ਜਗਬਾਣੀ ਸਾਹਿਤ ਵਿਸ਼ੇਸ਼ : ਪੰਜਾਬ ਦੇ ਦੁਆਬੇ ਖਿੱਤੇ ਦਾ ਲੋਕ ਨਾਇਕ ਕਰਮਾ ਡਾਕੂ

Thursday, Apr 23, 2020 - 10:01 AM (IST)

ਜਗਬਾਣੀ ਸਾਹਿਤ ਵਿਸ਼ੇਸ਼ : ਪੰਜਾਬ ਦੇ ਦੁਆਬੇ ਖਿੱਤੇ ਦਾ ਲੋਕ ਨਾਇਕ ਕਰਮਾ ਡਾਕੂ

ਕਰਮਾ ਡਾਕੂ : ਸਫਾ -1

1947 ਦੇ ਦੌਰ ਵਿਚ ਕਰਮੇ ਡਾਕੂ ਦੀ ਚੜ੍ਹਦੇ ਪੰਜਾਬ ਦੇ ਮੰਜਕੀ ਅਤੇ ਲਹਿੰਦੇ ਪੰਜਾਬ ਦੀ ਸਾਂਦਲ ਬਾਰ ਵਿਚ ਬੜੀ ਧੁੰਮ ਸੀ। ਇਹ ਕਰਮਾ ਡਾਕੂ ਉਰਫ ਕਰਮ ਸਿੰਘ ਸੰਧੂ ਜੱਟ ਸਿੱਖ ਕਰੀਬ 1906-07 ਵਿਚ ਸ. ਚੂੜ ਸਿੰਘ ਦੇ ਘਰ ਪਿੰਡ ਸਰੀਂਹ ਤਹਸੀਲ ਨਕੋਦਰ ਜ਼ਿਲਾ ਜਲੰਧਰ ਪੱਤੀ ਡੱਫਰ ਵਿਚ ਜਨਮਿਆਂ। ਇਸ ਦੇ ਹੋਰ ਭਰਾ ਸੀ- ਅਰਜਣ ਸਿੰਘ ਅਤੇ ਨਰੈਣਾ ਉਰਫ ਨਰੈਣ ਸਿੰਘ। ਚਰਨੂ ਉਰਫ ਚਰਨ ਸਿੰਘ ਅਤੇ ਪੂਰਨ ਸਿੰਘ ਪੁਤਰਾਨ ਕੇਹਰ ਸਿੰਘ ਸੰਧੂ ਇਹ ਦੋਹੇਂ ਸਕੇ ਭਰਾ, ਸ. ਸੁੰਦਰ ਸਿੰਘ ਸੰਧੂ ਉਰਫ ਸੋਨੀ ( ਕਿਆਂ) ਦਾ ਕਰਤਾਰ ਸਿੰਘ ਉਰਫ ਕਰਤਾਰਾ (ਜਨਮ ਸਾਲ 1911) ਪੁੱਤਰ ਸ. ਲਾਲ ਸਿੰਘ ਅਤੇ ਜਥੇਦਾਰ ਪ੍ਰੀਤਮ ਸਿੰਘ ਦਾ ਭਰਾ ਖੁਸ਼ੀਆ, ਕਰਮੇ ਦੇ ਮਿਤੱਰ ਚਾਰਿਆਂ ’ਚੋਂ ਸਨ। ਕਿਸੇ ਝਗੜੇ ਨੂੰ ਲੈ ਕੇ ਚਰਨੂ ਅਤੇ ਪੂਰਨ ਨੇ ਖੁਸ਼ੀਏ ਦੇ ਬਾਪ ਪਾਲ ਸਿੰਘ ਦਾ 1940 ਵਿਆਂ ਦੇ ਨੇੜ-ਤੇੜ ’ਚ ਕਤਲ ਕਰ ਦਿੱਤਾ ਅਤੇ ਦੋਵੇਂ ਰੂਪੋਸ਼ ਹੋ ਗਏ। ਉਪਰੰਤ ਇਹ ਸਾਰਾ ਟੋਲਾ ਹੀ ਲਾਇਲਪੁਰ ਬਾਰ ਦੇ ਇਲਾਕੇ ਵਿਚ ਚਲੇ ਗਿਆ। ਪਰ ਇਨ੍ਹਾਂ ਦਾ ਦੂਸਰਾ ਸਾਥੀ ਖੁਸ਼ੀਆ ਇਧਰ ਹੀ ਇਕ ਹੋਰ ਕੇਸ ਵਿਚ ਉੱਗੀ-ਚਿੱਟੀਓਂ ਗ੍ਰਿਫਤਾਰ ਹੋ ਕੇ ਜੇਲ ਚਲਾ ਗਿਆ। ਪਿੰਡ ਪੀਰਪੁਰ ਨਜਦੀਕ ਚੱਕ ਵੇਂਡਲ (ਨਕੋਦਰ) ਤੋਂ ਪੰਜਾਬ ਪਰਿਵਾਰ ਕੇ ਬਜ਼ੁਰਗ ਦੱਸਦੇ ਹਨ ਕਿ ਸੰਨ 1940 ਵਿਆਂ ਦੇ ਕਰੀਬ ਬਾਰ ਜਾਣ ਤੋਂ ਪਹਿਲਾਂ ਕਰਮਾ ਡਾਕੂ ਮਾਰ ਧਾੜ ਕਰਕੇ ਇਧਰ ਪੀਰਪੁਰ ਸਾਡੇ ਬਿਲਕੁਲ ਗੁਆਂਡੀ ਚੱਕਾਂ ਵਾਲੇ ਚੇਤੂ ਕੇ ਖੁਹ ਅਤੇ ਬੇਂਈ ਵੱਲ ਚੱਕਾਂ ਵਾਲੇ ਬਾਨੇ ਕਿਆਂ ਦੇ ਖੂਹ ’ਤੇ ਵੀ ਰਾਤ ਕਟੀ ਕਰਦਾ ਰਿਹਾ ਹੈ। 

ਠੇਕੇਦਾਰ ਹਰਭਜਨ ਸਿੰਘ ਚੌਹਾਨ ਪੁੱਤਰ ਮੰਗਲ ਵਾਸੀ ਸਰੀਂਹ (ਜਨਮ 1932) ਬੋਲਦੇ ਹਨ ਕਿ  ਇਕ ਫਲਾਨਾ ਸਿੰਘ (ਫਰਜੀ ਨਾਮ) ਸੀ ਬੰਦਾ। ਉਸਦੀ ਪਤਨੀ ਦੀ ਮੌਤ ਹੋ ਗਈ । ਉਪਰੰਤ ਉਹ ਮਾਲਵਾ ਦੇਸ਼ ਤੋਂ ਆਪਣੀ ਸਾਲੀ ਵਿਆਹ ਲਿਆਇਆ। ਉਸ ਦੇ ਘਰ ਇਕ ਗੈਰ ਮਰਦ ਦਾ ਆਉਣ ਜਾਣ ਸੀ। ਜਿਸ ਕਾਰਨ ਮੀਆਂ ਬੀਵੀ ਵਿਚਕਾਰ ਝਗੜਾ ਰਹਿਣ ਲੱਗਾ। ਗੱਲ ਜਦੋਂ ਜ਼ਿਆਦਾ ਵੱਧ ਗਈ ਤਾਂ ਉਹ ਗੈਰ ਮਰਦ ਕਰਮੇ ਡਾਕੂ ਅਤੇ ਨਾਲ 1-2 ਹੋਰ ਸਾਥੀਆਂ ਨੂੰ ਲੈ ਕੇ ਫਲਾਨਾ ਸਿੰਘ ਦੇ ਘਰ ਦੇ ਬਾਹਰ ਪਹੁੰਚੇ । ਝਗੜਾ ਜ਼ਿਆਦਾ ਵੱਧ ਜਾਣ ’ਤੇ ਕਰਮੇ ਨੇ ਗੋਲੀ ਚਲਾ ਦਿੱਤੀ, ਜਿਸ ਕਾਰਨ ਫਲਾਨਾ ਸਿੰਘ ਦੀ ਘਰ ਵਾਲੀ ਮਾਰੀ ਗਈ। ਪਰ ਇਹ ਖਬਰ ਸਪੱਸ਼ਟ ਨਹੀਂ ਹੈ। ਜਦਕਿ ਲੋਕਾਂ ਵਿਚ ਇਹ ਪ੍ਰਭਾਵ ਸੀ ਕਿ ਫਲਾਨਾ ਸਿੰਘ ਨੇ ਆਪਣੀ ਘਰਵਾਲੀ ਦਾ ਕਤਲ ਖੁਦ ਹੀ ਕਰਕੇ ਦੋਸ਼ ਕਰਮੇ ’ਤੇ ਮੜ੍ਹ ਦਿੱਤਾ। ਪੁਲਸ ਮਗਰ ਪੈ ਗਈ। ਬਸ ਇਸੇ ਹੀ ਕਤਲ ਦੇ ਇਲਜ਼ਾਮ ਨੇ ਕਰਮੇ ਨੂੰ ਭਗੌੜਾ/ਡਾਕੂ ਬਣਾ ਦਿੱਤਾ।  -   - ਤੇ ਉਹ ਆਪਣੇ ਹੋਰ ਹਮ ਰਾਹ ਸਾਥੀਆਂ ਨਾਲ ਸਾਂਦਲ ਬਾਰ ਵਿਚ ਚਲਾ ਗਿਆ।

PunjabKesari

ਉਧਰਲੇ ਲਾਇਲਪੁਰ ਦੇ ਨਵਾਂ ਸਰੀਂਹ ਪਿੰਡ ਵਿਚ ਇਸੇ ਸਰੀਂਹ ਦੇ ਜਿੰਮੀਦਾਰ ਅਤੇ ਹੋਰ ਕਾਮੇ ਆਬਾਦ ਸਨ। ਉਧਰ ਉਸ ਦੀ ਕਾਫੀ ਦਹਿਸ਼ਤ ਅਤੇ ਚਰਚਾ ਰਹੀ। ਉਹ ਹਮੇਸ਼ਾਂ ਹੀ ਆਪਣੀ ਡੱਬ ਵਿਚ ਪਿਸਤੌਲ ਰੱਖਦਾ ਸੀ। ਬਜ਼ੁਰਗਾਂ ਮੁਤਾਬਕ ਜਿਸ ਕਰਕੇ ਰੌਲਿਆਂ ’ਚ ਉਸ ਦੇ ਡਰੋਂ ਪਿੰਡ ਉਪਰ ਬਾਹਰੀ ਹਮਲਾ ਨਹੀਂ ਹੋਇਆ। ਉਧਰਲੇ ਸਰੀਂਹ ਉਸ ਦਾ ਬਹੁਤਾ ਆਉਣ ਜਾਣ ਕਰਨਲ ਅਜੀਤ ਸਿੰਘ ਸੰਧੂ (ਜਨਮ 1924) ਜੱਦੀ ਪਿੰਡ ਸਰੀਂਹ ਹਾਲ ਆਬਾਦ ਪਿੰਡ ਮਾਲੜੀ-ਨਕੋਦਰ) ਪੁੱਤਰ ਬਸ਼ਿਨ ਸਿੰਘ ਪੁੱਤਰ ਬੂਟਾ ਸਿੰਘ ਕੇ ਘਰ/ਖੂਹ ’ਤੇ ਰਿਹਾ ਅਤੇ ਜਾਂ ਉਧਰ ਗੰਗਾ ਸਿੰਘ ਦੀ ਬੈਠਕ ’ਤੇ ਜਾਂ ਫਿਰ ਚਰਨੂ ਕਾ ਘਰ ਉਸ ਦੀ ਠਾਹਰ ਹੁੰਦੀ ਸੀ ਜਥੇ ਉਹ ਅਕਸਰ ਤਾਸ਼, ਜੂਆ ਖੇਡਿਆ ਅਤੇ ਸ਼ਰਾਬ ਪੀਆ ਕਰਦੇ ਸਨ। ਉਥੇ ਵੀ ਉਸ ਦੀ ਮੰਡਲੀ ਨੇ ਉਪਰੋਕਤ ਦਰਜ ਕਰਨਲ ਅਜੀਤ ਸਿੰਘ ਦੇ ਵੱਡੇ ਭਾਈ ਪਰੇਮ ਸਿੰਘ ਦਾ ਕਤਲ ਕਰ ਦਿੱਤਾ ਸੀ, ਜੋ ਨਕੋਦਰ ਦੇ ਮਸ਼ਹੂਰ ਡਾ: ਗੁਵਿੰਦਰ ਸਿੰਘ ਸੰਧੂ ਦੇ ਸਕੇ ਤਾਇਆ ਜੀ ਸਨ। ਇਹ ਵਾਰਿਆ 1944 ਦੀ ਦੀਵਾਲੀ ਦੇ ਦੂਜੇ ਦਿਨ ਗੰਗਾ ਸਿੰਘ ਦੀ ਹੀ ਬੈਠਕ ਦਾ ਹੈ। ਉਸ ਵਕਤ ਚਰਨੂੰ, ਜੋ ਕਰਨਲ ਅਜੀਤ ਸਿੰਘ ਦੇ ਸਰੀਕੇ ’ਚੋਂ ਲਗਦੇ ਤਾਇਆ ਜੀ ਸ.ਕੇਹਰ ਸਿੰਘ, ਜੋ ਤਦੋਂ ਆਸਟਰੇਲੀਆ ਗਏ ਹੋਣ ਕਰਕੇ ਪਿੰਡ ਵਿਚ 'ਟੇਲੀਆ' ਵਾਲੇ ਵਜਦੇ ਸਨ, ਦਾ ਪੁੱਤਰ ਸੀ। ਉਹ ਕਰਦੇ ਦੇ ਨਾਲ ਹੀ ਸੀ।

ਪੜ੍ਹੋ ਇਹ ਵੀ ਖਬਰ - CIPT ਖੇਤੀਬਾੜੀ ਖੋਜ ਸੰਸਥਾ ਵੰਡ ਰਹੀ ਹੈ ਕਿਸਾਨਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ 

ਦਰਅਸਲ ਇਹ ਕੰਮ ਚਰਨੂੰ ਕਰਕੇ ਹੀ ਹੋਇਆ ਸੀ, ਕਿਉਂਕਿ ਤਦੋਂ ਤੋਂ ਕੁਝ ਸਮਾਂ ਪਹਿਲਾਂ ਚਰਨੂੰ ਦੇ ਗਲੀ ਵਿਚ ਗੇੜੇ ਮਾਰਨ ਤੋਂ ਪਰੇਮ ਸਿੰਘ ਨੇ ਖਫਾ ਹੋ ਕੇ ਉਸ ਨੂੰ ਵਰਜਿਆ ਸੀ। ਕਰਨਲ ਅਜੀਤ ਸਿੰਘ ਹੋਰੀਂ ਦਸਦੇ ਨੇ "ਬਾਰ ਦੇ ਨਵਾਂ ਸਰੀਂਹ ਵਿਚ ਇਕ ਸਾਧੂ ਸਿੰਘ ਸੰਘੇੜਾ ਨਾਮੇ ਮੁਖਬਰ ਸੀ, ਜੋ ਕਰਮੇ ਡਾਕੂ ਦੀ ਮੁਖਬਰੀ ਵੀ ਕਰਦਾ ਸੀ। ਇਸ ਦੇ ਛੋਟੇ ਭਰਾ ਦਾ ਨਾਮ ਵੀ ਪਰੇਮ ਸਿੰਘ ਸੀ, ਜਿਸ ਦਿਨ ਇਹ ਵਾਕਿਆ ਹੋਇਆ, ਉਸ ਦਿਨ ਗੰਗਾ ਸਿੰਘ ਦੀ ਬੈਠਕ ਵਿਚ ਖਿੜਕੀ ਦੇ ਸਾਹਮਣੇ ਮੰਜੇ ਉਪਰ ਉਨ੍ਹਾਂ ਦਾ ਭਰਾ ਪਰੇਮ ਸਿੰਘ, ਉਨ੍ਹਾਂ ਦੀ ਮਾਸੀ ਦਾ ਬੇਟਾ ਜਸਵੰਤ ਸਿੰਘ ਅਤੇ ਚਰਨੂੰ ਵਗੈਰਾ ਬੈਠੈ ਹੋਏ ਸਨ। ਚਰਨੂ ਬਹਾਨਾ ਬਣਾ ਕੇ ਮੰਜੇ ਤੋਂ ਉਠ ਖੜਾ ਹੋਇਆ। ਉਸ ਇਸ਼ਾਰਾ ਕਰਕੇ ਜਸਵੰਤ ਨੂੰ ਵੀ ਸਾਹਮਣੇ ਮੰਜੇ ’ਤੇ ਬੈਠਣ ਲਈ ਕਿਹਾ ਅਤੇ ਨਾਲ ਹੀ ਬਾਹਰ ਖਿੜਕੀ ਪਾਸ ਖੜੇ ਕਰਮੇ ਦੇ ਬਾਡੀ ਗਾਰਡ ਨੂੰ ਇਸ਼ਾਰਾ ਕਰਤਾ। ਉਸ ਨੇ ਮੇਰੇ ਭਰਾ ਪਰੇਮ ਸਿੰਘ ਨੂੰ ਧੌਣ ਵਿਚ ਗੋਲੀ ਮਾਰ ਕੇ ਮਾਰਤਾ। ਇਹ ਗੰਨ ਮੈਨ ਭਗੌੜਾ ਫੌਜੀ ਸੀ, ਜਿਸ ਨੇ ਲੰਬੀ ਦੁਨਾਲੀ ਅੱਗਿਓ ਕੱਟ ਕੇ ਬੈਰਲ ਗੰਨ ਬਣਾਈ ਹੋਈ ਸੀ। ਇਸ ਪਿੱਛੇ ਕਾਰਨ ਉਹੀ ਚਰਨੂੰ ਨੂੰ ਗਲ਼ੀ ਵਿਚੋਂ ਗੇੜੇ ਮਾਰਨ ’ਤੇ ਰੋਕਣਾ ਹੀ ਸੀ।

ਚਰਨੂ ਦੀ ਇਸ ਪਿੱਛੇ ਚਾਲ ਸੀ ਕਿ ਉਸ ਨੇ ਧੋਖੇ ਨਾਲ ਬਾਡੀ ਗਾਰਡ ਨੂੰ ਮੇਰੇ ਭਾਈ ਪਰੇਮ ਸਿੰਘ ਨੂੰ ਮੁਖਬਰ ਸਾਧੂ ਸਿੰਘ ਦਾ ਭਰਾ ਪਰੇਮ ਸਿੰਘ ਹੈ, ਕਹਿ ਕੇ ਮਰਵਾਇਆ। ਕਰਮਾ ਠੀਕ ਉਸ ਤੋਂ ਕੁਝ ਸਮਾਂ ਪਹਿਲਾਂ ਕਿਹਰ ਸਿੰਘ ਦੀ ਬੈਠਕ ਵਿਚ ਆਪਣੀ ਪੱਗ ਰੱਖਣ ਚਲਿਆ ਗਿਆ ਸੀ। ਉਸੇ ਦਿਨ ਸਵੇਰ ਵੇਲੇ ਕਰਮਾ ਡਾਕੂ ਅਤੇ ਉਸ ਦੇ ਸਾਥੀ ਪਹਿਲਾਂ ਸਾਡੇ ਖੂਹ ’ਤੇ ਗਏ ਫਿਰ ਕਰਮਾ 'ਕੱਲਾ ਹੀ ਸਾਡੇ ਘਰ ਆਇਆ ਅਤੇ ਮੇਰੇ ਵੱਡੇ ਭਾਈ ਪਰੇਮ ਸਿੰਘ ਦੇ ਬੱਚਿਆਂ ਨੂੰ 1-1 ਰੁ: ਪਿਆਰ ਦੇ ਕੇ ਗਿਆ। ਉਪਰੰਤ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੈਂਦੇ ਮੇਰੀ ਮਾਸੀ/ਮਾਸੜ ਰਜਿੰਦਰ ਸਿੰਘ/ਦਲੀਪ ਕੌਰ ਦੇ ਘਰ ਉਸ ਦੇ ਬੇਟੇ ਜਸਵੰਤ ਸਿੰਘ ਪਾਸ ਬੈਠੇ ਰਹੇ। ਫਿਰ ਚਰਨੂ ਕੇ ਘਰ ਜੂਆ ਖੇਡਦੇ ਰਹੇ। ਦੁਪਹਿਰ ਢਲੇ ਗੰਗਾ ਸਿੰਘ ਦੀ ਬੈਠਕ ਵਿਚ ਗਲਾਸੀ ਲਾਉਣ ਲਈ ਇਕੱਠੇ ਹੋਏ ਸਨ। ਉਪਰੰਤ ਕਰਮੇ ਨੇ ਆ ਕੇ ਚਰਨੂ ਨੂੰ ਲੱਖ ਲਾਅਣਤ ਪਾਈ ਕਿ ਤੂੰ ਇਹ ਕਾਰਾ ਕਿਉਂ ਕੀਤਾ ਹੈ।

PunjabKesari

ਕਹਿ ਉਸ ਕਿ ਇਹ ਤਾਂ ਅਪਣੀ ਭਰੋਸੇ ਯੋਗ ਪੱਕੀ ਠਾਹਰ ਸੀ। ਇਹ ਕਰਮਾ ਡਾਕੂ ਚੜ੍ਹਦੇ 1946 ਵਿਚ ਤਦੋ ਥਾਣਾ ਵੱਡਾ ਘਰ ਤਹਿਸੀਲ ਨਨਕਾਣਾ ਸਾਹਿਬ ਵਿਖੇ ਬੜੇ ਪਿੰਡੀਆਂ (ਗੁਰਾਇਆਂ) ਦੇ ਡੇਰੇ ਤੇ ਪੁਲਸ ਨੇ ਕਿਸੇ ਮੁਖਬਰ ਦੀ ਸੂਹ ’ਤੇ ਖੂਹ ’ਤੇ ਨਹਾਉਂਦਾ ਦਬੋਚ ਕੇ ਮਾਰ ਮੁਕਾਇਆ। ਦਬੋਚਣ ਤੋਂ ਪਹਿਲਾਂ ਥਾਣੇਦਾਰ ਨੇ ਪੁੱਛਿਆ ਕਿ ਕਰਮਾ ਹੈਂ? ਤਾਂ ਕਰਮੇ ਨੇ ਕਿਹਾ ਨਹੀਂ ਜੀ ਹੁਣ ਤਾਂ ਨਿਕਰਮਾ ਹਾਂ"।

ਸ. ਅਜੀਤ ਸਿੰਘ ਸੰਧੂ (ਜਨਮ ਸਾਲ 1933) ਜੋ ਉਪਰੋਕਤ ਦਰਜ ਕਰਤਾਰ ਸਿੰਘ ਦੇ ਸਕੇ ਛੋਟੇ ਭਾਈ ਹਨ-ਬੋਲਦੇ ਹਨ ਕਿ 1940 ਵਿਆਂ ਤੋਂ ਪਹਿਲਾਂ ਕਰਮਾ ਸਰੀਂਹ-ਨਕੋਦਰ ਆਪਣੇ ਜੱਦੀ ਪਿੰਡ ਵਿਚ ਵਾਸ ਕਰਦਿਆਂ ਕਾਲਾ ਸੰਘਿਆਂ ਪਿੰਡ ਵਿਚ, ਜਿੱਥੇ ਦੋ ਗਰੁਪਾਂ ਵਿਚ ਲੰਬੇ ਸਮੇ ਤੋਂ ਭਰਾ ਮਾਰੂ ਜੰਗ ਚੱਲ ਰਹੀ ਸੀ, ਵਿਚ ਇਕ ਗਰੁਪ ਦੀ ਹਮਾਇਤ ’ਤੇ ਜਾਇਆ ਕਰਦਾ ਸੀ। ਬਾਰ ਵਿਚ ਆਬਾਦ ਨਵਾਂ ਸਰੀਂਹ ਅਤੇ ਪੁਰਾਣਾ ਸਰੀਂਹ ਦੇ ਆਸਪਾਸ ਇਕ ਮੁਸਲਮਾਨ ਚੌਧਰੀ ਨੂੰ ਮਾਰਨ ਦੀ ਸੁਪਾਰੀ ਕਿਸੇ ਮੁਸਲਮਾਨ ਚੌਧਰੀ ਨੇ ਕਰਮੇ ਹੋਰਾਂ ਨੂੰ ਦੇਣੀ ਕੀਤੀ। ਉਸ ਪਿੰਡ ਦਾ ਨਾਮ ਤਾਂ ਯਾਦ ਨਹੀਂ ਪਰ ਉਹ ਕਹਾਣੀ ਇੰਝ ਹੈ-ਕਿ ਮੇਰਾ ਭਰਾ ਕਰਤਾਰਾ ਉਸ ਮੁਸਲਿਮ ਚੌਧਰੀ ਦੀ ਹਵੇਲੀ ਵਿਚ ਉਸ ਨੂੰ ਮਾਰਨ ਲਈ ਅੰਦਰ ਚਲਾ ਗਿਆ। ਕਰਮਾ ਅਤੇ ਉਸ ਦਾ ਸਾਥੀ ਬਾਹਰ ਖੜੇ ਰਹੇ। ਮੁਸਲਿਮ ਚੌਧਰੀ ਅਪਣੇ ਬਚਾ ਲਈ ਇਕ ਵੱਡੇ ਕੌਲ਼ੇ ਦੁਆਲੇ ਘਝਾਨੀਆਂ ਦੇਣ ਲੱਗ ਪਿਆ। ਕਰਤਾਰੇ ਨੇ ਪਿਸਤੌਲ ਨਾਲ ਫਾਇਰ ਕੀਤਾ ਤਾਂ ਉਹ ਮਿਸ ਹੋ ਗਿਆ। ਤਦੋਂ ਮੁਸਲਿਮ ਨੇ ਦਾਅ ਖੇਡਦਿਆਂ ਕਰਤਾਰੇ ਦੇ ਬਰਛਾ ਕੱਢ ਮਾਰਿਆ। ਕਰਤਾਰਾ ਬਾਹਰ ਵੱਲ ਭੱਜਾ ਅਤੇ ਕਰਮੇ ਹੋਰਾਂ ਪਾਸ ਜਾ ਕੇ ਡਿੱਗ ਪਿਆ।

ਉਨ੍ਹਾਂ ਯਤਨ ਕੀਤਾ ਕਿ ਉਸ ਨੂੰ ਘੋੜੀ ’ਤੇ ਚੜ੍ਹਾ ਲਿਆ ਜਾਏ ਪਰ ਉਹ ਚੁੱਕਿਆ ਨਾ ਜਾਏ। ਓਧਰ ਪਿੰਡ ’ਚ ਰੌਲ਼ਾ ਪੈਣ ’ਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਕਰਤਾਰੇ ਨੇ ਵਾਸਤਾ ਪਾਇਆ ਕਿ ਮੈਨੂੰ ਮੇਰੇ ਹਾਲ ’ਤੇ ਛੱਡ ਜਾਓ ਅਤੇ ਆਪਣੀ ਜਾਨ ਬਚਾਓ। ਕਰਮੇ ਨੇ ਹਵਾ ਵਿਚ ਦੋ ਫਾਇਰ ਕੀਤੇ ਅਤੇ ਆਪਣੇ ਸਾਥੀ ਨਾਲ ਘੋੜੀ ’ਤੇ ਸਵਾਰ ਹੋ ਕੇ ਰਾਤ ਦੇ ਹਨੇਰੇ ’ਚ ਫਰਾਰ ਹੋ ਗਿਆ। ਕਰਤਾਰਾ ਜ਼ਖਮਾਂ ਦੀ ਤਾਬ ਨਾ ਝੱਲਦਿਆਂ, ਉਸੇ ਰਾਤ ਮਰ ਗਿਆ। ਪੁਲਸ ਗਈ ਤਾਂ ਲੋਕਾਂ ਬਿਆਨ ਦਿੱਤਾ ਕਿ ਇਹ ਸਾਡਾ ਨੌਕਰ ਸੀ, ਜਿਸ ਨੂੰ ਕਰਮਾ ਡਾਕੂ ਮਾਰ ਗਿਆ। ਮੁਸਲਮਾਨਾਂ ਨੇ ਹੀ ਉਧਰ ਉਸ ਨੂੰ ਦਫਨਾ ਦਿੱਤਾ। ਸ. ਅਜੀਤ ਸਿੰਘ ਮਾਲੜੀ-ਨਕੋਦਰ, ਜੋ 1960-70 ਵਿਆਂ ਦੇ ਆਰ-ਪਾਰ ਕਬੱਡੀ ਦੇ ਮਸ਼ਾਹੂਰ ਖਿਡਾਰੀ /ਕੋਚ ਹੋਏ ਹਨ, ਦੇ ਪਿਤਾ ਸ. ਜਗਤ ਸਿੰਘ, ਜੋ ਕਰਤਾਰਾ ਦੇ ਸਕੇ ਤਾਇਆ ਜੀ ਸਨ, ਬਾਰ ਦੇ ਪੁਰਾਣਾ ਸਰੀਂਹ ਵਿਚ ਰਹਾਇਸ਼ ਰੱਖਦੇ ਸਨ।

ਉਨ੍ਹਾਂ ਨੇ ਆਪਣੇ ਹੋਰ ਭਾਈਚਾਰੇ ਨਾਲ ਮਿਲ ਕੇ ਕਰਤਾਰੇ ਦੇ ਕੇਸ ਦੀ ਕੇਵਲ ਪੈਰਵੀ ਹੀ ਨਹੀਂ ਕੀਤੀ ਸਗੋਂ ਪੁਲਸ ਰਾਹੀਂ ਕਰਤਾਰੇ ਦੇ ਕਤਲ ਉਪਰੰਤ ਉਸ ਦੀ ਫੋਟੋ ਵੀ ਕਰਵਾ ਲਈ ਸੀ। ਉਸ ਨੇ ਕਰਮੇ ਅਤੇ ਉਸਦੇ ਸਾਥੀਆਂ ਨਾਲ ਮਿਲ ਕੇ ਕਰਤਾਰੇ ਦੀ ਦੇਹ ਨੂੰ ਕਬਰ ’ਚੌਂ ਕੱਢ ਕੇ ਸੰਸਕਾਰ ਕਰ ਦਿਤਾ ਸੀ। ਤਦੋਂ ਅਜੀਤ ਸਿੰਘ ਮਾਲੜੀ ਵੀ ਉਧਰ ਬਾਰ ਵਿਚ ਹੀ ਸਨ ਤੇ ਇਧਰ ਜੱਦੀ ਪਿੰਡ ਸਰੀਂਹ-ਨਕੋਦਰ ਵਿਚ ਪੁਲਸ ਨੇ ਦਫਾ 29 ਤਹਿਤ ਸਾਲ ਭਰ ਪੋਲਿਸ ਛਾਉਣੀ ਬਿਠਾਈ ਰੱਖੀ।

ਕਰਮੇ ਡਾਕੂ ਦੇ ਸੁਬਾਓ ਦੇ ਉਲਟ ਉਸ ਦੇ ਪਿਤਾ ਸ. ਚੂੜ ਸਿੰਘ ਅਤੇ ਉਸ ਦੇ ਚਾਚਾ ਸ. ਨਰੈਣ ਸਿੰਘ ਦੀ ਘਾਲ ਕਮਾਈ ਦਾ ਪਿੰਡ ਹਮੇਸ਼ਾਂ ਹੀ ਦੇਣ ਦਾਰ ਰਹੇਗਾ ਕਿ ਉਨ੍ਹਾਂ ਸਿੰਘ ਸਭਾ ਅਤੇ ਗੁਰਦੁਆਰਾ ਸੁਧਾਰ ਲਹਿਰ ਵਿਚ ਵੱਧ ਚੜ੍ਹ ਕੇ ਹਿਸਾ ਲਿਆ। ਸ. ਨਰੈਣ ਸਿੰਘ ਅਤੇ ਇਨ੍ਹਾਂ ਦੇ ਆਰ-ਪਰਿਵਾਰ ’ਚੋਂ ਜਥੇਦਾਰ ਜੀਵਾ ਸਿੰਘ ਹੋਰਾਂ ਨੇ ਬਾਰ ਵਿਚ ਰਹਿੰਦਿਆਂ ਨਨਕਾਣਾ ਸਾਹਿਬ ਦੇ ਮੋਰਚੇ ਵਿਚ ਵੀ ਸਰਗਰਮ ਭੂਮਿਕਾ ਨਿਭਾਈ ਸੀ। ਜੈਤੋ ਦੇ ਮੋਰਚੇ ਸਮੇਂ ਜਦ ਜਥੇ ਦਾ ਇਕ ਰਾਤ ਦਾ ਪੜਾ ਸਰੀਂਹ (ਨਕੋਦਰ) ਪਿੰਡ ਵਿਚ ਹੋਇਆ ਤਾਂ ਪਿੰਡ ਦੀ ਸੰਗਤ ਨੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਸਕੇ ਬਾਬਾ ਜੀ ਸ. ਸਤਨਾਮ ਸਿੰਘ ਹੋਰਾਂ ਦੀ ਦੇਖ ਰੇਖ ਵਿਚ ਖੂਬ ਟਹਿਲ ਸੇਵਾ ਕੀਤੀ। ਸ. ਸਤਨਾਮ ਸਿੰਘ ਵੀ ਜੈਤੋ ਦੇ ਜਥੇ ਦੇ ਨਾਲ ਹੀ ਸ਼ਾਮਲ ਹੋ ਤੁਰੇ ਅਤੇ ਸ਼ਹੀਦੀ ਪਾਈ। ਉਪਰੋਕਤ ਦਰਜ ਕਰਤਾਰੇ ਦਾ ਸਕਾ ਭਰਾ ਸ. ਦੀਦਾਰ ਸਿੰਘ ਗੋਰਾ ਸਰਕਾਰ ਵਲੋਂ ਦੂਜੀ ਆਲਮੀ ਜੰਗ ਵਿਚ ਲੜਦਾ ਹੋਇਆ ਮਿਲਾਨ-ਇਟਲੀ ਵਿਖੇ ਸ਼ਹੀਦ ਹੋਇਆ।

ਬਜ਼ੁਰਗ ਜੋਗਿੰਦਰ ਸਿੰਘ ਪੁੱਤਰ ਬੰਤਾ ਸਿੰਘ ਕੌਮ ਜੱਟ ਸਿੱਖ (ਜਨਮ 1930) ਸਰੀਂਹ ਦੱਸਦੇ ਹਨ ਕਿ ਇਧਰ ਕਰੀਬ 1930 ਵਿਚ ਕਰਮੇ ਦਾ ਝਗੜਾ ਆਚਮਾ ਰਾਮ ਬਰਾਹਮਣ ਦੇ ਪਰਿਵਾਰ ਨਾਲ ਹੋਣ ’ਤੇ ਕੁੱਟ-ਕੁਟਾਪਾ ਹੋ ਗਿਆ ਸੀ। ਜਿਸ ਉਪਰੰਤ ਉਸ ਦਾ ਮੂੰਹ ਖੱਬੇ ਪਾਸੇ ਵੱਲ ਥੋੜਾ ਵਿੰਗਾ ਰਹਿਣ ਲੱਗਾ। ਉਹ ਕੁਰਤਾ-ਚਾਦਰਾ, ਧੌੜੀ ਦੇ ਖੁੱਸੇ ਪਹਿਨਦਾ ਅਤੇ ਲੜ ਛੱਡਵੀ ਦਸਤਾਰ ਬੰਨਦਾ ਸੀ। ਉਸ ਦਾ ਕੱਦ ਦਰਿਆਨਾ ਪਰ ਸਰੀਰ ਨਿੱਗਰ ਅਤੇ ਨਕਸ਼ੋਂ-ਨਿਹਾਰ ਆਕਰਸ਼ਤ ਸਨ। ਉਸ ਨੇ ਵਿਆਹ ਨਹੀਂ ਕਰਵਾਇਆ ਸੀ। ਮੁੱਢਲੇ ਆਧਾਰ ’ਤੇ ਉਹ ਨਾ ’ਤੇ ਡਾਕੂ ਸੀ ਅਤੇ ਨਾ ਹੀ ਕੋਈ ਇੰਨੇ ਕੌੜੇ ਜਾਂ ਮਾੜੇ ਕਿਰਦਾਰ ਦਾ ਬੰਦਾ ਸੀ। ਬੱਸ ਸਮੇਂ ਦੇ ਹਾਲਾਤ ਨੇ ਉਸ ਨੂੰ ਇਹ ਉਪਨਾਮ ਦੇ ਦਿੱਤੇ। ਕਾਸ਼ ਉਹ ਦੁੱਲੇ ਭੱਟੀ ਵਾਂਗ ਕੋਈ ਸਖੀ ਕੰਮ ਕਰ ਜਾਂਦਾ, ਜਿਸ ’ਤੇ ਸਾਡਾ ਪਿੰਡ ਮਾਣ ਕਰਦਾ। 

ਇਕ ਹੋਰ ਬਜ਼ੁਰਗ ਬੋਲਦੇ ਹਨ ਕਿ ਬਾਰ ਵਿਚ ਇਕ ਦਫਾ ਕੋਈ 10-12 ਬੀਬੀਆਂ ਦੀ ਟੋਲੀ ਕਿਧਰੇ ਮਕਾਣ ਦੇ ਰੂਪ ਵਿਚ ਜਾ ਰਹੀ ਸੀ। ਤਦੋਂ ਨਹਿਰ ਦੇ ਪੁਲ਼ ’ਤੇ ਕਰਮਾ ਡਾਕੂ ਭੇਸ ਬਦਲ ਕੇ ਬੈਠਾ ਸੀ। ਇਕ ਸਿਆਣੀ ਔਰਤ ਬੋਲੀ ਕਿ ਕਿਧਰੇ ਕਰਮਾ ਡਾਕੂ ਨਾ ਹੋਵੇ, ਆਪਣੇ ਪੈਸੇ ਅਤੇ ਸੋਨਾ ਲਕੋਅ ਲਉ। ਜਦ ਕਰਮੇ ਨੇ ਇਹ ਸੁਣਿਆਂ ਤਾਂ ਉਸ ਨੂੰ ਬੀਬੀਆਂ ਦੇ ਇਸ ਪ੍ਰਭਾਵ ਦੀ ਇੰਨੀ ਨਾਮੋਸ਼ੀ ਹੋਈ ਕਿ ਉਹ ਡਾਕੂ ਪੁਣਾ ਛੱਡ ਗਿਆ। ਸਰੀਂਹ-ਨਕੋਦਰ ਤੋਂ ਹੀ ਇਕ ਹੋਰ ਬਜ਼ੁਰਗ ਸ. ਪਿਆਰਾ ਸਿੰਘ ਸੰਧੂ ਦੱਸਦੇ ਹਨ ਕਿ ਇਧਰ ਜੰਡਿਆਲਾ ਮੰਜਕੀ ਰੋਡ ’ਤੇ ਤਕੀਏ ਦੀ ਢੱਕੀ ਪਾਸ ਉਸ ਦੌਰ ਵਿਚ ਇਕ ਔਰਤ ਘਿਓ ਦਾ ਕੁੱਝਾ ਲਈ ਜਾਵੇ ਤਾਂ ਕੋਈ ਰਾਹਗੀਰ ਉਸ ਪਾਸੌਂ ਘਿਓ ਖੋਹ ਕੇ ਭੱਜ ਗਿਆ। ਮਾਈ ਗਾਲ਼ਾਂ ਕੱਢੇ ਕਿ ਕਰਮਾਂ ਮਰ ਜਾਣਾ ਮੇਰਾ ਘਿਓ ਖੋਹ ਕੇ ਲੈ ਗਿਆ। ਸਬੱਬੀਂ ਕਿਧਰੇ ਕਰਮਾ ਵੀ ਉਸੇ ਢੱਕੀ ਵਿਚ ਲੁੱਕਿਆ ਬੈਠਾ ਸੀ। ਕਰਮਾ ਭੱਜ ਕੇ ਬਾਹਰ ਨਿਕਲਿਆ ਮਾਈ ਨੂੰ ਮਿਲਿਆ ਤਾਂ ਉਸ ਭੱਜੇ ਜਾਂਦੇ ਲੁਟੇਰੇ ਦਾ ਪਿੱਛਾ ਕਰਕੇ ਘਿਓ ਖੋਹ ਲਿਆਇਆ ਅਤੇ ਮਾਈ ਨੂੰ ਦੇ ਦਿੱਤਾ।
   
ਮਾਸਟਰ ਸਤਵੀਰ ਸਿੰਘ ਚਾਨੀਆਂ 
92569-73526

PunjabKesari


author

rajwinder kaur

Content Editor

Related News