ਟਰੇਨਿੰਗ ਹਾਸਲ ਕਰ ਚੁੱਕੇ ਸਿਖਿਆਰਥੀਆਂ ਨੂੰ ਸਵੈ- ਰੁਜ਼ਗਾਰ ਲਈ ਕੀਤਾ ਪ੍ਰੇਰਿਤ
Tuesday, Mar 26, 2019 - 04:56 AM (IST)

ਕਪੂਰਥਲਾ (ਗੁਰਵਿੰਦਰ ਕੌਰ)-ਸਿਲਾਈ ਟਰੇਡ ਅਧੀਨ ਮੁਫਤ ਟਰੇਨਿੰਗ ਲੈ ਚੁੱਕੇ ਪੇਂਡੂ ਖੇਤਰ ਨਾਲ ਸਬੰਧਤ ਸਿਖਿਆਰਥੀਆਂ ਨੂੰ ਅੱਜ ਜ਼ਿਲਾ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਦਵਿੰਦਰ ਪਾਲ ਸਿੰਘ ਖਰਬੰਦਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਸੰਬੋਧਿਤ ਕੀਤਾ ਗਿਆ। ਡਿਪਟੀ ਕਮਿਸ਼ਨਰ, ਕਪੂਰਥਲਾ ਵਲੋਂ ਹਾਜ਼ਰ ਸਿਖਿਆਰਥੀਆਂ ਨੂੰ ਸਵੈ-ਰੁਜ਼ਗਾਰ ਲਈ ਪ੍ਰੇਰਿਤ ਕੀਤਾ ਗਿਆ ਅਤੇ ਇਨ੍ਹਾਂ ਸਿਖਿਆਰਥੀਆਂ ਨੂੰ ਆਪਣਾ ਰੋਜ਼ਗਾਰ ਕਰਨ ਲਈ ਬੈਂਕ ਵਲੋਂ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਗਿਆ। ਅਵਤਾਰ ਸਿੰਘ ਭੁੱਲਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਜ਼ਿਲਾ ਕਪੂਰਥਲਾ ਅਧੀਨ ਪੀ. ਐੱਸ. ਡੀ. ਐੱਮ. ਤਹਿਤ ਪੇਂਡੂ ਖੇਤਰ ਦੇ ਕੁਲ 191 ਸਿੱਖਿਆਰਥੀ ਸਿਲਾਈ ਮਸ਼ੀਨ ਓਪਰੇਟਰ ਅਤੇ ਪੈਕਰਜ਼ ਅਧੀਨ ਟਰੇਨਿੰਗ ਲੈ ਚੁੱਕੇ ਹਨ, ਜਿਨ੍ਹਾਂ ਵਿਚੋਂ ਤਕਰੀਬਨ 60 ਸਿਖਿਆਰਥੀਆਂ ਨੂੰ ਵੱਖ-ਵੱਖ ਉਦਯੋਗਿਕ ਕੰਪਨੀਆਂ ਅਧੀਨ ਨੌਕਰੀ ਮੁਹੱਈਆ ਕਰਵਾਈ ਗਈ ਹੈ ਅਤੇ ਜਿਹਡ਼ੇ ਸਿਖਿਆਰਥੀ ਆਪਣਾ ਰੋਜ਼ਗਾਰ ਕਰਨਾ ਚਾਹੁੰਦੇ ਹਨ ਉਨ੍ਹਾਂ ਦਾ ਸਿੱਧਾ ਤਾਲਮੇਲ ਬੈਂਕ ਅਧਿਕਾਰੀਆਂ ਨਾਲ ਕਰਵਾਕੇ ਇਨ੍ਹਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਕਪੂਰਥਲਾ ਵਲੋਂ ਕੀਤੇ ਹੁਕਮਾਂ ਅਨੁਸਾਰ ਸੁਲਤਾਨਪੁਰ ਲੋਧੀ ਦੇ ਸਕੂਲਾਂ ਨਾਲ ਵੀ ਤਾਲਮੇਲ ਕੀਤਾ ਗਿਆ ਅਤੇ ਟਰੇਂਡ ਸਿਖਿਆਰਥੀਆਂ ਨੂੰ ਗਰੂਪ ਬਣਾ ਕੇ ਬੱਚਿਆਂ ਦੀਆਂ ਵਰਦੀਆਂ ਤਿਆਰ ਕਰਨ ਲਈ ਤਾਲਮੇਲ ਕਰਵਾਇਆ ਗਿਆ। ਇਸ ਮੌਕੇ ਸਕੀਮ ਅਧੀਨ ਸਵੈ-ਰੁਜ਼ਗਾਰ ਕਰ ਰਹੀ ਸਿੱਖਿਆਰਥੀ ਨਵਨੀਤ ਕੌਰ ਨਿਵਾਸੀ ਪਿੰਡ ਟਿੱਬਾ, ਸੁਲਤਾਨਪੁਰ ਲੋਧੀ ਨੂੰ ਡਿਪਟੀ ਕਮਿਸ਼ਨਰ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੀਲਮ ਮਹੇ ਜ਼ਿਲਾ ਰੋਜ਼ਗਾਰ ਜਨਰੇਸ਼ਨ ਤੇ ਟਰੇਨਿੰਗ ਅਫਸਰ, ਲਖਬੀਰ ਸਿੰਘ ਪ੍ਰਿੰਸੀਪਲ ਸ. ਸ. ਸ. ਸਕੂਲ ਟਿੱਬਾ, ਦਵਿੰਦਰ ਸਿੰਘ, ਰਾਜੇਸ਼ ਬਾਹਰੀ, ਰਜਨੀਸ਼ ਕੁਮਾਰ ਆਦਿ ਹਾਜ਼ਰ ਸਨ।