ਉਚੇਰੀ ਪਡ਼੍ਹਾਈ ਲਈ ਹੋਣਹਾਰ ਵਿਦਿਆਰਥਣ ਦੀ ਕੀਤੀ ਆਰਥਿਕ ਮਦਦ

Sunday, Mar 31, 2019 - 04:49 AM (IST)

ਉਚੇਰੀ ਪਡ਼੍ਹਾਈ ਲਈ ਹੋਣਹਾਰ ਵਿਦਿਆਰਥਣ ਦੀ ਕੀਤੀ ਆਰਥਿਕ ਮਦਦ
ਕਪੂਰਥਲਾ (ਮੱਲ੍ਹੀ)-ਕਾਲਜਾਂ ’ਚ ਪਡ਼੍ਹਦੇ ਅਨੁਸੂਚਿਤ ਜਾਤੀ ਦੇ ਬੱਚਿਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਫੀਸਾਂ ਦੀ ਰਕਮ ਪੰਜਾਬ ਸਰਕਾਰ ਵਲੋਂ ਲਗਾਤਾਰ 3 ਸਾਲ ਤੋਂ ਨਾ ਮਿਲਣ ਕਾਰਨ ਲੱਖਾਂ ਬੱਚਿਆਂ ਦਾ ਭਵਿੱਖ ਧੁੰਦਲਾ ਹੋ ਰਿਹਾ ਹੈ। ਲਡ਼ਕੇ-ਲਡ਼ਕੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੂੰ ਘੋਰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਪ੍ਰਗਟਾਵਾ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਸੋਸਾਇਟੀ ਰਜਿ. ਰੇਲ ਕੋਚ ਫੈਕਟਰੀ ਕਪੂਰਥਲਾ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਤੇ ਜਨਰਲ ਸਕੱਤਰ ਧਰਮਪਾਲ ਪੈਂਥਰ ਨੇ ਲਾਲਾ ਲਾਜਪਤ ਰਾਏ ਮੈਡੀਕਲ ਇੰਸਟੀਚਿਊਟ ਜਲੰਧਰ ’ਚ ਨਰਸਿੰਗ ਕੋਰਸ ਦੇ ਤੀਸਰੇ ਸਮੈਸਟਰ ’ਚ ਪਡ਼੍ਹ ਰਹੀ ਕਰਤਾਰਪੁਰ ਦੀ ਵਿਦਿਆਰਥਣ ਰਾਖੀ ਸਪਰੂ ਤੇ ਉਸ ਦੇ ਮਾਪਿਆਂ ਨੂੰ 30,400 ਰੁਪਏ ਰੁਪਏ ਫੀਸ ਲਈ ਆਰਥਿਕ ਸਹਾਇਤਾ ਭੇਟ ਕਰਨ ਸਮੇਂ ਆਖੇ। ਜੱਸਲ ਤੇ ਪੈਂਥਰ ਨੇ ਦੱਸਿਆ ਕਿ ਦੇਸ਼ ਦੀ ਸਰਕਾਰ ਵਲੋਂ ਅਨੁਸੂਚਿਤ ਜਾਤੀ ਦੇ ਬੱਚਿਆਂ ਦੀ ਪਡ਼੍ਹਾਈ ਵੱਲ ਧਿਆਨ ਨਹੀ ਦਿੱਤਾ ਜਾ ਰਿਹਾ। ਕਾਲਜ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਦਿਨੋਂ-ਦਿਨ ਫੀਸਾਂ ’ਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ, ਫੀਸਾਂ ਵੱਧਣ ਕਰ ਕੇ ਬੱਚਿਆਂ ਦੀ ਪਡ਼੍ਹਾਈ ਕਰਵਾਉਣਾ ਆਮ ਲੋਕਾਂ ਦੇ ਵੱਸ ’ਚ ਨਹੀ ਹੈ। ਬਹੁਤ ਸਾਰੇ ਬੱਚੇ ਆਪਣੀ ਪਡ਼੍ਹਾਈ ਅਧੂਰੀ ਛੱਡ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਸੁਪਨੇ ਚਕਨਾਚੂਰ ਹੋ ਰਹੇ ਹਨ। ਦੋਵਾਂ ਆਗੂਆਂ ਨੇ ਪੰਜਾਬ ਵਿਧਾਨ ਸਭਾ ’ਚ ਬੈਠੇ ਅਨੁਸੂਚਿਤ ਜਾਤੀ ਦੇ 31 ਵਿਧਾਇਕਾਂ ਦੀ ਕਡ਼ੀ ਅਲੋਚਨਾ ਕਰਦੇ ਹੋਏ ਕਿ ਲੋਕਾਂ ਨੇ ਇਨ੍ਹਾਂ ਨੂੰ ਆਪਣੀਆ ਸੁੱਖ ਸਹੂਲਤਾਂ ਲਈ ਨਹੀ ਚੁਣਿਆ ਸੀ। ਜੇਕਰ ਇਹ ਰਾਖਵੀਆਂ ਸੀਟਾਂ ਤੋਂ ਚੁਣੇ ਗਏ ਵਿਧਾਇਕ ਜਾਂ ਸੰਸਦ ਮੈਂਬਰ ਅਨੁਸੂਚਿਤ ਜਾਤੀ ਦੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਨਹੀ ਕਰ ਸਕਦੇ ਤਾਂ ਇਨ੍ਹਾਂ ਨੂੰ ਆਪਣੇ ਅਹੁਦੇ ’ਤੇ ਬਣੇ ਰਹਿਣ ਦਾ ਵੀ ਕੋਈ ਅਧਿਕਾਰ ਨਹੀ ਹੈ। ਸ੍ਰੀ ਗੁਰੂ ਰਵਿਦਾਸ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਨਿਊਟਨ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਮੱਲ, ਜਨਰਲ ਸਕੱਤਰ ਮਨਜੀਤ ਸਿੰਘ ਕੈਲਪੁਰੀਆ ਤੇ ਬੁੱਧੀਜੀਵੀ ਨਿਰਵੈਰ ਸਿੰਘ ਨੇ ਕਿਹਾ ਕਿ ਸਰਕਾਰਾਂ ਗਰੀਬ ਵਰਗ ਦੇ ਬੱਚਿਆਂ ਨਾਲ ਘੋਰ ਅਨਿਆਂ ਕਰ ਰਹੀਆਂ ਹਨ। ਇਕ ਪਾਸੇ ਸਰਕਾਰਾਂ ਗਰੀਬਾਂ ਦੇ ਹਮਦਰਦ ਹੋਣ ਦਾ ਢਿੰਡੋਰਾ ਪਿੱਟ ਰਹੀਆਂ ਹਨ। ਦੂਜੇ ਪਾਸੇ ਉਨ੍ਹਾਂ ਦਾ ਭਵਿੱਖ ਨਾਲ ਖਿਲਵਾਡ਼ ਕੀਤਾ ਜਾ ਰਿਹਾ ਹੈ। ਚਾਹੇ ਸਰਕਾਰ ਕਿਸੇ ਦੀ ਹੋਵੇ ਗਰੀਬ ਵਰਗ ਦੇ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਦੇ ਪ੍ਰਤੀ ਚਿੰਤਤ ਨਹੀ ਹਨ। ਲਡ਼ਕੀ ਦੇ ਪਿਤਾ ਅਸ਼ੋਕ ਕੁਮਾਰ ਨੇ ਸਮੂਹ ਸੰਸਥਾਵਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੇ ਇਹ ਮੇਰੀ ਬਾਂਹ ਨਾ ਫੜਦੇ ਹੋ ਸਕਦਾ ਸੀ। ਮੇਰੀ ਬੱਚੀ ਸਿੱਖਿਆਂ ਤੋਂ ਵਾਂਝੀ ਰਹਿ ਜਾਂਦੀ। ਧਰਮਪਾਲ ਪੈਂਥਰ ਨੇ ਦਾਨੀ ਸੱਜਣ ਹਰਜਿੰਦਰ ਸਿੰਘ ਜਲੰਧਰ, ਮਾ. ਦੇਸ ਰਾਜ ਬੂਲਪੁਰੀ, ਸ਼ਮਸ਼ੇਰ, ਰੌਸ਼ਨ ਭਾਰਤੀ ਜਲੰਧਰ, ਜਸਵਿੰਦਰ ਸਿੰਘ ਥਿੰਦ, ਹਰਵਿੰਦਰ ਕੁਮਾਰ, ਕੁਲਵੰਤ ਰਾਏ, ਸੰਧੂਰਾ ਸਿੰਘ, ਦੇਸ ਰਾਜ ਤੇ ਬਨਾਰਸੀ ਲਾਲ ਤੇ ਗੁਰਦਿਆਲ ਸਿੰਘ ਜੱਸਲ ਆਦਿ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਅੰਬੇਡਕਰ ਸੋਸਾਇਟੀ ਦੇ ਸੀਨੀਅਰ ਉਪ ਪ੍ਰਧਾਨ ਸੰਤੋਖ ਰਾਮ ਜਨਾਗਲ, ਧਰਮਵੀਰ, ਹਰੀ ਰਾਮ ਡਾਇਰ, ਵਿਜੇ ਕੁਮਾਰ ਸੁਲਤਾਨਪੁਰ, ਲਡ਼ਕੀ ਦੇ ਪਿਤਾ ਅਸ਼ੋਕ ਕੁਮਾਰ ਤੇ ਮਾਂ ਮਿਨਾਕਸ਼ੀ ਹਾਜ਼ਰ ਸਨ।

Related News