2 ਕੇਂਦਰੀ ਮੰਤਰੀਆਂ ਦੇ ਐਲਾਨ ਦੇ ਬਾਵਜੂਦ ਵੀ ਨਹੀਂ ਸ਼ੁਰੂ ਹੋਇਆ ਪੁਲ ਦਾ ਨਿਰਮਾਣ
Wednesday, Mar 27, 2019 - 04:37 AM (IST)

ਕਪੂਰਥਲਾ (ਜਲੋਟਾ)–ਲੋਕ ਸਭਾ ਚੋਣਾਂ 2019 ਦੀ ਦਸਤਕ ਹੁਣ ਸਾਫ ਤੌਰ ’ਤੇ ਹਰ ਪਾਸੇ ਸੁਣਾਈ ਦੇ ਰਹੀ ਹੈ। ਦੇਸ਼ ਵਿਚ ਚੋਣ ਜ਼ਾਬਤਾ ਸਖ਼ਤੀ ਨਾਲ ਲਾਗੂ ਹੋ ਚੁਕਿਆ ਹੈ ਪਰ ਕੁਝ ਮੁੱਦੇ ਅਜਿਹੇ ਵੀ ਹਨ, ਜਿਨ੍ਹਾਂ ਦੀ ਰਾਜਨੀਤੀ ਕਦੇ ਖਤਮ ਨਹੀਂ ਹੁੰਦੀ ਅਤੇ ਸਿਆਸਤਦਾਨ ਇਸੇ ਨੂੰ ਆਧਾਰ ਬਣਾ ਕੇ ਚੋਣਾਂ ਦਰ ਚੋਣਾਂ ਇਸਨੂੰ ਆਪਣਾ ਰਾਜਨੀਤਕ ਮੁੱਦਾ ਬਣਾ ਕੇ ਜ਼ਿੰਦਾ ਰੱਖਦੇ ਹਨ। ਸ਼ਾਇਦ ਇਹੀ ਕੌੜੀ ਦਾਸਤਾ ਬਣ ਗਿਆ ਹੈ ਫਗਵਾੜਾ ਵਿਚ ਸਾਲਾਂ ਤੋਂ ਅੱਧ ਵਿਚਕਾਰ ਲਟਕ ਰਿਹਾ ਬੱਸ ਸਟੈਂਡ ਤੋਂ ਲੈ ਕੇ ਰੈਸਟ ਹਾਊਸ ਚੌਕ ਤੱਕ ਦੇ ਨਿਰਮਾਣ ਅਧੀਨ ਪੁਲ ਦਾ। ਪੰਜਾਬ ਵਿਚ ਇਕ ਪਾਸੇ ਜਿਥੇ ਨੈਸ਼ਨਲ ਹਾਈਵੇ ਨੰਬਰ 1 ’ਤੇ ਜ਼ਿਆਦਾਤਰ ਨਿਰਮਾਣ ਅਧੀਨ ਪੁਲ ਬਣਨ ਦੇ ਬਾਅਦ ਚਾਲੂ ਵੀ ਹੋ ਚੁੱਕੇ ਹਨ, ਉਥੇ ਹੀ ਫਗਵਾੜਾ ਦਾ ਇਹ ਅਭਾਗਾ ਪੁਲ ਵਿਚਕਾਰ ਅਧੂਰੇ ਨਿਰਮਾਣ ਕਾਰਨ ਆਪਣੀ ਦੁਖ ਭਰੀ ਦਾਸਤਾ ਬਿਆਨ ਕਰ ਕੇ ਇਹੀ ਪੁਕਾਰ ਰਿਹਾ ਹੈ ਕਿ ਇਹ ਕਦੋਂ ਬਣ ਕੇ ਤਿਆਰ ਹੋਵੇਗਾ। ਮੌਜੂਦਾ ਹਾਲਾਤਾਂ ਦੀ ਸਭ ਤੋਂ ਵੱਡੀ ਸੱਚਾਈ ਇਹ ਹੈ ਕਿ ਉਕਤ ਅਧੂਰੇ ਪੁਲ ਨੂੰ ਲੈ ਕੇ ਮੋਦੀ ਸਰਕਾਰ ਵਿਚ ਦੋ ਸੀਨੀ. ਮੰਤਰੀਆਂ ਵਲੋਂ ਤਾਂ ਹਾਲ ਦੇ ਦਿਨਾਂ ਵਿਚ ਬਕਾਇਦਾ ਫਗਵਾੜਾ ਆ ਕੇ ਇਸਦੇ ਜਲਦੀ ਨਿਰਮਾਣ ਕਾਰਜ ਦੇ ਸ਼ੁਰੂ ਹੋਣ ਦੇ ਸਰਕਾਰੀ ਤੌਰ ’ਤੇ ਵੱਡੇ ਚੌੜੇ ਐਲਾਨ ਵੀ ਕਰ ਦਿੱਤੇ ਗਏ, ਜੋ ਬਾਅਦ ਵਿਚ ਵੱਖ-ਵੱਖ ਅਖਬਾਰਾਂ, ਟੀ. ਵੀ .ਚੈਨਲਾਂ ਅਤੇ ਸੋਸ਼ਲ ਮੀਡੀਆ ’ਤੇ ਸੁਰਖੀਆ ਬਟੋਰਦੇ ਰਹੇ ਅਤੇ ਫਗਵਾੜਾ ਵਾਸੀ ਇਸੇ ਤੋਂ ਖੁਸ਼ ਹੁੰਦੇ ਰਹੇ ਕਿ ਹੁਣ ਇਸ ਪੁਲ ਦਾ ਨਿਰਮਾਣ ਹੋ ਜਾਵੇਗਾ ਪਰ ਗੱਲ ਸੁਣਨ ਜਾਂ ਪੜ੍ਹਨ ਵਿਚ ਭਲੇ ਹੀ ਕੌੜੀ ਲੱਗੇ ਪਰ ਇਹ ਸੱਚ ਹੈ ਕਿ ਫਗਵਾੜਾ ਦੀ ਲਾਈਫ ਲਾਈਨ ਕਹੇ ਜਾਂਦੇ ਇਸ ਮਹੱਤਵਪੂਰਨ ਪੁਲ ਦੀ ਸਿਆਸਤ ਦੀ ਦਾਸਤਾ ਅੱਜ ਵੀ ਓਨੀ ਹੀ ਭੇਤਭਰੀ ਹੈ, ਜਿੰਨਾ ਪਹਿਲਾਂ ਸੀ ਅਤੇ ਇਹ ਦੱਸ ਸਕਣਾ ਕਿ ਪੁਲ ਕਦੋਂ, ਕੌਣ, ਕਿਸ ਤਰ੍ਹਾਂ ਅਤੇ ਕਿੰਨੇ ਸਮੇਂ ਵਿਚ ਬਣ ਜਾਂਦਾ ਹੈ। ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਇਸਨੂੰ ਲੈ ਕੇ ਸੱਤਾ ਪੱਖ ਦਾਅਵੇ ਤਾਂ ਹਜ਼ਾਰ ਕਰਦਾ ਰਿਹਾ ਹੈ ਪਰ ਇਨ੍ਹਾਂ ਦਾਅਵਿਆਂ ਦੀ ਵਾਸਤਵਿਕ ਸੱਚਾਈ ਕਿੰਨੀ ਹੈ, ਇਸਦਾ ਆਂਕਲਣ ਤਾਂ ਖੁਦ ਉਹ ਰਾਜਨੇਤਾ ਵੀ ਨਹੀਂ ਕਰ ਸਕਦਾ, ਜੋ ਇਹ ਦਾਅਵੇ ਕਰ ਰਿਹਾ ਹੈ। ਯਾਨੀ ਕਿ ਕੁਲ ਮਿਲਾ ਕੇ ਮਾਮਲਾ ਅੱਧ ਵਿਚਕਾਰ ਹੀ ਲਟਕਿਆ ਪਿਆ ਹੈ। ਇਹ ਕਦੋਂ ਤੱਕ ਅੰਜਾਮ ਤੱਕ ਪੁੱਜੇਗਾ, ਇਸਨੂੰ ਲੈ ਕੇ ਕੋਈ ਸਾਫ ਨਹੀਂ ਦਿਸ ਰਿਹਾ। ਬੱਸ ਇਹ ਹੀ ਕਿਹਾ ਜਾ ਸਕਦਾ ਹੈ ਕਿ ਫਗਵਾੜਾ ਦਾ ਇਹ ਅਧੂਰਾ ਪੁਲ ਜਲਦੀ ਬਣ ਜਾਵੇਗਾ ਅਤੇ ਉਸਦਾ ਨਿਰਮਾਣ ਕਾਰਜ ਜਲਦੀ ਹੀ ਸ਼ੁਰੂ ਹੋ ਜਾਵੇਗਾ। ਭਾਜਪਾ ਦੇ 2 ਗੁੱਟਾਂ ’ਚ ਸਿਆਸੀ ਲੜਾਈ ਦਾ ਖਮਿਆਜ਼ਾ ਭੁਗਤ ਰਹੇ ਲੋਕਜੇਕਰ ਇਹ ਬਣ ਜਾਵੇਗਾ ਤਾਂ ਫਗਵਾੜਾ ਵਾਸੀਆਂ ਦਾ ਜੀਵਨ ਸੌਖਾ ਹੋ ਜਾਵੇਗਾ ਪਰ ਜਿਸ ਤਰਜ਼ ’ਤੇ ਫਗਵਾੜਾ ਦੇ ਉਕਤ ਪੁਲ ਦੇ ਅਧੂਰੇ ਹਿੱਸੇ ਦੇ ਨਿਰਮਾਣ ਨੂੰ ਲੈ ਕੇ ਪਹਿਲਾਂ ਪਿਲਰਾਂ ਵਾਲੇ ਪੁਲ ਅਤੇ ਮਿੱਟੀ ਵਾਲੇ ਪੁਲ ਦੀ ਬਹਿਸ ਕੁਝ ਅਰਸਿਆਂ ਤੱਕ ਗਰਮਾਉਂਦੀ ਰਹੀ ਹੈ, ਉਸਨੂੰ ਵੇਖਕੇ ਆਮ ਜਨਤਾ ਕਾਫੀ ਨਿਰਾਸ਼ ਚੱਲ ਰਹੀ ਹੈ, ਕਿਉਂਕਿ ਜ਼ਿਆਦਾਤਰ ਲੋਕ ਇਹ ਸਮਝ ਨਹੀਂ ਰਹੇ ਕਿ ਪਿਲਰਾਂ ਵਾਲੇ ਪੁਲ ਦੀ ਮੰਗ ਜੋ ਹੁਣ ਕੀਤੀ ਜਾ ਰਹੀ ਹੈ, ਉਸਨੂੰ ਲੈ ਕੇ ਇੰਨਾ ਰੌਲਾ ਪਾਇਆ ਜਾ ਰਿਹਾ ਹੈ, ਉਹ ਮੰਗ ਫਗਵਾੜਾ ਵਿਚ ਇਕ ਤੋਂ ਬਾਅਦ ਇਕ ਨਿਰਮਾਣ ਕੀਤੇ ਗਏ ਪੁਲਾਂ ਅਤੇ ਓਵਰਬ੍ਰਿਜਾਂ ਨੂੰ ਲੈ ਕੇ ਪਹਿਲਾਂ ਕਿਉਂ ਨਹੀਂ ਕੀਤੀ ਗਈ। ਯਾਦ ਰਹੇ ਕਿ ਇਹ ਉਹ ਪੁਲ ਹੈ, ਜਿਸ ਨੂੰ ਲੈ ਕੇ ਫਗਵਾੜਾ ਵਿਚ ਭਾਜਪਾ ਦੇ 2 ਗੁੱਟਾਂ ’ਚ ਸਿਆਸੀ ਅਹਿਮ ਦੀ ਲੜਾਈ ਚੱਲਦੀ ਰਹੀ ਹੈ ਅਤੇ ਜਿਸਦਾ ਖਮਿਆਜ਼ਾ ਹੁਣ ਫਗਵਾੜਾ ਵਾਸੀ ਭੋਗ ਰਹੇ ਹਨ ਪਰ ਇਸ ਸਭ ਦੇ ਵਿਚ ਸਭ ਤੋਂ ਜ਼ਿਆਦਾ ਤਕਲੀਫ ਆਮ ਜਨਤਾ ਨੂੰ ਪੁਲ ਦਾ ਨਿਰਮਾਣ ਪੂਰਾ ਨਾ ਹੋਣ ਕਾਰਨ ਹੋ ਰਹੀ ਹੈ। ਜਿਸ ਦੀ ਪੀੜਾ ਸ਼ਾਇਦ ਸਿਆਸੀ ਦਲਾਂ ਦੇ ਨੇਤਾਵਾਂ ਨੂੰ ਨਾ ਤਾਂ ਮਹਿਸੂਸ ਹੋ ਰਹੀ ਹੈ ਅਤੇ ਨਾ ਹੀ ਇਸਦਾ ਅਹਿਸਾਸ ਹੋ ਰਿਹਾ ਹੈ। ਇਹ ਵੀ ਹਕੀਕਤ ਹੈ ਕਿ ਫਗਵਾੜਾ ਵਿਚ ਪਿਛਲੇ ਲੰਮੇ ਸਮੇਂ ਤੋਂ ਅੱਧ ਵਿਚਕਾਰ ਲਟਕ ਰਹੇ ਇਸ ਪੁਲ ਦੇ ਨਿਰਮਾਣ ਦੇ ਅੱਧ ਵਿਚ ਇਸੇ ਪੁਲ ਦੇ ਗੋਲ ਚੌਕ ’ਤੇ ਸਥਾਪਿਤ 2 ਵੱਡੇ ਪਿਲਰਾਂ ਅਤੇ ਢਾਂਚੇ ’ਤੇ ਵੱਖ-ਵੱਖ ਸਿਆਸੀ ਦਲਾਂ ਦੇ ਨੇਤਾ ਆਪਣੇ ਪ੍ਰਚਾਰ ਬੋਰਡ ਲਗਾ ਡਿਫੇਸਮੈਂਟ ਆਫ ਪਬਲਿਕ ਪ੍ਰਾਪਰਟੀ ਐਕਟ ਦੀਆਂ ਧੱਜੀਆਂ ਉਡਾਉਂਦੇ ਰਹੇ ਹਨ ਪਰ ਇਸ ਪੁਲ ਦੇ ਨਿਰਮਾਣ ਨੂੰ ਪੂਰਾ ਕਰਨ ਵਿਚ ਕੋਈ ਠੋਸ ਪਹਿਲ ਨਹੀਂ ਕੀਤੀ ਗਈ। ਜਦ ਵੀ ਇਸ ਪੁਲ ਦਾ ਨਿਰਮਾਣ ਸ਼ੁਰੂ ਹੋਇਆ ਹੈ ਤਾਂ ਮਾਮਲਾ ਵਿਵਾਦਾਂ ਵਿਚ ਹੀ ਚਲਦਾ ਗਿਆ ਹੈ ਅਤੇ ਕਈ ਵਾਰ ਅਜਿਹਾ ਵਿਵਾਦ ਬਣਿਆ ਕਿ ਇਹ ਪੁਲ ਬਣ ਹੀ ਨਹੀਂ ਸਕਿਆ ਅਤੇ ਇਕ ਵਾਰ ਫਿਰ ਇਹ ਹੀ ਸਭ ਹੋ ਰਿਹਾ ਹੈ। ਕਿਓ ਹੋ ਰਿਹੈ ਪੁਲ ਦੇ ਨਿਰਾਮਾਣ ’ਤੇ ਇੰਨਾ ਵਿਵਾਦ?ਅਹਿਮ ਪਹਿਲੂ ਇਹ ਵੀ ਹੈ ਕਿ ਇਸ ਗੰਭੀਰ ਮਾਮਲੇ ਨੂੰ ਲੈ ਕੇ ਜਦ ਫਗਵਾੜਾ ਵਿਚ ਹੁਣ ਤੱਕ ਨਿਰਮਾਣ ਹੋਏ ਫਗਵਾੜਾ-ਹੁਸ਼ਿਆਰਪੁਰ ਚੌਕ, ਸ਼ੂਗਰ ਮਿੱਲ ਚੌਕ-ਸਤਨਾਮਪੁਰਾ ਪੁਲ, ਫਗਵਾੜਾ ਬਾਈਪਾਸ ਪੁਲ, ਰੈਸਟ ਹਾਊਸ ਚੌਕ-ਜੇ. ਸੀ. ਟੀ. ਮਿੱਲ ਪੁਲ ਅਤੇ ਸ਼ੂਗਰ ਮਿੱਲ ਚੌਕ- ਹੁਸ਼ਿਆਰਪੁਰ ਰੋਡ ਪੁਲ ਦੀ ਸਮੀਖਿਆ ਕੀਤੀ ਗਈ ਤਾਂ ਸੱਚਾਈ ਇਹੀ ਹੈ ਕਿ ਉਕਤ ਸਾਰੇ ਪੁਲ ’ਤੇ ਸਰਕਾਰੀ ਤੰਤਰ ਵਲੋਂ ਠੋਸ ਮਿੱਟੀ ਪਾ ਕੇ ਬਣਾਇਆ ਗਿਆ। ਮਤਲਬ ਉਕਤ ਕੋਈ ਵੀ ਪੁਲ ਪਿਲਰਾਂ ’ਤੇ ਨਹੀਂ ਬਣਿਆ ਹੋਇਆ ਹੈ। ਇਸਨੂੰ ਲੈ ਕੇ ਸੱਚਾਈ ਇਹ ਵੀ ਹੈ ਕਿ ਉਕਤ ਪੁਲਾਂ ਦੇ ਨਿਰਮਾਣ ਹੋਣ ਨਾਲ ਉਕਤ ਇਲਾਕੇ 2 ਪਾਸਿਆਂ ’ਚ ਵੰਡੇ ਗਏ ਹਨ, ਜਿਸ ਨੂੰ ਅੰਡਰਪਾਸ ਅਤੇ ਸਰਵਿਸ ਸੜਕਾਂ ਦੇ ਜ਼ਰੀਏ ਜੋੜਿਆ ਗਿਆ ਹੈ। ਅਜਿਹੇ ਵਿਚ ਅਹਿਮ ਸਵਾਲ ਇਹੀ ਹੈ ਕਿ ਉਕਤ ਸਾਰੇ ਪੁਲਾਂ ਦਾ ਨਿਰਮਾਣ ਬਿਨਾਂ ਕਿਸੇ ਸ਼ੋਰ ਅਤੇ ਵਿਵਾਦ ਦੇ ਹੋਇਆ ਹੈ ਅਤੇ ਫਿਰ ਬੱਸ ਸਟੈਂਡ ਤੋਂ ਲੈ ਕੇ ਰੈਸਟ ਹਾਊਸ ਚੌਕ ਤੱਕ ਦੇ ਕਰੀਬ ਇਕ ਕਿਲੋਮੀਟਰ ਤੱਕ ਲੰਬੇ ਪੁਲ ਦੇ ਨਿਰਮਾਣ ਲਈ ਇੰਨਾ ਵਿਵਾਦ ਕਿਉਂ ਹੋ ਰਿਹਾ ਹੈ, ਇਸੇ ਹਿੱਸੇ ਨੂੰ ਲੈ ਕੇ ਇਹ ਆਵਾਜ਼ ਕਿਉਂ ਬੁਲੰਦ ਕੀਤੀ ਜਾ ਰਹੀ ਹੈ ਕਿ ਇਥੇ ਸਿਰਫ ਪਿਲਰਾਂ ਵਾਲਾ ਪੁਲ ਹੀ ਸਵੀਕਾਰ ਕੀਤਾ ਜਾਵੇਗਾ ਕਿ ਇਸ ਤੋਂ ਪਹਿਲਾਂ ਬਣੇ ਪੁਲਾਂ ਨਾਲ ਫਗਵਾੜਾ ਨੂੰ 2 ਹਿੱਸਿਆਂ ਵਿਚ ਨਹੀਂ ਵੰਡਿਆ ਹੈ? ਮਤਲਬ ਕਿ ਇਹ ਸਮੇਂ ਦੀ ਮੰਗ ਨਹੀਂ ਹੈ ਜੇਕਰ ਉਕਤ ਹਿੱਸੇ ਦਾ ਪੁਲ ਪਿਲਰਾਂ ’ਤੇ ਨਿਰਮਾਣ ਹੋਵੇ ਤਾਂ ਪੂਰੇ ਫਗਵਾੜਾ ਵਿਚ ਬਣੇ ਸਾਰੇ ਪੁਲਾਂ ਦਾ ਢਾਂਚਾ ਮਿੱਟੀ ਵਾਲੇ ਪੁਲਾਂ ਨੂੰ ਖਤਮ ਕਰ ਕੇ ਪਿਲਰ ਵਾਲੇ ਪੁਲਾਂ ਨੂੰ ਡਿਜਾਈਨ ਬਣਾਕੇ ਬਣਨ? ਪ੍ਰਸ਼ਾਸਨ ਜਲਦ ਕਰੇ ਪੁਲ ਦਾ ਨਿਰਮਾਣ ਪੂਰਾ : ਲੋਕਇਸ ਸਬੰਧੀ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਫਗਵਾੜਾ ਵਾਸੀਆਂ ਨੇ ਇਕੋ ਸੁਰ ਵਿਚ ਕਿਹਾ ਬਿਹਤਰ ਹੋਵੇਗਾ ਕਿ ਫਗਵਾੜਾ ਵਿਚ ਪ੍ਰਸ਼ਾਸਨ ਜਲਦ ਤੋਂ ਜਲਦ ਅਧੂਰੇ ਪੁਲ ਦੇ ਨਿਰਮਾਣ ਨੂੰ ਪੂਰਾ ਕਰੇ ਅਤੇ ਇਸ ਦਿਸ਼ਾ ਵਿਚ ਜੋ ਵੀ ਫੈਸਲਾ ਹੋਵੇ ਜਲਦ ਲਿਆ ਜਾਵੇ। ਆਮ ਜਨਤਾ ਦਾ ਤਰਕ ਹੈ ਕਿ ਅਧੂਰੇ ਪੁਲ ਦੇ ਨਿਰਮਾਣ ਨੂੰ ਲੈ ਕੇ ਸਿਆਸਤ ਦੀ ਬਿਸਾਤ ’ਤੇ ਜਨਹਿੱਤਾਂ ਦੀ ਬਲੀ ਕਦੇ ਵੀ ਨਾ ਦਿੱਤੀ ਜਾਵੇ ਅਤੇ ਸਰਕਾਰੀ ਅਮਲਾ ਜਲਦ ਤੋਂ ਜਲਦ ਫਗਵਾੜਾ ਦੇ ਅਧੂਰੇ ਪੁਲ ਦਾ ਨਿਰਮਾਣ ਪੂਰੇ ਕਰ ਕੇ ਸਾਲਾਂ ਤੋਂ ਪੇਸ਼ ਆ ਰਹੀਆਂ ਲੋਕਾਂ ਦੀਆਂ ਸਮੱਸਿਆਵਾਂ ਦਾ ਅੰਤ ਕਰੇ। ਹੁਣ ਇਹ ਪੁਲ ਪਿਲਰਾਂ ’ਤੇ ਬਣੇ ਜਾਂ ਦੂਸਰੇ ਕਿਸੇ ਬਦਲ ਨਾਲ ਇਹ ਫੈਸਲਾ ਸਰਕਾਰੀਤੰਤਰ ਬਿਨਾਂ ਸਮਾਂ ਗੁਆਏ ਪੱਕਾ ਕਰਨ ਪਰ ਘੱਟੋ-ਘੱਟ ਪੁਲ ਤਾਂ ਬਣਾ ਦੇਣ।