ਕੱਲ ਤੋਂ ਸ਼ੁਰੂ ਹੋਵੇਗੀ ਬੇਸਹਾਰਾ ਪਸ਼ੂਆਂ ਨੂੰ ਫੜਨ ਦੀ ਵਿਸ਼ੇਸ਼ ਮੁਹਿੰਮ

06/17/2019 6:23:11 PM

ਕਪੂਰਥਲਾ (ਗੌਰਵ)— ਕਪੂਰਥਲਾ ਵਿਖੇ 18 ਜੂਨ ਦਿਨ ਮੰਗਲਵਾਰ ਤੋਂ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਸਥਾਈ ਹੱਲ ਹੋਣ ਜਾ ਰਿਹਾ ਹੈ ਅਤੇ ਸ਼ਹਿਰ ਦੀਆਂ ਸੜਕਾਂ 'ਤੇ ਹੁਣ ਕੋਈ ਵੀ ਬੇਸਹਾਰਾ ਪਸ਼ੂ ਘੁੰਮਦਾ ਨਜ਼ਰ ਨਹੀਂ ਆਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐੱਸ. ਖਰਬੰਦਾ ਨੇ ਦੱਸਿਆ ਕਿ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਸ਼ਹਿਰ ਵਿਚੋਂ ਬੇਸਹਾਰਾ ਪਸ਼ੂਆਂ ਨੂੰ ਫੜਨ ਲਈ 18 ਜੂਨ ਤੋਂ 21 ਜੂਨ ਤੱਕ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਇਹ ਚਾਰ ਰੋਜ਼ਾ ਮੁਹਿੰਮ 18 ਜੂਨ ਨੂੰ ਸਵੇਰੇ 8 ਵਜੇ ਸਬਜ਼ੀ ਮੰਡੀ ਤੋਂ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਪਸ਼ੂਆਂ ਨੂੰ ਫੜਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਸ਼ਹਿਰ ਦੇ ਚਾਰ ਪੁਆਇੰਟਾਂ ਤੋਂ ਪਸ਼ੂਆਂ ਨੂੰ ਫੜਨਗੀਆਂ, ਜਿਨ੍ਹਾਂ 'ਚ ਸਬਜ਼ੀ ਮੰਡੀ, ਜਲੌਖਾਨਾ, ਮਸੀਤ ਚੌਕ ਅਤੇ ਅੰਮ੍ਰਿਤਸਰ ਚੁੰਗੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਨੂੰ ਪਸ਼ੂ ਫੜਨ ਲਈ ਰੱਸੇ, ਵਾਹਨ ਅਤੇ ਹੋਰ ਸਾਜ਼ੋ-ਸਾਮਾਨ ਮੁਹੱਈਆ ਕਰਵਾਇਆ ਗਿਆ ਹੈ ਅਤੇ ਇਸ ਕੰਮ ਲਈ ਪਟਿਆਲਾ ਤੋਂ ਪਸ਼ੂ ਫੜਨ ਦੇ ਮਾਹਿਰਾਂ ਦੀ ਟੀਮ ਦੀ ਸਹਾਇਤਾ ਵੀ ਲਈ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਸ਼ਹਿਰ ਦੇ ਸਾਰੇ ਬੇਸਹਾਰਾ ਪਸ਼ੂਆਂ ਨੂੰ ਫੜ ਕੇ ਕਮਾਲਪੁਰ ਗਊਸ਼ਾਲਾ ਲਿਆਂਦਾ ਜਾਵੇਗਾ, ਜਿਥੇ ਇਨ੍ਹਾਂ ਦੀ ਸਾਂਭ-ਸੰਭਾਲ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ। ਉਨਾਂ ਕਿਹਾ ਕਿ ਸੜਕਾਂ 'ਤੇ ਬੇਸਹਾਰਾ ਪਸ਼ੂਆਂ ਕਾਰਨ ਜਿਥੇ ਕਈ ਹਾਦਸੇ ਵਾਪਰਦੇ ਹਨ, ਉਥੇ ਇਹ ਪਸ਼ੂ ਹੋਰ ਵੀ ਜਾਨੀ ਤੇ ਮਾਲੀ ਨੁਕਸਾਨ ਕਰਦੇ ਹਨ। ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਚਾਰ ਦਿਨਾਂ ਦੌਰਾਨ ਉਹ ਆਪਣੇ ਬੱਚਿਆਂ ਦਾ ਪੂਰਾ ਧਿਆਨ ਰੱਖਣ ਅਤੇ ਉਨਾਂ ਨੂੰ ਇਕੱਲਿਆਂ ਬਾਹਰ ਨਾ ਨਿਕਲਣ ਦੇਣ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮੁਹਿੰਮ ਦੌਰਾਨ ਤਮਾਸ਼ਬੀਨ ਬਣਨ ਤੋਂ ਗੁਰੇਜ਼ ਕੀਤਾ ਜਾਵੇ, ਕਿਉਂਕਿ ਇਸ ਨਾਲ ਟੀਮਾਂ ਦੇ ਕੰਮ ਵਿਚ ਵਿਘਨ ਪੈਦਾ ਹੋ ਸਕਦਾ ਹੈ।


Baljit Singh

Content Editor

Related News