ਮਾਮਲਾ ਆਈਲੈਟਸ ਕਰ ਰਹੀ ਲਡ਼ਕੀ ਨੂੰ ਅਗਵਾ ਕਰ ਕੇ ਕਤਲ ਕਰਨ ਦਾ
Saturday, Mar 23, 2019 - 04:27 AM (IST)

ਕਪੂਰਥਲਾ (ਸੋਢੀ, ਜੋਸ਼ੀ)-ਤਕਰੀਬਨ 20 ਦਿਨ ਪਹਿਲਾਂ ਇਥੋਂ ਦੇ ਪਿੰਡ ਸੁਲਤਾਨਪੁਰ ਰੂਰਲ ਦੀ ਆਈਲੈਟਸ ਕਰਦੀ ਲਡ਼ਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰ ਕੇ ਕਤਲ ਕਰ ਦੇਣ ਦੇ ਮਾਮਲੇ ’ਚ ਨਾਮਜ਼ਦ ਕੀਤੇ ਗਏ ਮੁੱਖ ਮੁਲਜ਼ਮ ਫੁੱਮਣ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਪੁਲਸ ਮੁਤਾਬਕ ਫੁੱਮਣ ਸਿੰਘ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੂਜੇ ਦਿਨ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀ। ਇਸ ਪਿੱਛੋਂ ਉਸ ਨੂੰ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਕਤਲ ਤੇ ਅਗਵਾ ਦੇ ਇਸ ਮਾਮਲੇ ਵਿਚ ਪੁਲਸ ਨੇ ਜਾਂਚ ਤੋਂ ਬਾਅਦ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਲਡ਼ਕੀ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਬੋਰੇ ’ਚ ਪਾ ਕੇ ਥਾਣਾ ਬਿਲਗਾ ਦੇ ਪਿੰਡ ਉਮਰਪੁਰ ਦੇ ਇਕ ਖਾਲੀ ਖੂਹ ’ਚ ਸੁੱਟ ਕੇ ਖੁਰਦ-ਬੁਰਦ ਕੀਤਾ ਗਿਆ ਸੀ। ਇਸ ਸਬੰਧੀ ਬਾਰੀਕੀ ਨਾਲ ਜਾਂਚ-ਪਡ਼ਤਾਲ ਕਰਨ ਉਪਰੰਤ ਥਾਣਾ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ 2 ਮਾਰਚ ਦੀ ਰਾਤ ਨੂੰ ਮੁੱਖ ਮੁਲਜ਼ਮ ਫੁੱਮਣ ਸਿੰਘ ਨੇ ਆਪਣੇ 2 ਦੋਸਤਾਂ ਰੋਬਿਨਪ੍ਰੀਤ ਸਿੰਘ ਪੁੱਤਰ ਬਾਜ ਸਿੰਘ ਨਿਵਾਸੀ ਪਿੰਡ ਚੁਲੱਧਾ ਤੇ ਗਗਨਦੀਪ ਸਿੰਘ ਪੁੱਤਰ ਮਲਕੀਤ ਸਿੰਘ ਨਿਵਾਸੀ ਬਾਬਾ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ ਨੂੰ ਨਾਲ ਲੈ ਕੇ ਕਿਸੇ ਹੋਰ ਦੋਸਤ ਦੀ ਗੱਡੀ ’ਚ ਉਕਤ ਲਡ਼ਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਅਗਵਾ ਕਰ ਲਿਆ ਤੇ ਨਾਨਕੇ ਪਿੰਡ ਲੈ ਗਏ, ਜਿਥੇ ਕਥਿਤ ਤੌਰ ’ਤੇ ਤਿੰਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਲਡ਼ਕੀ ਦਾ ਕਤਲ ਕਰ ਦਿੱਤਾ ਤੇ ਆਪਣਾ ਜੁਰਮ ਛੁਪਾਉਣ ਲਈ ਉਨ੍ਹਾਂ ਲਾਸ਼ ਨੂੰ ਇਕ ਬੋਰੇ ਵਿਚ ਪਾ ਕੇ ਪਿੰਡ ਉਮਰਪੁਰ ਦੇ ਨੇਡ਼ਲੇ ਖੂਹ ਵਿਚ ਸੁੱਟ ਦਿੱਤਾ ਤੇ ਲਾਸ਼ ਵਾਲੀ ਬੋਰੀ ਉੱਪਰ ਦਰੱਖਤਾਂ ਦੇ ਪੱਤੇ ਆਦਿ ਸੁੱਟ ਕੇ ਢੱਕ ਦਿੱਤਾ ਸੀ।