰੀਜ਼ ਪਾਜ਼ੇਟਿਵ (ਵੀਡੀਓ)
ਉਸ ਨੇ ਅਧਿਕਾਰੀਆਂ ਨੂੰ ਆਪਣੇ ਟੂਰ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ ਪਰ ਅਧਿਕਾਰੀਆਂ ਨੇ ਉਸ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਹਾਲਾਤ ਬੇਹੱਦ ਨਾਜ਼ੁਕ ਹਨ ਅਤੇ ਜਿਨ੍ਹਾਂ ਦੇਸ਼ਾਂ 'ਚ ਉਸ ਦਾ ਟੂਰ ਹੈ, ਉੱਥੇ ਕੋਰੋਨਾ ਵਾਇਰਸ ਦਾ ਜ਼ਿਆਦਾ ਖਤਰਾ ਹੈ। ਅਜਿਹੇ 'ਚ ਉਹ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਮੁਹੱਈਆ ਨਹੀਂ ਕਰਵਾ ਸਕਦੇ। ਇਸ ਲਈ ਉਸ ਨੂੰ ਵਾਪਸ ਆਪਣੇ ਦੇਸ਼ ਜਾਣਾ ਪਵੇਗਾ। ਇਹ ਸੁਣ ਕੇ ਕਰਮਵੀਰ ਨੂੰ ਬਹੁਤ ਦੁੱਖ ਹੋਇਆ ਪਰ ਜੋ ਨਿਰਦੇਸ਼ ਅਧਿਕਾਰੀਆਂ ਨੇ ਦਿੱਤੇ ਸਨ, ਉਨ੍ਹਾਂ ਦਾ ਉਸ ਨੇ ਪੂਰਾ ਪਾਲਣ ਕੀਤਾ। ਇਸ ਤੋਂ ਬਾਅਦ ਉਹ ਫਲਾਈਟ ਰਾਹੀਂ ਵਾਪਸ ਭਾਰਤ ਆ ਗਿਆ।