2 -ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ’ਚ ਵੋਟਿੰਗ ਮਸ਼ੀਨਾਂ ਦੀ ਹੋਈ ਪਹਿਲੀ ਰੈਂਡੇਮਾਈਜ਼ੇਸ਼ਨ
Sunday, Mar 31, 2019 - 04:48 AM (IST)

ਕਪੂਰਥਲਾ (ਗੁਰਵਿੰਦਰ ਕੌਰ)-ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਜ਼ਿਲੇ ’ਚ ਅੱਜ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਤੇ ਵੀ. ਵੀ. ਪੈਟਜ਼ ਦੀ ਵਿਧਾਨ ਸਭਾ ਹਲਕਾ ਵਾਰ ਰੈਂਡੇਮਾਈਜ਼ੇਸ਼ਨ ਕੀਤੀ ਗਈ। ਜਿਸ ਦੀ ਅਗਵਾਈ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲਾ ਚੋਣ ਅਫ਼ਸਰ ਕਪੂਰਥਲਾ ਰਾਹੁਲ ਚਾਬਾ ਨੇ ਡੀ. ਸੀ. ਦਫਤਰ ਦੇ ਵੀਡੀਓ ਕਾਨਫਰੰਸ ਹਾਲ ਰਾਹੀਂ ਕੀਤੀ ਗਈ। ਇਸ ਰੈਂਡੇਮਾਈਜ਼ੇਸ਼ਨ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ, ਏ. ਆਰ. ਓਜ਼ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ। ਇਸ ਮੌਕੇ ਰਾਹੁਲ ਚਾਬਾ ਨੇ ਦੱਸਿਆ ਕਿ ਜ਼ਿਲੇ ਦੇ 4 ਵਿਧਾਨ ਸਭਾ ਹਲਕਿਆਂ ’ਚ 768 ਚੋਣ ਬੂਥ ਬਣਾਏ ਗਏ ਹਨ, ਜਿਨ੍ਹਾਂ ’ਤੇ ਇਸ ਵਾਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਨਾਲ-ਨਾਲ ਵੀ. ਵੀ. ਪੈਟ ਵੀ ਜੋਡ਼ਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਇਸ ਪਹਿਲੇ ਪਡ਼ਾਅ ਦੀ ਰੈਂਡੇਮਾਈਜ਼ੇਸ਼ਨ ’ਚ ਪੋਲਿੰਗ ਬੂਥਾਂ ਦੀ ਗਿਣਤੀ ਦੇ ਬਰਾਬਰ ਈ. ਵੀ. ਐੱਮਜ਼ ਤੇ ਵੀ. ਵੀ. ਪੈਟਜ਼ ਤੋਂ ਇਲਾਵਾ 15 ਫ਼ੀਸਦੀ ਕੰਟਰੋਲ ਯੂਨਿਟ, 15 ਫ਼ੀਸਦੀ ਬੈਲਟ ਯੂਨਿਟ ਅਤੇ 20 ਫ਼ੀਸਦੀ ਵੀ. ਵੀ. ਪੈਟਜ਼ ਹੋਰ ਰਾਖਵੇਂ ਵੀ ਕੀਤੇ ਗਏ ਹਨ, ਜੋ ਕਿ ਕਿਸੇ ਯੂਨਿਟ ਦੇ ਖਰਾਬ ਹੋਣ ਦੀ ਸੂਰਤ ’ਚ ਵਰਤੇ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਚਾਰਾਂ ਵਿਧਾਨ ਸਭਾ ਹਲਕਿਆਂ ਦੇ ਕੁਲ 768 ਚੋਣ ਬੂਥਾਂ ਲਈ 885 ਕੰਟਰੋਲ ਯੂਨਿਟ, 885 ਬੈਲਟ ਯੂਨਿਟ ਅਤੇ 922 ਵੀ. ਵੀ. ਪੈਟਜ਼ ਅਲਾਟ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦੂਸਰੀ ਰੈਂਡੇਮਾਈਜ਼ੇਸ਼ਨ ਵਿਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੀ. ਵੀ. ਪੈਟਜ਼ ਦੀ ਬੂਥ ਵਾਰ ਅਲਾਟਮੈਂਟ ਕੀਤੀ ਜਾਵੇਗੀ। ਇਸ ਮੌਕੇ ਐੱਸ. ਡੀ. ਐੱਮ. ਕਪੂਰਥਲਾ ਵਰਿੰਦਰ ਪਾਲ ਸਿੰਘ ਬਾਜਵਾ, ਐੱਸ. ਡੀ. ਐੱਮ. ਫਗਵਾਡ਼ਾ ਜੈ ਇੰਦਰ ਸਿੰਘ, ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਨਵਨੀਤ ਕੌਰ ਬੱਲ, ਚੋਣ ਤਹਿਸੀਲਦਾਰ ਮਨਜੀਤ ਕੌਰ, ਤਹਿਸੀਲਦਾਰ ਭੁਲੱਥ ਲਖਵਿੰਦਰ ਸਿੰਘ, ਜ਼ਿਲਾ ਇਨਫਾਰਮੈਟਿਕ ਅਫ਼ਸਰ ਸੰਜੀਵ ਗਾਬਾ, ਏ. ਪੀ. ਆਰ. ਓ. ਹਰਦੇਵ ਸਿੰਘ ਆਸੀ, ਐੱਸ. ਡੀ. ਓ. ਹਰਭਜਨ ਸਿੰਘ, ਸਾਹਿਲ ਓਬਰਾਏ ਤੇ ਕਮਲ ਕਿਸ਼ੋਰ ਤੋਂ ਇਲਾਵਾ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ’ਚ ਅਸ਼ੋਕ ਮਾਹਲਾ, ਸੰਨੀ ਕੁਮਾਰ, ਰਾਕੇਸ਼ ਕੁਮਾਰ ਦਾਤਾਰਪੁਰ, ਰਵੀ ਪ੍ਰਕਾਸ਼ ਸ਼ਰਮਾ ਤੇ ਕੁਲਵਿੰਦਰ ਸਿੰਘ ਚਾਹਲ ਹਾਜ਼ਰ ਸਨ।