ਕਾਂਗਰਸ ਦੀ ਸਟੇਜ ਤੋਂ ਭੋਜਪੁਰੀ ਗੀਤਾਂ 'ਤੇ ਲੱਗੇ ਠੁਮਕੇ (ਵੀਡੀਓ)

10/16/2019 1:43:57 PM

ਫਗਵਾੜਾ (ਓਬਰਾਏ)— ਵੋਟਰਾਂ ਨੂੰ ਲੁਭਾਉਣ ਲਈ ਉਮੀਦਵਾਰਾਂ ਨੂੰ ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਹਨ। ਅਜਿਹਾ ਹੀ ਕੁਝ ਫਗਵਾੜਾ 'ਚ ਕੀਤੀ ਗਈ ਰੈਲੀ 'ਚ ਦੇਖਣ ਨੂੰ ਮਿਲਿਆ, ਜਿੱਥੇ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਮਸ਼ਹੂਰ ਭੋਜਪੁਰੀ ਗਾਇਕਾ ਖੁਸ਼ਬੂ ਤਿਵਾੜੀ ਦੇ ਠੁਮਕੇ ਲਗਾਏ ਗਏ। 

PunjabKesari

ਦਰਅਸਲ ਪੰਜਾਬ 'ਚ ਚਾਰ ਵਿਧਾਨ ਸਭਾ ਹਲਕਿਆਂ 'ਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਫਗਾਵੜਾ ਦੇ ਇਲਾਕਾ ਓਂਕਾਰ ਨਗਰ 'ਚ ਜ਼ਿਆਦਾਤਰ ਪ੍ਰਵਾਸੀ ਭਾਰਤੀ ਰਹਿੰਦੇ ਹਨ। ਇਸੇ ਦੇ ਚਲਦਿਆਂ ਉਮੀਦਵਾਰ ਵੱਲੋਂ ਭੋਜਪੁਰੀ ਗਾਇਕਾ ਖੁਸ਼ਬੂ ਤਿਵਾੜੀ ਨੂੰ ਬੁਲਾਇਆ ਗਿਆ ਅਤੇ ਖੁਸ਼ਬੂ ਨੇ ਸਟੇਜ ਤੋਂ ਠੁਮਕੇ ਲਗਾਉਂਦੇ ਹੋਏ ਭੋਜਪੁਰੀ ਭਾਸ਼ਾ 'ਚ ਕਾਂਗਰਸੀ ਉਮਦੀਵਾਰ ਦੇ ਹੱਕ 'ਚ ਚੋਣ ਪ੍ਰਚਾਰ ਕਰਦੇ ਹੋਏ ਵੋਟ ਮੰਗੇ। ਜਦੋਂ ਇਸ ਬਾਰੇ ਉਥੇ ਮੌਜੂਦ ਕੈਬਨਿਟ ਮੰਤਰੀ ਤੋਂ ਪੁੱਛਿਆ ਗਿਆ ਤਾਂ ਉਹ ਇਸ ਗੱਲ ਨੂੰ ਟਾਲਦੇ ਰਹੇ ਪਰ ਅਖੀਰ 'ਚ ਉਨ੍ਹਾਂ ਨੇ ਮੰਨਿਆ ਕਿ ਇਹ ਗਲਤ ਹੈ। 

PunjabKesari

ਇਸ ਦੌਰਾਨ ਪੰਜਾਬ 'ਚ ਸੱਤਾਧਾਰੀ ਪਾਰਟੀ ਦੇ ਹੱਕ 'ਚ ਪੰਜਾਬ ਪੁਲਸ ਵੀ ਉਨ੍ਹਾਂ ਦੇ ਵਰਕਰ ਬਣ ਕੇ ਖੁਦ ਲੋਕਾਂ ਨੂੰ ਆਰਾਮ ਨਾਲ ਬੈਠ ਕੇ ਪ੍ਰੋਗਰਾਮ ਦੇਖਣ ਦੀ ਸਟੇਜ ਤੋਂ ਗੁਜ਼ਾਰਿਸ਼ ਕਰਦੀ ਦਿਖਾਈ ਦਿੱਤੀ ਅਤੇ ਜੋ ਨਹੀਂ ਮੰਨੇ ਉਨ੍ਹਾਂ ਸਾਹਮਣੇ ਪੁਲਸ ਵਾਲਿਆਂ ਨੇ ਆਪਣਾ ਰੋਹਬ ਵੀ ਚਾੜਿਆ। ਇਸ ਬਾਰੇ ਜਦੋਂ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕੈਮਰੇ ਤੋਂ ਭੱਜਦੇ ਰਹੇ। 

PunjabKesari

ਉਥੇ ਹੀ ਜਦੋਂ ਸਟੇਜ 'ਤੇ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕਿਹੜੇ-ਕਿਹੜੇ ਮੁੱਦਿਆਂ 'ਤੇ ਚੋਣ ਲੜਨੀ ਹੈ ਤਾਂ ਪਹਿਲਾਂ ਉਨ੍ਹਾਂ ਨੇ ਵਿਕਾਸ ਕਾਰਜਾਂ ਦੇ ਮੁੱਦਿਆਂ 'ਤੇ ਚੋਣ ਲੜਨ ਦੀ ਗੱਲ ਕਹੀ ਪਰ ਜਦੋਂ ਉਨ੍ਹਾਂ ਤੋਂ ਵਿਕਾਸ ਛੱਡ ਠੁਮਕੇ ਲਗਵਾ ਕੇ ਵੋਟ ਮੰਗਣ ਦੀ ਗੱਲ ਪੁੱਛੀ ਤਾਂ ਉਹ ਟਾਲ ਮਟੋਲ ਕਰਦੇ ਦਿਖੇ ਅਤੇ ਬਾਅਦ 'ਚ ਉਨ੍ਹਾਂ ਕਿਹਾ ਕਿ ਠੁਮਕੇ ਲਗਾਉਣਾ ਸਹੀ ਨਹੀਂ ਹੈ।


shivani attri

Content Editor

Related News